ਕੋਟਕਪੂਰਾ, 8 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵੱਲੋਂ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੀ ਕਰਜ਼ਾ ਮਾਫੀ ਸਕੀਮ ਅਧੀਨ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦੇ ਭਰਾ ਬੀਰਇੰਦਰ ਸਿੰਘ ਸੰਧਵਾਂ ਵੱਲੋਂ ਹਲਕੇ ਨਾਲ ਸਬੰਧਤ 29 ਲਾਭਪਾਤਰੀਆਂ ਦੇ ਲਗਭਗ 29,98,406/- ਰੁਪਏ ਦੇ ਕਰਜ਼ਾ ਮਾਫੀ ਸਰਟੀਫਿਕੇਟ ਵੰਡੇ ਗਏ। ਬੀਰਇੰਦਰ ਸਿੰਘ ਸੰਧਵਾਂ ਨੇ ਕਰਜ਼ਾ ਮਾਫੀ ਸਰਟੀਫਿਕੇਟ ਵੰਡ ਸਮਾਰੋਹ ਦੌਰਾਨ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਉਪਰਾਲੇ ਨਾਲ ਗਰੀਬ ਵਰਗ ਨੂੰ ਆਰਥਿਕ ਤੌਰ ’ਤੇ ਬਹੁਤ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਸੂਬੇ ਦਾ ਕੋਈ ਵੀ ਨਾਗਰਿਕ ਆਰਥਿਕ ਮੁਸ਼ਕਿਲਾਂ ਦੀ ਵਜਾ ਨਾਲ ਪਿੱਛੇ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਆਰਥਿਕ ਤੌਰ ’ਤੇ ਮਜਬੂਤ ਕਰਨ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।