ਫ਼ਰੀਦਕੋਟ 8 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਮਿਤੀ 6 ਜੁਲਾਈ 2025 ਦਿਨ ਐਤਵਾਰ ਨੂੰ ਕਰਨਲ ਬਲਬੀਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨ ਭਵਨ ਫ਼ਰੀਦਕੋਟ ਨਜ਼ਦੀਕ ਹੁੱਕੀ ਚੌਂਕ ਵਿਖੇ ਹੋਈ। ਜਿਸ ਵਿੱਚ ਤਕਰੀਬਨ ਦੋ ਦਰਜਨ ਲੇਖਕਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ , ਪ੍ਰੋ. ਪਾਲ ਸਿੰਘ ਪਾਲ, ਇਕਬਾਲ ਘਾਰੂ, ਦਰਸ਼ਨ ਸਿੰਘ ਰੋਮਾਣਾ, ਸੁਰਿੰਦਰਪਾਲ ਸ਼ਰਮਾ ਭਲੂਰ, ਪ੍ਰਿੰ. ਕ੍ਰਿਸ਼ਨ ਲਾਲ ਬਕੋਲੀਆ, ਪ੍ਰਿੰ. ਜੋਗਿੰਦਰ ਸਿੰਘ , ਬਲਵੰਤ ਰਾਏ ਗੱਖੜ , ਮੁਖਤਿਆਰ ਸਿੰਘ ਵੰਗੜ, ਸੁਖਚੈਨ ਸਿੰਘ ਥਾਂਦੇਵਾਲ, ਸੁਖਦੇਵ ਸਿੰਘ ਮਚਾਕੀ, ਸਾਧੂ ਸਿੰਘ ਚਮੇਲੀ, ਸਤਪਾਲ ਸਿੰਘ ਸੋਹਲ, ਇੰਦਰਜੀਤ ਸਿੰਘ ਖੀਵਾ, ਧਰਮ ਪ੍ਰਵਾਨਾ, ਹਰਸੰਗੀਤ ਸਿੰਘ ਗਿੱਲ, ਪਰਮਜੀਤ ਸਿੰਘ ਆਦਿ ਲੇਖਕ ਹਾਜ਼ਰ ਸਨ। ਸਭਾ ਨੇ ਸਭ ਤੋਂ ਪਹਿਲਾਂ ਕੁਝ ਸ਼ੋਕ ਮਤੇ ਪਾਏ ਜਿਨ੍ਹਾਂ ਵਿੱਚ ਪੰਜਾਬੀ ਸਾਹਿਤ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਅਤੇ ਪ੍ਰਸਿੱਧ ਕਵਿੱਤਰੀ ਭੁਪਿੰਦਰ ਕੌਰ ਪ੍ਰੀਤ ( ਮੁਕਤਸਰ) ਦੇ ਮਾਤਾ ਜੀ ਦੇ ਅਕਾਲ ਚਲਾਣੇ ਅਤੇ ਪ੍ਰਸਿੱਧ ਕਵੀ ਮਾਸਟਰ ਸੁੰਦਰਪਾਲ ਪ੍ਰੇਮੀ( ਜੈਤੋ) ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਜੰਮੂ ਕਸ਼ਮੀਰ ਦੇ ਪਹਿਲਗਾਮ ਦੀ ਧਰਤੀ ਤੇ ਹੋਈ ਦਰਦਨਾਕ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਸ਼ਬਦ ਦਾਨੀ ਅਤੇ ਪ੍ਰਸਿੱਧ ਕਵੀ ਮੁਖਤਿਆਰ ਸਿੰਘ ਵੰਗੜ ਨੂੰ ਰੋਜ਼ਾਨਾ ਅਜੀਤ ਵਿੱਚ ਉਨ੍ਹਾਂ ਦੇ ਕਲਮੀ ਸਫ਼ਰ ਬਾਰੇ ਪ੍ਰਕਾਸ਼ਿਤ ਹੋਏ ਆਰਟੀਕਲ ਦੀ ਵਧਾਈ ਦਿੱਤੀ ਗਈ ਜਿਸ ਨੂੰ ਪ੍ਰਸਿੱਧ ਪੱਤਰਕਾਰ ਜਸਵੰਤ ਪੁਰਬਾ ਜੀ ਦੁਆਰਾ ਲਗਾਇਆ ਗਿਆ ਹੈ। ਸਭਾ ਵੱਲੋਂ ਪ੍ਰਸਿੱਧ ਕਵੀ ਪ੍ਰੋ. ਪਾਲ ਸਿੰਘ ਪਾਲ ਦੇ ਸਿਹਤਯਾਬ ਹੋਣ ਖੁਸ਼ੀ ਪ੍ਰਗਟ ਕੀਤੀ ਗਈ। ਇਸ ਉਪਰੰਤ ਸਭਾ ਵੱਲੋਂ ਮਰਹੂਮ ਲੇਖਕ ਜੋਰਾ ਸਿੰਘ ਸੰਧੂ ( ਕਹਾਣੀਕਾਰ) ਕੋਟਕਪੂਰਾ ਦੇ ਨਵ ਪ੍ਰਕਾਸ਼ਿਤ ਨਾਵਲ “ ਡੁੱਲ੍ਹੇ ਹੋਏ ਬੇਰ” ਦੀ ਘੁੰਡ ਚੁਕਾਈ ਹੋਣ ਤੇ ਖੁਸ਼ੀ ਪ੍ਰਗਟ ਕੀਤੀ ਗਈ। ਸਭਾ ਨੂੰ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਵੱਲੋਂ ਦੱਸਿਆ ਗਿਆ ਕਿ ਇਸ ਨਾਵਲ ਛਪਣ ਦਾ ਸੇਹਰਾ ਮਰਹੂਮ ਜੋਰਾ ਸਿੰਘ ( ਕਹਾਣੀਕਾਰ) ਦੇ ਦੋਹਤੇ ਨਵਦੀਪ ਸਿੰਘ ਨੂੰ ਜਾਂਦਾ ਹੈ ਜੋ ਕਿ ਬਾਹਰਲੇ ਮੁਲਕ ਵਿੱਚ ਰਹਿ ਰਿਹਾ ਹੈ ਅਤੇ ਉਸ ਨੇ ਆਪਣੇ ਨਾਨਾ ਜੀ ਪੁਸਤਕ ਦਾ ਖਰੜਾ ਮੰਗਵਾ ਕੇ ਛਪਵਾਇਆ ਹੈ ਅਤੇ ਜੈਤੋ ਵਿਖੇ ਇੱਕ ਭਾਰੀ ਸਾਹਿਤਕ ਇਕੱਠ ਵਿੱਚ ਲੋਕ ਅਰਪਣ ਕਰਵਾਇਆ ਹੈ। ਅਖੀਰ ਵਿੱਚ ਸਾਰੇ ਲੇਖਕਾਂ ਨੇ ਆਪਣੀਆਂ ਪੇਸ਼ ਕੀਤੀਆਂ। ਇਸ ਉਪਰੰਤ ਇੰਨ੍ਹਾਂ ਰਚਨਾਵਾਂ ਤੇ ਵਿਚਾਰ ਚਰਚਾ ਵੀ ਕੀਤੀ ਗਈ।