200 ਪੁਲਿਸ ਕਰਮਚਾਰੀਆਂ ਅਤੇ ਜ਼ੇਲ੍ਹ ਪ੍ਰਸ਼ਾਸ਼ਨ ਦੀ ਟੀਮ ਨੇ ਕੀਤੀ ਤਲਾਸ਼ੀ
ਕੋਟਕਪੂਰਾ, 18 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਤਿ ਸੁਰੱਖਿਆ ਵਾਲੀ ਮੰਨੀ ਜਾਂਦੀ ਕੇਂਦਰੀ ਮਾਡਰਨ ਜ਼ੇਲ੍ਹ ਫ਼ਰੀਦਕੋਟ ਵਿਖੇ ਨਵੀਨ ਸੈਣੀ ਡੀ.ਆਈ.ਜੀ. ਅਤੇ ਡਾ ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਦੀ ਅਗਵਾਈ ਹੇਠ ਬੀਤੀ ਦੇਰ ਸ਼ਾਮ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਵਿੱਚ ਜ਼ੇਲ੍ਹ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਸਮੇਤ ਜ਼ੇਲ੍ਹ ਪ੍ਰਸ਼ਾਸ਼ਨ, ਸੀਨੀਅਰ ਪੁਲਿਸ ਅਧਿਕਾਰੀ ਅਤੇ 200 ਦੇ ਕਰੀਬ ਪੁਲਿਸ ਮੁਲਾਜਮਾ ਨੇ ਸ਼ਿਰਕਤ ਕੀਤੀ। ਲਗਭਗ 2 ਘੰਟੇ ਤੱਕ ਚੱਲੀ ਚੈਕਿੰਗ ਮੁਹਿੰਮ ਤੋਂ ਬਾਅਦ ਡੀਆਈਜੀ ਨਵੀਨ ਸੈਣੀ ਨੇ ਦੱਸਿਆ ਕਿ ਇਸ ਤਰਾਂ ਦੀ ਚੈਕਿੰਗ ਨਾਲ ਗੈਰਕਨੂੰਨੀ ਚੀਜ ਜਾਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ, ਜੇਲ ਅੰਦਰ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਵਾਲੀਆਂ ਕਾਰਵਾਈਆਂ ਬੁਰੀ ਸੋਚ ਵਾਲੇ ਕੈਦੀਆਂ ਤੇ ਹਵਾਲਾਤੀਆਂ ਵਿੱਚ ਡਰ ਪੈਦਾ ਕਰਦੀਆਂ ਹਨ, ਜਿਸ ਨਾਲ ਗੈਰਕਨੂੰਨੀ ਸਰਗਰਮੀਆਂ ਰੋਕਣ ਵਿੱਚ ਮੱਦਦ ਮਿਲਦੀ ਹੈ। ਡਾ. ਪ੍ਰਗਿਆ ਜੈਨ ਐਸ.ਐਸ.ਪੀ. ਮੁਤਾਬਿਕ ਉਕਤ ਮੁਹਿੰਮ ਇਕ ਐਸ.ਪੀ. ਅਤੇ ਤਿੰਨ ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀ ਸਿੱਧੀ ਨਿਗਰਾਨੀ ਵਿੱਚ ਚਲਾਈ ਗਈ। ਉਹਨਾ ਦੱਸਿਆ ਕਿ ਇਸ ਮੌਕੇ ਜ਼ੇਲ੍ਹ ਬੈਰਕਾਂ ਦੇ ਨਾਲ-ਨਾਲ ਜ਼ੇਲ੍ਹ ਦੀ ਬਾਹਰੀ ਚਾਰਦੀਵਾਰੀ, ਨਿਗਰਾਨੀ ਕੈਮਰੇ ਅਤੇ ਸੁਰੱਖਿਆ ਪ੍ਰਣਾਲੀਆਂ ਦੀ ਵੀ ਜਾਂਚ ਵੀ ਡੂੰਘਾਈ ਨਾਲ ਕੀਤੀ ਗਈ। ਉਹਨਾ ਦੱਸਿਆ ਕਿ ਔਰਤਾਂ ਪ੍ਰਤੀ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦਿਆਂ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਵੱਖਰੇ ਤੌਰ ’ਤੇ ਔਰਤਾਂ ਵਾਲੀਆਂ ਬੈਰਕਾਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਉਹਨਾ ਸਥਾਨਕ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਕਿਸੇ ਨੂੰ ਘਰ ਕਿਰਾਏ ’ਤੇ ਦੇਣ ਤਾਂ ਪੁਲਿਸ ਨੂੰ ਸੂਚਨਾ ਦੇਣ, ਕਿਉਂਕਿ ਕੋਈ ਅਪਰਾਧੀ ਤੱਤ ਅਜਿਹੀ ਗਤੀਵਿਧੀ ਵਿੱਚ ਸ਼ਾਮਿਲ ਹੋ ਸਕਦੇ ਹਨ।