ਪੌਦਿਆਂ ਨੂੰ ਲਾਉਣ ਲਈ ਸ਼ਨਾਖਤ ਕੀਤੀਆਂ ਥਾਵਾਂ ’ਤੇ ਤੁਰਤ ਟੋਏ ਪੁੱਟੇ ਜਾਣ ਦੀ ਹਦਾਇਤ
ਕੋਟਕਪੂਰਾ, 4 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਾਤਾਵਰਨ ਦੀ ਸੰਭਾਲ ਲਈ ਹਰੇਕ ਅਧਿਕਾਰੀ/ਵਿਭਾਗ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਜਿੰਮੇਵਾਰੀ ਦੇ ਨਾਲ-ਨਾਲ ਇਨਸਾਨੀਅਤ ਦੇ ਨਾਂਅ ’ਤੇ ਵੱਧ ਤੋਂ ਵੱਧ ਪੌਦੇ ਲਾਏ ਤਾਂ ਜੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਅਤੇ ਰਹਿਣ ਯੋਗ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਮਾਨਸੂਨ ਸੀਜ਼ਨ ਦੋਰਾਨ ਪੌਦੇ ਲਾਉਣ ਦੇ ਕੰਮ ਨੂੰ ਲੈ ਕੇ ਮੀਟਿੰਗ ਮੌਕੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੰਬੋਧਨ ਹੁੰਦਿਆਂ ਕੀਤਾ। ਇਸ ਮੌਕੇ ਮੈਡਮ ਪੂਨਮਦੀਪ ਨੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸ਼ਨਾਖਤ ਕੀਤੀਆਂ ਗਈਆਂ ਥਾਵਾਂ ਤੇ ਅੱਜ ਤੋਂ ਹੀ ਟੋਏ ਪੁੱਟਣ ਦੀ ਸ਼ੁਰੂਆਤ ਕਰ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਪੌਦੇ ਲਾਏ ਜਾ ਸਕਣ। ਉਨ੍ਹਾਂ ਕਿਹਾ ਕਿ ਵੱਧ ਰਹੇ ਤਾਪਮਾਨ ਵਾਲੇ ਸਥਾਨਾਂ ਦੀ ਚੋਣ ਕਰਕੇ ਵੱਧ ਤੋਂ ਵੱਧ ਬੂਟੇ ਉਥੇ ਲਾਏ ਜਾਣ ਤਾਂ ਜੋ ਇਨ੍ਹਾਂ ਬੂਟਿਆਂ ਨਾਲ ਵਾਤਾਵਰਨ ਸਾਫ਼-ਸੁਥਰਾ ਰਹੇਗਾ ਤੇ ਭਵਿੱਖ ਵਿੱਚ ਗਰਮੀ ਤੋਂ ਰਾਹਤ ਮਿਲ ਸਕੇ। ਉਨਾਂ ਦੱਸਿਆ ਕਿ ਇਹ ਕੰਮ ਕੇਵਲ ਪੌਦੇ ਲਾਉਣ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਬਲਕਿ ਇਨ੍ਹਾਂ ਦੀ ਦੇਖਭਾਲ ਕਰਨਾ ਵੀ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਅਸੀਂ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਆਈਏ ਤਾਂ ਜੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਵੱਛ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਰਿਮੋਟ ਸੈਸਰਿੰਗ ਸੈਟਰ ਤੋ ਪ੍ਰਾਪਤ ਨਕਸ਼ੇ ਦੇ ਅੰਕੜਿਆ ਅਨੁਸਾਰ ਜ਼ਿਲ੍ਹੇ ਵਿਚ ਹਰਾ-ਭਰਾ ਖੇਤਰ ਕਾਫੀ ਘੱਟ ਗਿਆ ਹੈ, ਜਿਸ ਨਾਲ ਧਰਤੀ ਦੇ ਤਾਪਮਾਨ ਵਿਚ ਵੀ ਵਾਧਾ ਹੋ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਫਰੀਦਕੋਟ ਜਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਵੱਖ-ਵੱਖ ਥਾਵਾਂ ਵਾਸਤੇ ਪੌਦੇ ਜੰਗਲਾਤ ਵਿਭਾਗ ਵਲੋ ਮੁਹੱਈਆ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਇਨ੍ਹਾਂ ਬੂਟਿਆਂ ਨਾਲ ਵਾਤਾਵਰਨ ਸਾਫ਼-ਸੁਥਰਾ ਰਹੇਗਾ, ਭਵਿੱਖ ਵਿੱਚ ਗਰਮੀ ਤੋਂ ਰਾਹਤ ਮਿਲੇਗੀ, ਜੋ ਕਿ ਜੀਵਨ ਲਈ ਲਾਹੇਵੰਦ ਹੋਵੇਗੀ। ਮੀਟਿੰਗ ਦੌਰਾਨ ਜ਼ਿਲ੍ਹਾ ਜੰਗਲਾਤ ਅਫਸਰ ਸਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੌਦਾ ਲਾਉਣ ਤੋਂ ਪਹਿਲਾਂ ਟੋਏ ਪੁੱਟਣ ਦਾ ਕੰਮ ਤੁਰਤ ਮੁਕੰਮਲ ਕੀਤਾ ਜਾਵੇ ਤਾਂ ਜੋ ਮਿੱਟੀ ਨੂੰ ਭਰਪੂਰ ਮਾਤਰਾ ਵਿੱਚ ਹਵਾ ਲਗ ਸਕੇ ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਉਸ ਵਿੱਚ ਰੂੜੀ ਖਾਦ ਜ਼ਰੂਰ ਮਿਲਾਈ ਜਾਵੇ ਅਤੇ ਇਸ ਉਪਰੰਤ ਹੀ ਪੌਦਾ ਲਾਇਆ ਜਾਵੇ। ਉਨਾਂ ਕਿਹਾ ਕਿ ਇਸ ਤਰ੍ਹਾਂ ਪੌਦਾ ਲਾਉਣ ’ਤੇ ਪੌਦੇ ਦੀ ਵੱਧਣ ਦੀ ਆਸ 85 ਫੀਸਦੀ ਤੋਂ ਜਿਆਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਨਰਸਰੀ, ਬਾਬਾ ਫਰੀਦ ਨਰਸਰੀ, ਢਿਲਵਾਂ ਨਰਸਰੀ, ਘੁਗਿਆਣਾ ਨਰਸਰੀ ਵੱਲੋਂ ਵਿਭਾਗਾਂ ਨੂੰ ਫਰੀ ਬੂਟੇ ਮੁਹੱਈਆ ਕਰਵਾਏ ਜਾਣਗੇ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਰਭਿੰਦਰ ਸਿੰਘ ਗਰੇਵਾਲ, ਚਮਕੌਰ ਸਿੰਘ ਫੌਰੈਸਟ ਰੇਂਜ ਅਫ਼ਸਰ, ਡੀ.ਆਰ.ਓ ਲਵਪ੍ਰੀਤ ਕੌਰ, ਜਿਲ੍ਹਾ ਸਿੱਖਿਆ ਅਫ਼ਸਰ ਮੈਡਮ ਨੀਲਮ ਰਾਣੀ, ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਵੰਤ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਵਨ ਕੁਮਾਰ, ਡੀ.ਸੀ.ਪੀ.ਓ ਅਮਨਦੀਪ ਸਿੰਘ ਸੋਢੀ, ਬੀ.ਡੀ.ਪੀ.ਓ. ਨੱਥਾ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।