ਮੱਕੀ ਦੀ ਫ਼ਸਲ ’ਤੇ ਸਹਾਇਤਾ ਰਾਸ਼ੀ ਪ੍ਰਾਪਤ ਕਰਨ ਲਈ ਪੋਰਟਲ ’ਤੇ ਕਰੋ ਅਪਲਾਈ : ਮੁੱਖ ਖੇਤੀਬਾੜੀ ਅਫਸਰ
ਕੋਟਕਪੂਰਾ, 11 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਉਣੀ 2025-26 ਦੌਰਾਨ ਫ਼ਸਲੀ ਵਿਭਿੰਨਤਾ ਅਧੀਨ ਮੱਕੀ ਦਾ ਰਕਬਾ ਵਧਾਉਣ ਹਿੱਤ ਕੀਤੇ ਜਾ ਰਹੇ ਕਾਰਜਾਂ ਤਹਿਤ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਜਿਲ੍ਹਾ ਫਰੀਦਕੋਟ ਵਿੱਚ 50 ਹੈਕਟੇਅਰ ਰਕਬੇ ਵਿੱਚ ਮੱਕੀ ਦੀਆਂ ਪ੍ਰਦਰਸ਼ਨੀਆਂ ਲਾਈਆਂ ਜਾ ਰਹੀਆਂ ਹਨ। ਇਸ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕੁਲਵੰਤ ਸਿੰਘ ਨੇ ਦਿੱਤੀ। ਮੁੱਖ ਖੇਤੀਬਾੜੀ ਅਫਸਰ ਡਾ. ਕੁਲਵੰਤ ਸਿੰਘ ਨੇ ਦੱਸਿਆ ਕਿ ਮੱਕੀ ਦੇ ਪ੍ਰਦਰਸ਼ਨੀ ਪਲਾਟਾਂ ਲਈ 10000/- ਰੁ ਪ੍ਰਤੀ ਹੈਕਟੇਅਰ ਦੀ ਦਰ ਨਾਲ ਕਿਸਾਨਾਂ ਨੂੰ ਮੱਕੀ ਦੇ ਬੀਜ ਅਤੇ ਹੋਰ ਇੰਨਪੁਟਸ ਜਿਵੇਂ ਖਾਦਾਂ, ਦਵਾਈਆਂ ਲਈ ਸਹਾਇਤਾ ਦੇ ਤੌਰ ’ਤੇ ਦਿੱਤੇ ਜਾਣਗੇ। ਕਿਸਾਨ ਵੀਰ 15 ਜੁਲਾਈ 2025 ਤੱਕ ਪੋਰਟਲ ’ਤੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਝਾੜ ਲੈਣ ਲਈ ਮੱਕੀ ਦੀ ਬਿਜਾਈ ਵੱਟਾਂ ਉੱਪਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੱਕੀ ਦੀ ਨਵੀਨਤਮ ਮਸ਼ੀਨਰੀ ਜਿਵੇਂ ਕਿ ਨਿਊਮੈਟਿਕ ਪਲਾਂਟਰ, ਮੇਜ਼ ਸ਼ੈਲਰ ਆਦਿ ਲੈਣ ਲਈ ਬਲਾਕ ਖੇਤੀਬਾੜੀ ਅਫਸਰਾਂ ਨਾਲ ਸੰਪਰਕ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਕਿਸਾਨ ਵੀਰ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ, ਬਲਾਕ ਖੇਤੀਬਾੜੀ ਅਫਸਰ ਜਾਂ ਖੇਤੀਬਾੜੀ ਵਿਕਾਸ ਅਫਸਰਾਂ ਨਾਲ ਸੰਪਰਕ ਕਰ ਸਕਦੇ ਹਨ।