ਚਾਰ ਕਰਮਚਾਰੀਆਂ ਵਿੱਚੋਂ ਤਿੰਨ ਗੈਰਹਾਜ਼ਰ ਪਾਏ ਗਏ, ਪਿੰਡ ਵਾਸੀ ਇਸ ਰੋਜ਼ਾਨਾ ਦੇ ਮਾਮਲੇ ’ਚ ਪ੍ਰੇਸ਼ਾਨ ਹੋ ਰਹੇ ਹਨ
ਗੋਂਦਾਰਾ ਨੇ ਕਿਹਾ! ਵਿਭਾਗੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਖੁਦ ਨੋਟਿਸ ਲੈ ਕੇ ਜਾਂਚ ਕਰਨੀ ਚਾਹੀਦੀ ਹੈ
ਕੋਟਕਪੂਰਾ, 11 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿੰਡ ਪੰਨੀਵਾਲਾ ਮਾਹਲਾ ਦੀ ਸਰਕਾਰੀ ਡਿਸਪੈਂਸਰੀ ਤੋਂ ਡਿਸਪੈਂਸਰੀ ਦੇ ਸਰਕਾਰੀ ਕਰਮਚਾਰੀਆਂ ਦੇ ਗੈਰਹਾਜ਼ਰ ਹੋਣ ਦਾ ਮਾਮਲਾ ਅਜੇ ਠੰਢਾ ਵੀ ਨਹੀਂ ਹੋਇਆ ਸੀ ਕਿ ਕੱਲ੍ਹ ਜਦੋਂ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਚੌਧਰੀ ਮਨੋਜ ਕੁਮਾਰ ਗੋਂਦਾਰਾ ਨੇ ਪਿੰਡ ਹਰੀਪੁਰਾ ਦੀ ਸਰਕਾਰੀ ਡਿਸਪੈਂਸਰੀ ਦਾ ਅਚਾਨਕ ਦੌਰਾ ਕੀਤਾ ਤਾਂ ਇੱਥੇ ਵੀ ਅਜਿਹੀ ਹੀ ਸਥਿਤੀ ਦੇਖਣ ਨੂੰ ਮਿਲੀ। ਇਸ ਡਿਸਪੈਂਸਰੀ ਵਿੱਚ ਵੀ 3 ਕਰਮਚਾਰੀ ਗੈਰ ਹਾਜਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਧਰੀ ਮਨੋਜ ਗੋਦਾਰਾ ਨੇ ਕਿਹਾ ਕਿ ਜਦੋਂ ਅਸੀਂ ਪਿੰਡ ਵਾਸੀਆਂ ਦੀ ਮੰਗ ’ਤੇ ਡਿਸਪੈਂਸਰੀ ਦਾ ਦੌਰਾ ਕੀਤਾ ਤਾਂ ਡਿਊਟੀ ’ਤੇ ਸਿਰਫ਼ ਇੱਕ ਮਹਿਲਾ ਕਰਮਚਾਰੀ ਮੌਜੂਦ ਸੀ। ਪੁੱਛਣ ’ਤੇ ਉਸਨੇ ਦੱਸਿਆ ਕਿ ਪਵਨ ਕੁਮਾਰ ਡਿਸਪੈਂਸਰੀ ਵਿੱਚ ਸੀਐਚਓ ਹੈ ਅਤੇ ਦੋ ਹੋਰ ਸਟਾਫ ਮੈਂਬਰ ਡਿਊਟੀ ’ਤੇ ਹਨ। ਇਸ ਮੌਕੇ, ਪਵਨ ਕੁਮਾਰ ਅਤੇ ਹੋਰ ਸਟਾਫ ਮੈਂਬਰਾਂ ਦੇ ਡਿਸਪੈਂਸਰੀ ਵਿੱਚ ਡਿਊਟੀ ’ਤੇ ਮੌਜੂਦ ਨਾ ਹੋਣ ਬਾਰੇ, ਮਹਿਲਾ ਕਰਮਚਾਰੀ ਨੇ ਦੱਸਿਆ ਕਿ ਪਵਨ ਕੁਮਾਰ ਅਤੇ ਹੋਰ ਸਟਾਫ ਮੈਂਬਰ ਪੰਜਕੋਸੀ ਪਿੰਡ ਗਏ ਹੋਏ ਹਨ। ਜਦੋਂ ਮਹਿਲਾ ਕਰਮਚਾਰੀ ਤੋਂ ਪੁੱਛਿਆ ਗਿਆ ਕਿ ਪੰਜਕੋਸੀ ਪਿੰਡ ਵਿੱਚ ਤਾਂ ਪਹਿਲਾਂ ਹੀ ਇੱਕ ਸੀ.ਐਚ.ਸੀ. ਸੈਂਟਰ ਹੈ ਅਤੇ ਡਾਕਟਰ ਸਮੇਤ ਸਾਰੇ ਕਰਮਚਾਰੀ ਉੱਥੇ ਹਨ, ਤਾਂ ਫਿਰ ਇਸ ਡਿਸਪੈਂਸਰੀ ਦਾ ਸਟਾਫ ਪੰਜਕੋਸੀ ਕਿਉਂ ਗਿਆ ਹੈ, ਤਾਂ ਓਹਨਾਂ ਵਲੋਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਜਦੋਂ ਮਹਿਲਾ ਕਰਮਚਾਰੀ ਨੂੰ ਯੋਗ ਸਰਕਾਰੀ ਰਜਿਸਟਰ ਦਿਖਾਉਣ ਲਈ ਕਿਹਾ ਗਿਆ, ਜਿਸ ਵਿੱਚ ਬਾਕੀ ਕਰਮਚਾਰੀਆਂ ਨੇ ਪੰਚਕੋਸੀ ਫੇਰੀ ਬਾਰੇ ਲਿਖਿਆ ਹੈ, ਤਾਂ ਉਹ ਇਸ ਸਬੰਧ ਵਿੱਚ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਇਹ ਸਪੱਸ਼ਟ ਸੀ ਕਿ ਇਹ ਕਰਮਚਾਰੀ ਬਿਨਾਂ ਕੋਈ ਕਾਰਨ ਦੱਸੇ ਆਪਣੀ ਡਿਊਟੀ ਤੋਂ ਗੈਰਹਾਜ਼ਰ ਸਨ। ਜਿਸ ਤੋਂ ਬਾਅਦ, ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਚੌਧਰੀ ਮਨੋਜ ਕੁਮਾਰ ਨੇ ਮਹਿਲਾ ਕਰਮਚਾਰੀ ਨੂੰ ਕਿਹਾ ਕਿ ਤੁਹਾਡਾ ਕੰਮ ਆਪਣੀ ਡਿਊਟੀ ਸਰਕਾਰੀ ਨਿਯਮਾਂ ਮੁਤਾਬਿਕ ਕਰਨਾ ਅਤੇ ਪਿੰਡ ਦੇ ਮਰੀਜ਼ਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ, ਫਿਰ ਤੁਸੀਂ ਲੋਕ ਫਰਲੋ ਕਿਉਂ ਮਾਰਦੇ ਹੋ? ਤੁਸੀਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੀ ਡਿਊਟੀ ਕਿਉਂ ਨਹੀਂ ਕਰਦੇ? ਚੌਧਰੀ ਗੋਦਾਰਾ ਨੇ ਕਿਹਾ ਕਿ ਅੱਜ ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਤੁਹਾਡੇ ਕੇਂਦਰ ਦਾ ਪਹਿਲੀ ਵਾਰ ਨਿਰੀਖਣ ਕੀਤਾ ਗਿਆ ਹੈ, ਇਸ ਲਈ ਇਸ ਵਾਰ ਅਸੀਂ ਤੁਹਾਡੇ ਵਿਰੁੱਧ ਕਿਸੇ ਤਰ੍ਹਾਂ ਦੀ ਲਿਖਤੀ ਸ਼ਿਕਾਇਤ ਨਹੀਂ ਕਰਾਂਗੇ, ਪਰ ਭਵਿੱਖ ਵਿੱਚ ਜੇਕਰ ਕੋਈ ਕਰਮਚਾਰੀ ਡਿਊਟੀ ਤੋਂ ਗੈਰਹਾਜ਼ਰ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ’ਤੇ ਮੌਜੂਦ ਆਜ਼ਾਦ ਕਿਸਾਨ ਮੋਰਚਾ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪ੍ਰਜਾਪਤੀ ਨੇ ਕਿਹਾ ਕਿ ਇੱਕ ਪਾਸੇ ਲੱਖਾਂ ਨੌਜਵਾਨ ਮੁੰਡੇ-ਕੁੜੀਆਂ ਸਰਕਾਰੀ ਨੌਕਰੀ ਦੀ ਆਸ ਵਿੱਚ ਬੇਰੁਜ਼ਗਾਰ ਘੁੰਮ ਰਹੇ ਹਨ, ਜਦੋਂ ਕਿ ਜਿਨ੍ਹਾਂ ਨੂੰ ਸਰਕਾਰ ਵੱਲੋਂ ਚੰਗੀ ਤਨਖਾਹ ਦਿੱਤੀ ਜਾ ਰਹੀ ਹੈ, ਉਹ ਆਪਣੀ ਡਿਊਟੀ ਸਰਕਾਰ ਦੇ ਨਿਯਮਾਂ ਅਤੇ ਅਨੁਸ਼ਾਸਨ ਨਾਲ ਨਹੀਂ ਕਰ ਰਹੇ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਪ੍ਰਜਾਪਤੀ ਨੇ ਕਿਹਾ ਕਿ ਅਜਿਹੇ ਲਾਪ੍ਰਵਾਹ ਕਰਮਚਾਰੀ ਹੀ ਸਰਕਾਰ ਦੀਆਂ ਸਰਕਾਰੀ ਵਿਭਾਗਾਂ ਨੂੰ ਨਿੱਜੀਕਰਨ ਕਰਨ ਦੀਆਂ ਨੀਤੀਆਂ ਨੂੰ ਉਤਸ਼ਾਹਿਤ ਕਰ ਰਹੇ ਹਨ। ਪ੍ਰਜਾਪਤੀ ਨੇ ਕਿਹਾ ਕਿ ਅਬੋਹਰ ਸਬ-ਡਿਵੀਜ਼ਨ ਦੇ ਪਿੰਡਾਂ ਵਿੱਚ ਸਥਾਪਿਤ ਡਿਸਪੈਂਸਰੀਆਂ ਵਿੱਚ ਡਿਊਟੀ ’ਤੇ ਕਰਮਚਾਰੀਆਂ ਦੀ ਗੈਰਹਾਜ਼ਰੀ ਪੰਜਾਬ ਸਰਕਾਰ ਦੀ ਅਸਫਲਤਾ ਸਾਬਿਤ ਹੋ ਰਹੀ ਹੈ, ਅਤੇ ਸਰਕਾਰ ਦਾ ਕਰਮਚਾਰੀਆਂ ’ਤੇ ਕੋਈ ਕੰਟਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਨੂੰ ਨਿਯਮਤ ਤੌਰ ’ਤੇ ਅਚਨਚੇਤ ਨਿਰੀਖਣ ਕਰਕੇ ਡਿਸਪੈਂਸਰੀਆਂ ਦੇ ਖ਼ਰਾਬ ਹਾਲਾਤਾਂ ਦੀ ਜਾਂਚ ਕਰਨੀ ਚਾਹੀਦੀ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਸਰਪੰਚ ਭੋਜ ਰਾਜ ਸਿਆਗ ਇਕਾਈ ਪ੍ਰਧਾਨ ਤਾਜਾ ਪੱਟੀ, ਵਿਸ਼ਾਲ ਬਿਸ਼ਨੋਈ, ਅਸ਼ੋਕ ਕੁਮਾਰ ਹਰੀਪੁਰਾ ਅਤੇ ਹੋਰ ਸਾਥੀ ਵੀ ਹਾਜ਼ਰ ਸਨ।