ਕੋਟਕਪੂਰਾ, 19 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੀ ਵਿਧਾਨ ਸਭਾ ਸੈਸ਼ਨ ਦੌਰਾਨ ਸੂਬੇ ਅੰਦਰ ਹੋ ਰਹੀਆਂ ਪਵਿੱਤਰ ਗ੍ਰੰਥਾਂ ਦੀਆਂ ਹੋ ਰਹੀਆਂ ਬੇਅਦਬੀਆਂ ਬਾਰੇ ਸੱਦੇ ਸੈਸ਼ਨ ਵਿੱਚ ਪੰਜਾਬ ਵਿੱਚ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਐਲਟ 2025 ਕਨੂੰਨ ਬਣਾਉਣ ਲਈ ਸੱਦਿਆ ਗਿਆ ਸੀ। ਇਸ ਸੈਸ਼ਨ ਦੌਰਾਨ ਕਾਨੂੰਨ ਨੂੰ ਅਮਲੀ ਰੂਪ ਦੇਣ ਵਿੱਚ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਅੱਜ ਵਿਸ਼ੇਸ਼ ਤੌਰ ’ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਅੰਦਰ ਪਿਛਲੇ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਡਾ. ਭੀਮ ਰਾਉ ਅੰਬੇਦਕਰ ਸੰਵਿਧਾਨ ਰਚੇਤਾ ਭਾਰਤ ਰਤਨ ਦੀਆਂ ਮੂਰਤੀਆਂ ਦੀ ਬੇਅਦਬੀ ਵਿੱਚ ਵਾਧਾ ਹੋਇਆ ਹੈ, ਇਸ ਕਰਕੇ ਇਸ ਬੇਅਦਬੀ ਰੋਕੂ ਐਕਟ ਤਹਿਤ ਡਾ. ਭੀਮ ਰਾਉ ਅੰਬੇਦਕਰ ਦੀਆਂ ਮੂਰਤੀਆਂ ਦੀ ਬੇਅਦਬੀ ਨੂੰ ਵੀ ਇਸ ਕਾਨੂੰਨ ਅੰਦਰ ਲਿਆਂਦਾ ਜਾਵੇ ਤਾਂ ਕਿ ਡਾਕਟਰ ਭੀਮ ਰਾਓ ਅੰਬੇਦਕਰ ਦੀਆਂ ਮੂਰਤੀਆਂ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਸਰਕਾਰ ਤੋਂ ਵਾਰ-ਵਾਰ ਇਨਾ ਬੇਅਦਬੀਆਂ ਬਾਰੇ ਚਿੰਤਾ ਜਾਹਰ ਕੀਤੀ ਅਤੇ ਜਿਨਾਂ ਨੇ ਡਾਕਟਰ ਭੀਮ ਰਾਉ ਅੰਬੇਦਕਰ ਦੀ ਮੂਰਤੀ ਦੀ ਬੇਅਦਬੀ ਕੀਤੀ, ਉਹਨਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਪਰ ਅਜੇ ਤੱਕ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਸ ਸਮੇਂ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਗਿਆ, ਜਦ ਉਹਨਾਂ ਨੇ ਇਸ ਕਾਨੂੰਨ ਤਹਿਤ ਗੁਰੂ ਰਵਿਦਾਸ ਦੀ ਮੂਰਤੀ ਅਤੇ ਪਵਿੱਤਰ ਗ੍ਰੰਥ ਅੰਮ੍ਰਿਤ ਬਾਣੀ ਅਤੇ ਭਗਵਾਨ ਵਾਲਮੀਕ ਜੀ ਦੀ ਮੂਰਤੀ, ਭਗਤ ਕਬੀਰ ਜੀ ਦੀ ਮੂਰਤੀ ਦੀ ਬੇਅਦਬੀ ਕਾਨੂੰਨ ਤੋਂ ਬਾਹਰ ਰੱਖਿਆ ਗਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਤਿੰਨਾਂ ਸਾਲਾਂ ਦੌਰਾਨ ਹਮੇਸ਼ਾ ਪੰਜਾਬ ਦੇ ਦਲਿਤਾਂ ਦੀ ਵਿਰੋਧੀ ਰਹੀ ਹੈ, ਜਿਸ ਕਰਕੇ ਇਸ ਕਾਨੂੰਨ ਤਹਿਤ ਵੀ ਦਲਿਤ ਸਮਾਜ ਦੇ ਗ੍ਰੰਥਾਂ ਅਤੇ ਗੁਰੂਆਂ ਦੀ ਬੇਅਦਬੀ ਬਾਰੇ ਵਿਚਾਰ ਨਹੀਂ ਕੀਤਾ ਗਿਆ। ਇਸ ਕਰਕੇ ਉਹਨਾਂ ਪੰਜਾਬ ਦੇ ਸਾਰੇ ਹੀ ਵਿਧਾਨ ਸਭਾ ਦੇ ਮੈਂਬਰਾਂ ਅਤੇ ਸਮੁੱਚੀ ਕਮੇਟੀ ਤੋਂ ਪੁਰਜੋਰ ਮੰਗ ਕੀਤੀ ਕਿ ਦਲਿਤ ਸਮਾਜ ਦੇ ਧਾਰਮਿਕ ਗ੍ਰੰਥ ਅਤੇ ਗੁਰੂਆਂ ਪੀਰਾਂ ਦੀ ਹੋ ਰਹੀ ਬੇਅਦਬੀ ਨੂੰ ਵੀ ਇਸ ਕਾਨੂੰਨ ਅੰਦਰ ਲਿਆਂਦਾ ਜਾਵੇ।