ਪੰਜਾਬ ਸਰਕਾਰ ਵੱਲੋਂ ਗਰੀਬਾਂ ਦੇ ਕਰਜ਼ੇ ਮਾਫ ਕਰਨਾ ਇੱਕ ਇਤਿਹਾਸਕ ਕਦਮ : ਸੇਖੋਂ
ਕੋਟਕਪੂਰਾ, 5 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੁਆਰਾ ਸਮਾਜ ਦੇ ਪਿਛੜੇ ਅਤੇ ਗਰੀਬ ਵਰਗ ਨੂੰ ਆਰਥਿਕ ਤਾਕਤ ਦੇਣ ਲਈ ਠੋਸ ਅਤੇ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਹੀ ਕੋਸ਼ਿਸ਼ਾਂ ਦੀ ਇੱਕ ਮਹੱਤਵਪੂਰਨ ਕੜੀ ਤਹਿਤ ਅੱਜ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਹਲਕਾ ਫ਼ਰੀਦਕੋਟ ਦੇ 30 ਲਾਭਪਾਤਰੀਆਂ ਨੂੰ ਕਰਜ਼ਾ ਮਾਫੀ ਦੇ ਸਰਟੀਫਿਕੇਟ ਸੌਂਪੇ ਗਏ, ਜਿੰਨ੍ਹਾਂ ਦੇ ਕਰਜ਼ਿਆਂ ਦੀ ਕੁੱਲ ਰਕਮ 41.48 ਲੱਖ ਰੁਪਏ ਬਣਦੀ ਹੈ। ਇਸ ਮੌਕੇ ਵਿਧਾਇਕ ਸੇਖੋਂ ਨੇ ਕਿਹਾ ਕਿ ਇਹ ਮਾਫੀ ਨਾ ਸਿਰਫ਼ ਆਰਥਿਕ ਬੋਝ ਹਟਾਉਂਦੀ ਹੈ, ਸਗੋਂ ਲਾਭਪਾਤਰੀਆਂ ਨੂੰ ਇੱਕ ਨਵੀਂ ਸ਼ੁਰੂਆਤ ਕਰਨ ਲਈ ਹੌਂਸਲਾ ਵੀ ਦਿੰਦੀ ਹੈ। ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਸੂਬੇ ਦਾ ਕੋਈ ਵੀ ਨਾਗਰਿਕ ਆਰਥਿਕ ਮੁਸ਼ਕਲਾਂ ਦੀ ਵਜਾ ਨਾਲ ਪਿੱਛੇ ਨਾ ਰਹਿ ਜਾਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਲਾਗੂ ਕੀਤੀ ਗਈ ਕਰਜ਼ਾ ਮਾਫੀ ਸਕੀਮ ਪੰਜਾਬ ਸਰਕਾਰ ਦੀ ਸੰਵੇਦਨਸ਼ੀਲਤਾ ਅਤੇ ਆਮ ਆਦਮੀ ਲਈ ਕੰਮ ਕਰਨ ਦੀ ਨਿਸ਼ਾਨੀ ਹੈ। ਵਿਧਾਇਕ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਧੀਆ ਲੋਕ-ਭਲਾਈ ਦੀਆਂ ਸਕੀਮਾਂ ਲਾਗੂ ਕੀਤੀਆਂ ਜਾਣਗੀਆਂ ਤਾਂ ਜੋ ਰਾਜ ਨੂੰ ਤਰੱਕੀ ਤੇ ਵਿਕਾਸ ਵਿੱਚ ਹੋਰ ਅੱਗੇ ਵਧਾਇਆ ਜਾ ਸਕੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ, ਅਮਰਜੀਤ ਸਿੰਘ ਪਰਮਾਰ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।