ਸਿਰਕੱਢ ਭਾਸ਼ਾ ਵਿਗਿਆਨੀ ਪ੍ਰੋ. ਮੁਖਤਿਆਰ ਸਿੰਘ ਗਿੱਲ ਦਾ ਵਿਛੋੜਾ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਭਾਸ਼ਾ ਵਿਗਿਆਨ ਦੇ ਅਧਿਆਪਕ ਤੇ ਮਗਰੋਂ ਲੰਮਾ ਸਮਾਂ ਐਂਥਰੋਪਾਲੋਜੀਕਲ ਲਿੰਗੁਇਸਟਿਕਸ ਦੇ ਮੁਖੀ ਰਹੇ ਪ੍ਰੋਫੈਸਰ ਤੇ ਮੁਖੀ ਰਹੇ ਪ੍ਰੋ. ਮੁਖਤਿਆਰ ਸਿੰਘ ਗਿੱਲ ਦੇ ਵਿਛੋੜੇ ਦੀ ਖ਼ਬਰ ਮਿਲੀ ਤਾਂ ਲੱਗਿਆ ਕਿ ਪੈਰਾਂ ਥੱਲਿਓਂ ਜ਼ਮੀਨ ਨਿੱਘਰ ਗਈ ਹੋਵੇ। ਅੰਬਰ ਵਿੱਚ ਮਘੋਰਾ ਪੈ ਗਿਆ ਹੋਵੇ। ਸੂਰਜ ਦਾ ਸਾਰਾ ਸੇਕ ਸਾੜਨ ਲੱਗ ਪਿਆ।
ਪ੍ਰੋ. ਮੁਖਤਿਆਰ ਸਿੰਘ ਗਿੱਲ ਦਾ ਮੇਰੇ ਨਾਲ ਰਿਸ਼ਤਾ 1978 ਵਿੱਚ ਉਦੋਂ ਜੁੜਿਆ ਜਦ ਮੈਂ ਕਿਲ੍ਹਾ ਰਾਏਪੁਰ ਵਿਆਹਿਆ ਗਿਆ। ਮੇਰੇ ਸਹੁਰੇ ਪਰਿਵਾਰ ਵਿੱਚ ਹੀ ਪ੍ਰੋ. ਮੁਖਤਿਆਰ ਸਿੰਘ ਗਿੱਲ ਵਿਆਹੇ ਹੋਏ ਸਨ। ਮੇਰੀ ਜੀਵਨ ਸਾਥਣ ਨਿਰਪਜੀਤ ਨਾਲ ਰਾਣਾਂ ਭੂਆ ਜੀ ਦਾ ਬੜਾ ਹੀ ਗੂੜ੍ਹਾ ਪਿਆਰ ਸੀ। ਇਸ ਸਾਕੋਂ ਪ੍ਰੋ. ਮੁਖਤਿਆਰ ਸਿੰਘ ਗਿੱਲ ਸਾਡੇ ਫੁੱਫੜ ਜੀ ਬਣ ਗਏ। ਪੰਜਾਬੀ ਯੂਨੀਵਰਸਿਟੀ ਵਿੱਚ ਉਨ੍ਹਾਂ ਦਾ ਘਰ ਆਪਣਾ ਆਪਣਾ ਲੱਗਣ ਲੱਗ ਪਿਆ। ਮਗਰੋਂ ਹਰਿੰਦਰ ਨਗਰ ਵਾਲਾ ਘਰ ਵੀ। ਮੇਰੀ ਸਰਦਾਰਨੀ ਨੇ 1989-90 ਵਿੱਚ ਇਸੇ ਯੂਨੀਵਰਸਿਟੀ ਤੋਂ ਐੱਮ ਫਿੱਲ ਕੀਤੀ ਤਾਂ ਨਿੱਜੀ ਸੰਪਰਕ ਪ੍ਰੋਗ੍ਰਾਮ ਵੇਲੇ ਭੂਆ-ਫੁੱਫੜ ਜੀ ਦਾ ਘਰ ਹੀ ਟਿਕਾਣਾ ਬਣਦਾ।
ਉਨ੍ਹਾਂ ਦੇ ਦੋਵੇਂ ਪੁੱਤਰ ਜਦ ਸੈਨਿਕ ਸਕੂਲ ਕਪੂਰਥਲਾ ਵਿੱਚ ਪੜ੍ਹਦੇ ਸਨ ਤਾਂ ਲੁਧਿਆਣੇ ਕਈ ਵਾਰ ਰੁਕ ਕੇ ਜਾਂਦੇ। ਉਹ ਪੁੱਤਰਾਂ ਨੂੰ ਫੌਜੀ ਅਫ਼ਸਰ ਬਣਾਉਣਾ ਚਾਹੁੰਦੇ ਸਨ ਪਰ ਕੁਰਤ ਨੂੰ ਕੁਝ ਹੋਰ ਮਨਜ਼ੂਰ ਸੀ। ਦੋਵੇਂ ਬਿਜਨਸ ਮੈਨੇਜਮੈਂਟ ਦੇ ਸ਼ਾਹ ਅਸਵਾਰ ਬਣੇ। ਵੱਡਾ ਪੁੱਤਰ ਕਈ ਮਲਟੀ ਨੈਸ਼ਨਲ ਕੰਪਨੀਆਂ ਦਾ ਕੌਮੀ ਹੈੱਡ ਰਿਹਾ ਪਰ ਜਵਾਨ ਉਮਰੇ ਹੀ ਸਦੀਵੀ ਅਲਵਿਦਾ ਕਹਿ ਗਿਆ। ਮਾਪਿਆਂ ਦੀ ਸਿਹਤ ਨੂੰ ਪੁੱਤਰ ਦਾ ਵਿਛੋੜਾ ਸਿਉਂਕ ਵਾਂਗ ਅੰਦਰੋਂ ਅੰਦਰ ਖਾ ਗਿਆ। ਫਿਰ ਪੋਤਰਾ ਚਲਾ ਗਿਆ, ਇਹ ਤਾਂ ਸਿਰ ਦੀ ਸੱਟ ਸੀ।
ਪ੍ਰੋ. ਮੁਖਤਿਆਰ ਸਿੰਘ ਗਿੱਲ ਦਾ ਨਿੱਕਾ ਪੁੱਤਰ ਡਾ. ਪੁਸ਼ਪਿੰਦਰ ਸਿੰਘ ਗਿੱਲ ਪੰਜਾਬੀ ਯੂਨੀਵਰਸਿਟੀ ਵਿੱਚ ਬਿਜਨਸ ਮੈਨੇਜਮੈਂਟ ਦਾ ਪ੍ਰੋਫੈਸਰ, ਕਈ ਵਾਰ ਡੀਨ, ਡਾਇਰੈਕਟਰ ਤੇ ਸੀਨੀਅਰ ਮੋਸਟ ਪ੍ਰੋਫੈਸਰ ਲਗਪਗ ਪੰਦਰਾਂ ਸਾਲ ਰਿਹਾ। ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਵਾਈਸ ਚਾਂਸਲਰ ਲੱਗਦਾ ਲੱਗਦਾ ਦੋ ਵਾਰ ਰਹਿ ਗਿਆ।
ਫੁੱਫੜ ਜੀ ਪ੍ਰੋ. ਮੁਖਤਿਆਰ ਸਿੰਘ ਗਿੱਲ ਸ. ਸੁਖਦੇਵ ਸਿੰਘ ਢੀਂਡਸਾ ਦੇ ਗੂੜ੍ਹੇ ਮਿੱਤਰ ਸਨ। ਅਕਾਲ ਸੰਸਥਾਵਾਂ ਮਸਤੂਆਣਾ ਸਾਹਿਬ(ਸੰਗਰੂਰ) ਦੇ ਵਿਕਾਸ ਵਿੱਚ ਦੋਹਾਂ ਨੇ ਵੱਡਾ ਯੋਗਦਾਨ ਪਾਇਆ।
ਉਨ੍ਹਾਂ ਦੇ ਜਾਣ ਤੇ ਹਰ ਸੱਜਣ ਪਿਆਰੇ ਦੀ ਹਾਲਤ ਉਰਦੂ ਦੇ ਇਸ ਸ਼ਿਅਰ ਵਰਗੀ ਹੈ।
ਕੈਸਾ ਆਲਮ ਹੈ ਕਿ ਰੌਸ਼ਨੀ ਤਲਵੋਂ ਮੇ ਚੁਭਤੀ ਹੈ,
ਕਿਸੀ ਨੇ ਤੋੜ ਕਰ ਬਿਖਰਾ ਦੀਆ ਹੋ ਆਈਨਾ ਜੈਸੇ।
ਪ੍ਰੋਫ਼ੈਸਰ ਮੁਖਤਿਆਰ ਨੇ ਆਪਣੀ ਅਕਾਦਮਿਕ ਯਾਤਰਾ ਭਾਸ਼ਾ ਵਿਭਾਗ ਪੰਜਾਬ ਤੋਂ ਸ਼ੁਰੂ ਕੀਤੀ। ਮਗਰੋਂ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਂਥਰੋਪੋਲੌਜਿਕਲ ਲਿੰਗੁਇਸਟਿਕਸ ਵਿਭਾਗ ਵਿੱਚ ਆ ਗਏ। ਇੱਥੇ ਰਹਿੰਦਿਆਂ ਉਹਨਾਂ ਨੇ ਮਲਵਈ ਉਪਭਾਸ਼ਾ ਦੇ ਧੁਨੀ-ਪ੍ਰਬੰਧ ਵਿਸ਼ੇ ਉਪਰ ਵਿਸ਼ਵ ਪ੍ਰਸਿੱਧ ਚਿਹਨ ਵਿਗਿਆਨੀ ਪ੍ਰੋਫ਼ੈਸਰ ਹਰਜੀਤ ਸਿੰਘ ਗਿੱਲ ਨਾਲ ਆਪਣਾ ਖੋਜ-ਕਾਰਜ ਕੀਤਾ।
ਖੋਜ-ਕਾਰਜ ਉਪਰੰਤ ਉਹਨਾਂ ਦਾ ਪ੍ਰੋਫ਼ੈਸਰ ਹਰਜੀਤ ਸਿੰਘ ਗਿੱਲ ਦੁਆਰਾ ਤਿਆਰ ਕੀਤੇ ਪੰਜਾਬੀ ਭਾਸ਼ਾ ਦੇ ਐਟਲਸ ਵਿੱਚ ਵੀ ਅਹਿਮ ਯੋਗਦਾਨ ਰਿਹਾ। ਇਹ ਐਟਲਸ ਆਪਣੇ ਵੇਲੇ ਦਾ ਭਾਰਤ ਦੀਆਂ ਭਾਸ਼ਾਵਾਂ ਅੰਦਰ ਸਭ ਤੋਂ ਨਿਵੇਕਲੀ ਕਿਸਮ ਦਾ ਅਧਿਐਨ ਸੀ। ਇਸ ਦੇ ਨਾਲ ਉਹ ਲਗਾਤਾਰ ਅਧਿਐਨ ਅਤੇ ਅਧਿਆਪਨ ਦੇ ਕਾਰਜ ਨਾਲ ਜੁੜੇ ਰਹੇ। ਪੰਜਾਬੀ ਭਾਸ਼ਾ ਅਤੇ ਚਿੰਤਨ ਨੂੰ ਉਹਨਾਂ ਦੀ ਬੜੀ ਅਹਿਮ ਦੇਣ ਹੈ। ਜੋ ਹੁਣ ਤੱਕ ਪੰਜਾਬੀ ਖੋਜਾਰਥੀਆਂ ਅਤੇ ਵਿਦਵਾਨਾਂ ਦਾ ਮਾਰਗ-ਦਰਸ਼ਨ ਕਰਦੀ ਹੈ।
ਅਧਿਆਪਨ ਕਾਰਜ ਦੇ ਨਾਲ-ਨਾਲ ਆਪ ਨੇ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (PUTA) ਦੀਆਂ ਚੋਣਾਂ ਅੰਦਰ 21 ਵਾਰ ਭਾਗ ਲਿਆ ਅਤੇ 19 ਵਾਰੀ ਨਾਮਜ਼ਦ ਹੋਏ। ਇਸ ਤਰ੍ਹਾਂ ਉਹ ਸਿੱਖਿਆ ਦੇ ਖੇਤਰ ਅੰਦਰ ਅਤੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਲਗਾਤਾਰ ਸੰਘਰਸ਼ ਕਰਦੇ ਹੋਏ, ਪੰਜਾਬ ਦੀ ਉੱਚ-ਸਿੱਖਿਆ ਦੇ ਖੇਤਰ ਅੰਦਰ ਆਪਣਾ ਯੋਗਦਾਨ ਪਾਉਂਦੇ ਰਹੇ।
ਪ੍ਰੋ. ਮੁਖਤਿਆਰ ਸਿੰਘ ਗਿੱਲ ਨਮਿਤ ਭੋਗ ਤੇ ਅੰਤਿਮ ਅਰਦਾਸ 20 ਜੁਲਾਈ ਨੂੰ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇੜੇ 23ਨੰਬਰ ਫਾਟਕ, ਮਾਡਲ ਟਾਊਨ ਪਟਿਆਲਾ ਵਿਖੇ ਹੋਵੇਗੀ।
ਉਨ੍ਹਾਂ ਦੇ ਵਿਛੋੜੇ ਤੇ ਮੇਰੇ ਮਨ ਦੀ ਕੈਫ਼ੀਅਤ ਪ੍ਰੋ. ਮੋਹਨ ਸਿੰਘ ਜੀ ਦੇ ਇਸ ਸ਼ਿਅਰ ਵਰਗੀ ਹੈ।
ਫੁੱਲ ਹਿੱਕ ਵਿੱਚ ਜੰਮੀ ਪਲ਼ੀ ਖ਼ੁਸ਼ਬੂ ਜਾਂ ਉੱਡ ਗਈ,
ਇਹਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।
ਪ੍ਰੋ. ਮੁਖਤਿਆਰ ਸਿੰਘ ਗਿੱਲ ਜੀ ਨੂੰ ਸਲਾਮ ਹੈ।
ਗੁਰਭਜਨ ਗਿੱਲ