ਕੋਟਕਪੂਰਾ, 5 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫ਼ਰੀਦਕੋਟ ਦੀ ਜ਼ਿਲ੍ਹਾ ਪੁਲਿਸ ਨੇ ਮਹਿਲਾ ਸੈੱਲ ਵਿੱਚ ਤਾਇਨਾਤ (ਔਰਤਾਂ ਵਿਰੁੱਧ ਅਪਰਾਧ) ਡੀ.ਐੱਸ.ਪੀ. ਰਾਜਨ ਪਾਲ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਵਿਆਹੁਤਾ ਝਗੜੇ ਦੀ ਸ਼ਿਕਾਇਤ ਵਿੱਚ ਪੀੜਤ ਪਰਿਵਾਰ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲੈਣ ਅਤੇ ਆਪਣੀ ਸ਼ਿਕਾਇਤ ਕਰਨ ਤੋਂ ਬਾਅਦ ਐਸ.ਐਸ.ਪੀ. ਦੇ ਰੀਡਰ ਨੂੰ 1 ਲੱਖ ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਐਸ.ਪੀ. ਰਾਜਨ ਪਾਲ ਫਰੀਦਕੋਟ ਦੇ ਪਿੰਡ ਪੱਕਾ ਦੀ ਇੱਕ ਵਿਆਹੁਤਾ ਔਰਤ ਕਿਰਨਜੀਤ ਕੌਰ ਵਲੋਂ ਦਾਇਰ ਕੀਤੀ ਗਈ ਸ਼ਿਕਾਇਤ ਦੀ ਜਾਂਚ ਕਰ ਰਹੇ ਸਨ, ਜਿਸ ਵਿੱਚ ਡੀਐਸਪੀ ਨੇ ਪੀੜਤ ਪਰਿਵਾਰ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲਈ ਸੀ ਅਤੇ ਉਨ੍ਹਾਂ ਦਾ ਕੇਸ ਵੀ ਹੱਲ ਨਹੀਂ ਕਰਵਾਇਆ ਸੀ। ਇਸ ਤੋਂ ਬਾਅਦ ਵਿਆਹੁਤਾ ਔਰਤ ਦੇ ਭਰਾ ਕਰਮਤੇਜ ਸਿੰਘ ਨੇ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਡੀ.ਐਸ.ਪੀ. ਰਾਜਨ ਪਾਲ ਵਿਰੁੱਧ 1 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੀ ਸ਼ਿਕਾਇਤ ਐਸਐਸਪੀ ਕੋਲ ਦਰਜ ਕਰਵਾਈ। ਆਪਣੇ ਖਿਲਾਫ ਇਸ ਸ਼ਿਕਾਇਤ ਦਾ ਪਤਾ ਲੱਗਣ ’ਤੇ ਡੀ.ਐੱਸ.ਪੀ. ਰਾਜਨ ਪਾਲ ਨੇ ਐਸਐਸਪੀ ਡਾ. ਪ੍ਰਗਿਆ ਜੈਨ ਦੇ ਰੀਡਰ ਏ.ਐਸ.ਆਈ. ਜਸਵਿੰਦਰ ਸਿੰਘ ਨਾਲ ਸੰਪਰਕ ਕੀਤਾ ਅਤੇ ਉਸ ਖਿਲਾਫ ਸ਼ਿਕਾਇਤ ਨੂੰ ਦੱਬਣ ਲਈ ਉਸ ਨੂੰ 1 ਲੱਖ ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ, ਤੁਰਤ ਡਾ. ਪਰਗਿਆ ਜੈਨ ਐੱਸ.ਐੱਸ.ਪੀ. ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਨਿਰਦੇਸ਼ਾਂ ਤੋਂ ਬਾਅਦ ਰਾਜਨ ਪਾਲ ਵਿਰੁੱਧ ਸਿਟੀ ਥਾਣੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।