ਕੋਟਕਪੂਰਾ, 13 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਐੱਸ.ਬੀ.ਆਰ.ਐੱਸ. ਗੁਰੂਕੁਲ ਸਕੂਲ ਵਿਖੇ ਵਿਦਿਆਰਥੀਆਂ ਦੇ ਵਿਅਕਤੀਗਤ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਇੱਕ ਦਿਨਾ ਸੈਮੀਨਾਰ ‘ਡਾਈਨਿੰਗ ਐਟੀਕੇਟਸ’ ਦਾ ਆਯੋਨ ਕੀਤਾ ਗਿਆ। ਜਿਸ ਦੀ ਅਗਵਾਈ ਦਿਸ਼ਾ ਕਰੀਅਰ ਗਾਈਡੈਂਸ ਐਂਡ ਕੌਂਸਲਿੰਗ ਪ੍ਰੋਗਰਾਮ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਸ਼੍ਰੀਮਾਨ ਅਭਿਨਯ ਸ਼ਰਮਾ ਵਲੋਂ ਕੀਤੀ ਗਈ। ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭੋਜਨ ਸਮੇਂ ਸਹੀ ਤਰੀਕਿਆਂ, ਟੇਬਲ ਮੈਨਰਜ਼ ਅਤੇ ਆਧੁਨਿਕ ਸਮਾਜ ਵਿੱਚ ਐਟੀਕੇਟਸ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਉੱਥੇ ਹੀ ਅਜੋਕੇ ਸਮੇਂ ਵਿੱਚ ਹੋਟਲ ਮੈਨੇਜਮੈਂਟ ਫੀਲਡ ਸਬੰਧੀ ਵੱਖ ਵੱਖ ਖੇਤਰਾਂ ਬਾਰੇ ਜਾਣਕਾਰੀ ਵੀ ਦਿੱਤੀ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਵਿਅਕਤੀਗਤ ਜੀਵਨ ਵਿੱਚ ਸਾਂਝੇ ਪੱਧਰ ’ਤੇ ਐਟੀਕੇਟਸ ਦੀ ਭੂਮਿਕਾ ਨੂੰ ਸਮਝਿਆ। ਸ਼੍ਰੀਮਾਨ ਅਭੀਨਯ ਸ਼ਰਮਾ ਵੱਲੋਂ ਵਿਸ਼ੇ ਨਾਲ ਸੰਬੰਧਿਤ ਸੈਮੀਨਾਰ ਵਿੱਚ ਡਾਇਨਿੰਗ ਟੇਬਲ ਦੀ ਸਹੀ ਵਰਤੋਂ ਸਬੰਧੀ ਡੈਮੋ ਦੇ ਕੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਵੱਲੋਂ ਸੰਪੂਰਨ ਤੌਰ ’ਤੇ ਭਾਗੀਦਾਰੀ ਦਿਖਾਈ ਗਈ। ਇਸ ਮੌਕੇ ਸਕੂਲ ਮੁਖੀ ਪ੍ਰਿੰਸੀਪਲ ਨਸੀਮ ਬਾਨੋ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਵਿਦਿਆਰਥੀ ਜੀਵਨ ਵਿੱਚ ਚੰਗੇ ਸੰਸਕਾਰਾਂ ਦੀ ਮਹੱਤਤਾ ਬਾਰੇ ਗੱਲ ਸਾਂਝੀ ਕੀਤੀ ਉੱਥੇ ਹੀ ਉਹਨਾਂ ਵੱਲੋਂ ਆਈ ਹੋਈ ਟੀਮ ਦਾ ਧੰਨਵਾਦ ਵੀ ਕੀਤਾ ਗਿਆ। ਪ੍ਰਿੰਸੀਪਲ ਨਸੀਮ ਬਾਨੋ ਜੀ ਨੇ ਕਿਹਾ ਕਿ ਇਹ ਸੈਮੀਨਾਰ ਵਿਦਿਆਰਥੀਆਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਇਆ ਜੋ ਉਨ੍ਹਾਂ ਦੇ ਆਚਰਨ ਅਤੇ ਵਿਵਹਾਰ ਵਿੱਚ ਨਿਰਣਾਇਕ ਭੂਮਿਕਾ ਨਿਭਾਵੇਗਾ।