ਕੋਟਕਪੂਰਾ, 4 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੋਡਲ ਅਫ਼ਸਰ ਆਮ ਆਦਮੀ ਕਲੀਨਿਕਜ਼ ਡਾ. ਸਰਵਦੀਪ ਸਿੰਘ ਰੋਮਾਣਾ ਵੱਲੋਂ ਗੋਲੇਵਾਲਾ ਦੇ ਆਮ ਆਦਮੀ ਕਲੀਨਿਕ ਦਾ ਅਚਨਚੇਤ ਦੌਰਾ ਕੀਤਾ ਗਿਆ। ਚੈਕਿੰਗ ਦੌਰਾਨ ਡਿਊਟੀ ’ਤੇ ਤਾਇਨਾਤ ਸਮੂਹ ਸਟਾਫ ਦੀ ਹਾਜ਼ਰੀ ਚੈੱਕ ਕੀਤੀ ਗਈ ਅਤੇ ਸਭ ਨੂੰ ਸਮੇਂ ਦੇ ਪਾਬੰਦ ਹੋਣ ਦੀ ਹਦਾਇਤ ਕੀਤੀ ਗਈ। ਉਹਨਾਂ ਵੱਲੋਂ ਰੋਜ਼ਾਨਾ ਕੀਤੀ ਜਾ ਰਹੀ ਓ.ਪੀ.ਡੀ, ਮਰੀਜ਼ਾਂ ਦਾ ਰਿਕਾਰਡ, ਦਵਾਈਆਂ ਦਾ ਸਟਾਕ ਤੇ ਸਫਾਈ ਦਾ ਵਿਸ਼ੇਸ਼ ਤੌਰ ’ਤੇ ਜਾਇਜ਼ਾ ਲਿਆ ਗਿਆ। ਉਨ੍ਹਾਂ ਸਟਾਫ ਨੂੰ ਕੰਮਕਾਜ ਤੇ ਮਰੀਜ਼ਾਂ ਦਾ ਰਿਕਾਰਡ ਸਹੀ ਢੰਗ ਨਾਲ ਮੇਨਟੇਨ ਰੱੱਖਣ ਲਈ ਕਿਹਾ ਅਤੇ ਮਰੀਜ਼ਾਂ ਲਈ ਜ਼ਰੂਰੀ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਆਖਿਆ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਤੇ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਹਰ ਬਣਦੀ ਸਹੂਲਤ ਦਿੱਤੀ ਜਾ ਸਕੇ। ਉਨ੍ਹਾਂ ਇਲਾਜ ਕਰਵਾ ਚੁੱਕੇ ਮਰੀਜ਼ਾਂ ਦਾ ਹਾਲ-ਚਾਲ ਪੁੱਛਣ, ਜਾਰੀ ਕੀਤੀਆਂ ਦਵਾਈਆਂ ਤੇ ਪ੍ਰਾਪਤ ਕੀਤੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਕਈ ਲਾਭਪਾਤਰੀਆਂ ਨੂੰ ਫੋਨ ਵੀ ਕੀਤੇ। ਉਹਨਾਂ ਸਟਾਫ ਨੂੰ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਲਈ ਨਿਯਮਾਂ ਦਾ ਪਾਲਣ ਕਰਨ ਦੀ ਹਦਾਇਤ ਕੀਤੀ। ਉਨਾਂ ਸਟਾਫ਼ ਨੂੰ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ, ਮਰੀਜ਼ਾਂ ਪ੍ਰਤੀ ਪਿਆਰ ਵਾਲਾ ਰਵੱਈਆ ਅਪਣਾਉਣ ਲਈ ਕਿਹਾ। ਉਹਨਾਂ ਕਲੀਨਿਕ ਦੀ ਸਾਫ-ਸਫਾਈ ਅਤੇ ਮੁਹੱਈਆ ਸਹੂਲਤਾਂ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨਾਂ ਸਟਾਫ ਨੂੰ ਸਾਰੇ ਮਰੀਜਾਂ ਨੂੰ ਬਿਮਾਰੀ, ਦਵਾਈਆਂ ਅਤੇ ਲੋੜੀਂਦੇ ਲੈਬ ਟੈਸਟ ਆਦਿ ਬਾਰੇ ਜਾਣਕਾਰੀ ਸਰਕਾਰੀ ਪਰਚੀ ਤੇ ਦੇਣ ਦੀ ਹਦਾਇਤ ਕੀਤੀ। ਇਸ ਮੌਕੇ ਮੌਜੂਦ ਮੈਡੀਕਲ ਅਫਸਰ ਡਾ. ਮੋਹਿਤ ਰਾਏ, ਫਾਰਮੇਸੀ ਅਫਸਰ ਏਕਸ਼ਰਨਦੀਪ ਸਿੰਘ ਅਤੇ ਕਲੀਨੀਕਲ ਸਹਾਇਕ ਸੰਦੀਪ ਕੌਰ ਨੇ ਦੱਸਿਆ ਕਿ ਰੋਜਾਨਾਂ 80 ਦੇ ਕਰੀਬ ਮਰੀਜ ਆਮ ਆਦਮੀ ਕਲੀਨਿਕ ਇਲਾਜ ਲਈ ਆਉਂਦੇ ਹਨ ਅਤੇ ਮਰੀਜਾਂ ਦੇ ਬੈਠਣ ਅਤੇ ਪੀਣ ਵਾਲੇ ਪਾਣੀ ਆਦਿ ਦਾ ਮੁਕੰਮਲ ਪ੍ਰਬੰਧ ਕੀਤਾ ਗਿਆ ਹੈ। ਮੌਕੇ ਮੌਜੂਦ ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਸੁਧੀਰ ਧੀਰ, ਲਖਵਿੰਦਰ ਸਿੰਘ ਕੈਂਥ ਅਤੇ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਆਈ.ਈ.ਸੀ. ਗਤੀਵਿਧੀਆਂ ਦੇ ਆਯੋਜਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਵੱਧ ਤੋਂ ਵੱਧ ਲੋਕਾਂ ਦੀਆਂ ਆਭਾ ਆਈ.ਡੀ. ਬਣਾਉਣ ਲਈ ਪ੍ਰੇਰਿਤ ਕੀਤਾ।