ਸਰੀ, 2 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਗ਼ਜ਼ਲ ਮੰਚ ਸਰੀ ਵੱਲੋਂ ਬੀਤੀ ਸ਼ਾਮ ਪੰਜਾਬ ਤੋਂ ਆਈ ਪ੍ਰਸਿੱਧ ਕਵਿੱਤਰੀ ਸਿਮਰਨ ਅਕਸ, ਬਰੈਂਪਟਨ (ਕਨੇਡਾ) ਤੋਂ ਆਏ ਉੱਘੇ ਸ਼ਾਇਰ ਕੁਲਵਿੰਦਰ ਖਹਿਰਾ ਅਤੇ ਕੈਲਗਰੀ (ਕਨੇਡਾ) ਤੋਂ ਆਈ ਉਰਦੂ ਦੀ ਸ਼ਾਇਰਾ ਸਾਇਮਾ ਫ਼ਰਿਆ ਨਾਲ ਵਿਸ਼ੇਸ਼ ਮਹਿਫ਼ਿਲ ਰਚਾਈ ਗਈ।
ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਮਹਿਫ਼ਿਲ ਦਾ ਆਗ਼ਾਜ਼ ਕਰਦਿਆਂ ਤਿੰਨਾਂ ਮਹਿਮਾਨ ਸ਼ਾਇਰਾਂ ਨੂੰ ਜੀ ਆਇਆਂ ਕਿਹਾ ਅਤੇ ਗ਼ਜ਼ਲ ਮੰਚ ਸਰੀ ਦੀਆਂ ਸਾਹਿਤਕ ਸਰਗਰਮੀਆਂ ਉੱਪਰ ਸੰਖੇਪ ਝਾਤ ਪੁਆਈ। ਰਾਜਵੰਤ ਰਾਜ ਨੇ ਗ਼ਜ਼ਲ ਮੰਚ ਦੇ ਸ਼ਾਇਰਾਂ ਸਰਵ ਸ੍ਰੀ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਹਰਦਮ ਮਾਨ ਤੇ ਦਸ਼ਮੇਸ਼ ਗਿੱਲ ਫ਼ਿਰੋਜ਼ ਤੋਂ ਇਲਾਵਾ ਮਹਿਫ਼ਿਲ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ‘ਦੇਸ ਪ੍ਰਦੇਸ ਟਾਈਮਜ਼’ ਦੇ ਸੰਪਾਦਕ ਅਤੇ ਸ਼ਾਇਰ ਸੁਖਵਿੰਦਰ ਸਿੰਘ ਚੋਹਲਾ, ਪ੍ਰਸਿੱਧ ਵਿਦਵਾਨ ਡਾ. ਗੋਪਾਲ ਬੁੱਟਰ, ਸਾਹਿਤਕਾਰਾਂ ਦੇ ਕਦਰਦਾਨ ਭੁਪਿੰਦਰ ਮੱਲ੍ਹੀ, ਡਾ. ਸ਼ਬਨਮ ਮੱਲ੍ਹੀ ਤੇ ਹਰਬਿੰਦਰ ਰੂਬੀ ਨਾਲ ਜਾਣ ਪਛਾਣ ਕਰਵਾਈ।
ਮਹਿਮਾਨ ਸ਼ਾਇਰਾ ਸਿਮਰਨ ਅਕਸ ਨੇ ਆਪਣੇ ਬਾਰੇ ਦਸਦਿਆਂ ਕਿਹਾ ਕਿ ਉਹ ਰਾਮਪੁਰਾ ਫੂਲ ਵਿਖੇ ਕਾਲਜ ਵਿਚ ‘ਜਰਨਲਿਜ਼ਮ’ ਦੀ ਪ੍ਰੋਫੈਸਰ ਹੈ। ਉਨ੍ਹਾਂ ਆਪਣੀ ਕਾਵਿ-ਕਲਾ ਬਾਰੇ ਗੱਲਬਾਤ ਕੀਤੀ ਅਤੇ ਆਪਣੀਆਂ ਕੁਝ ਗ਼ਜ਼ਲਾਂ ਦੇ ਸ਼ਿਅਰ ਵੀ ਪੇਸ਼ ਕੀਤੇ। ਉਸ ਦਾ ਇਕ ਸ਼ਿਅਰ ਸੀ-
‘ਕਿਸੇ ਲਈ ਚੁੱਪ ਮਸਲਾ ਹੈ, ਕਿਸੇ ਲਈ ਸ਼ੋਰ ਮਸਲਾ ਹੈ
ਮੈਨੂੰ ਦੋਵੇਂ ਹੀ ਚੁਭਦੇ ਨੇ ਮੇਰਾ ਕੁਝ ਹੋਰ ਮਸਲਾ ਹੈ’
ਕੈਲਗਰੀ ਤੋਂ ਪਹੁੰਚੀ ਉਰਦੂ ਦੀ ਸ਼ਾਇਰਾ ਸਾਇਮਾ ਫ਼ਰਿਆ ਨੇ ਵੀ ਆਪਣੀ ਸੰਖੇਪ ਜਾਣ ਪਛਾਣ ਤੋਂ ਬਾਅਦ ਆਪਣਾ ਕਲਾਮ ਸਾਂਝਾ ਕੀਤਾ। ਉਨ੍ਹਾਂ ਦੀ ਗੀਤ ਸੀ-
‘ਏਕ ਸਮੰਦਰ ਬੇਕਲ ਹੋ ਤੋ ਸਾਹਿਲ ਕੋ ਪੀ ਜਾਤਾ ਹੈ
ਢੇਰ ਸਮੰਦਰ ਬਿਖਰੇ ਹੋਂ ਤੋ ਸਭ ਕੁਛ ਹੀ ਮਿਟ ਜਾਤਾ ਹੈ
ਏਕ ਜ਼ਖ਼ੀਰਾ ਅਪਨੇ ਅੰਦਰ ਮੈਂ ਵੀ ਸ਼ਾਇਦ ਪਾਊਂਗੀ
ਆਨੇ ਵਾਲੇ ਕੱਲ ਮੇ ਸ਼ਾਇਦ ਮੈਂ ਪਾਗਲ ਹੋ ਜਾਊਂਗੀ’
ਬਰੈਂਪਟਨ ਤੋਂ ਆਏ ਪ੍ਰਸਿੱਧ ਸ਼ਾਇਰ ਕੁਲਵਿੰਦਰ ਖਹਿਰਾ ਨੇ ਵੀ ਆਪਣੇ ਲਿਖਣ ਕਾਰਜ ਬਾਰੇ ਗੱਲ ਕੀਤੀ ਅਤੇ ਆਪਣੀਆਂ ਕੁਝ ਗ਼ਜ਼ਲਾਂ ਅਤੇ ਦੋਹਿਆਂ ਨਾਲ ਮਹਿਫ਼ਿਲ ਨੂੰ ਸ਼ਿੰਗਾਰਿਆ। ਉਸ ਦੇ ਦੋਹਿਆਂ ਦਾ ਇਕ ਰੰਗ ਸੀ-
‘ਲੁੱਟਣ ਲੋੜਾਂ ਸਾਡੀਆਂ ਆਇਆ ਏਦਾਂ ਕੌਣ
ਸਾਡੇ ਪੱਲੇ ਰਹਿ ਗਏ ਨਾ ਪਾਣੀ ਨਾ ਪੌਣ’
ਮਹਿਮਾਨ ਸ਼ਾਇਰਾਂ ਦੀ ਪੇਸ਼ਕਾਰੀ ਨੂੰ ਸਭ ਨੇ ਬੇਹੱਦ ਮਾਣਿਆ। ਗ਼ਜ਼ਲ ਮੰਚ ਦੇ ਸਾਰੇ ਸ਼ਾਇਰਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਚੋਹਲਾ ਅਤੇ ਡਾ. ਗੋਪਾਲ ਬੁੱਟਰ ਵੀ ਆਪਣੀਆਂ ਭਾਵਪੂਰਤ ਕਾਵਿ ਰਚਨਾਵਾਂ ਸੁਣਾਈਆਂ। ਅੰਤ ਵਿਚ ਗ਼ਜ਼ਲ ਮੰਚ ਵੱਲੋਂ ਸਿਮਰਨ ਅਕਸ, ਸਾਇਮਾ ਫ਼ਰਿਆ ਅਤੇ ਕੁਲਵਿੰਦਰ ਖਹਿਰਾ ਦਾ ਸਨਮਾਨ ਕੀਤਾ ਗਿਆ। ਮਹਿਮਾਨ ਸ਼ਾਇਰਾਂ ਨੇ ਮਾਣ ਸਨਮਾਨ ਦੇਣ ਲਈ ਗ਼ਜ਼ਲ ਮੰਚ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ।