ਵਿਦਿਆਰਥੀਆਂ ਨੇ ਸਕੂਲ ਵਿੱਚ ਖੁਦ ਬਿਨਾਂ ਅੱਗ ਤੋਂ ਭੋਜਨ ਕੀਤਾ ਤਿਆਰ
ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਉਪਰਾਲੇ ਦੀ ਕੀਤੀ ਭਰਪੂਰ ਪ੍ਰਸੰਸਾ

ਕੋਟਕਪੂਰਾ/ਬਰਗਾੜੀ, 11 ਜੁਲਾਈ (ਟਿੰਕੁ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜੋ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਪਹਿਲ ਦੇ ਆਧਾਰ ’ਤੇ ਕਦਮ ਵਧਾ ਰਹੀ ਹੈ। ਵਿਦਿਆਰਥੀਆਂ ਅੰਦਰ ਨਵੀਂ ਚੇਤਨਾ, ਜਾਗਰੂਕਤਾ, ਕੁਝ ਨਵਾਂ ਸਿੱਖਣ ਦੀ ਲਲਕ ਪੈਦਾ ਕਰਨਾ, ਇਸ ਸੰਸਥਾ ਦਾ ਸਰਵੋਤਮ ਮਕਸਦ ਹੈ। ਬੀਤੇ ਦਿਨੀਂ ਇਸੇ ਮਨੋਰਥ ਨੂੰ ਮੁੱਖ ਰੱਖਦਿਆਂ ਪਹਿਲੀ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ‘ਫੂਡ ਵਿਦਾਊਟ ਫਾਇਰ’ ਗਤੀਵਿਧੀ ਕੀਤੀ। ਜਿਸ ਵਿੱਚ ਵਿਦਿਆਰਥੀਆਂ ਨੇ ਖੁਦ ਬਿਨਾਂ ਅੱਗ ਤੋਂ ਸਕੂਲ ਵਿੱਚ ਭੋਜਨ ਤਿਆਰ ਕੀਤਾ। ਜਿਸ ਵਿੱਚ ਉਹਨਾਂ ਨੇ ਆਪਣੇ ਅਧਿਆਪਕ ਸਾਹਿਬਾਨਾਂ ਦੀ ਨਿਗਰਾਨੀ ਵਿੱਚ ਵੱਖੋ-ਵੱਖਰੇ ਪ੍ਰਕਾਰ ਦੇ ਸੈਂਡਵਿੱਚ, ਪੁੰਗਰੀਆਂ ਦਾਲਾਂ ਦਾ ਸਲਾਦ, ਬੇਲ-ਪੂਰੀ ਆਦਿ ਪਤਾ ਨਹੀਂ ਕਿੰਨੇ ਹੀ ਪਕਵਾਨ-ਤਿਆਰ ਕਰ ਦਿੱਤੇ। ਨਿੱਕੇ-ਨਿੱਕੇ ਇਹ ਮਾਸਟਰ ਸ਼ੈੱਫ਼ ਬੜੇ ਹੀ ਉਤਸ਼ਾਹ ਅਤੇ ਆਤਮ-ਵਿਸ਼ਵਾਸ ਦੇ ਨਾਲ ਇਹ ਗਤੀਵਿਧੀ ਕਰਦੇ ਨਜ਼ਰ ਆਏ। ਇਸ ਮੌਕੇ ਪਿ੍ਰੰਸੀਪਲ ਰੂਪ ਲਾਲ ਬਾਂਸਲ ਅਤੇ ਕੋਆਰਡੀਨੇਟਰ ਮਿਸ. ਅਮਨ ਸਾਂਧਰ ਨੇ ਬੱਚਿਆਂ ਦੀ ਕਾਫ਼ੀ ਹੌਂਸਲਾ ਅਫ਼ਜ਼ਾਈ ਕੀਤੀ। ਵਿਦਿਆਰਥੀਆਂ ਨੇ ਆਪਣੀਆਂ ਤਿਆਰ ਕੀਤੀਆਂ ਭੋਜਨ ਆਈਟਮਾਂ ਪਿ੍ਰੰਸੀਪਲ ਰੂਪ ਲਾਲ ਬਾਂਸਲ ਅਤੇ ਕੋਆਰਡੀਨੇਟਰ ਮਿਸ. ਅਮਨ ਸਾਂਧਰ ਅੱਗੇ ਪੇਸ਼ ਕੀਤੀਆ। ਪਿ੍ਰੰਸੀਪਲ ਬਾਂਸਲ ਨੇ ਵਿਦਿਆਰਥੀਆਂ ਦੇ ਫੂਡ ਦਾ ਸੁਆਦ ਲੈਂਦਿਆਂ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਇੱਕ ਬੱਚੇ ਨੂੰ ਇਹ ਮੁੱਢਲੀਆਂ ਚੀਜ਼ਾਂ ਜ਼ਰੂਰ ਸਿਖਾਉਣੀਆਂ ਚਾਹੀਦੀਆਂ ਹਨ ਤਾਂ ਜੋ ਕਿਸੇ ਉੱਤੇ ਨਿਰਭਰ ਨਾ ਰਹਿਣ ਅਤੇ ਲੋੜ ਪੈਣ ’ਤੇ ਆਪਣਾ ਪੇਟ ਭਰ ਸਕਣ। ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਰਾਜਵਿੰਦਰ ਸਿੰਘ ਸੋਢੀ (ਜਨਰਲ ਸਕੱਤਰ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵੀ ਵਿਦਿਆਰਥੀਆਂ ਵੱਲੋਂ ਕੀਤੀ ਇਸ ਗਤੀਵਿਧੀ ਨੂੰ ਸਲਾਹਿਆ।