ਕਾਨੂੰਨੀ ਜਾਗਰੂਕਤਾ, ਨਸ਼ਿਆਂ ਅਤੇ ਸਾਈਬਰ ਸੁਰੱਖਿਆ ਬਾਰੇ ਦਿੱਤੀ ਜਾਣਕਾਰੀ

ਕੋਟਕਪੂਰਾ, 19 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਜਿਲ੍ਹੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ, ਪਿੰਡਾਂ ਅਤੇ ਮੁਹੱਲਿਆਂ ਵਿੱਚ ਬੱਚਿਆਂ ਨੂੰ ਸੁਰੱਖਿਅਤ ਅਤੇ ਜਾਗਰੂਕ ਕਰਨ ਲਈ ਇੱਕ ਪ੍ਰੇਰਨਾਦਾਇਕ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਮੁਹਿੰਮ ਤਹਿਤ ਇੱਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਮਨਵਿੰਦਰ ਬੀਰ ਸਿੰਘ ਐਸ.ਪੀ. ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਾਂਝ ਸਟਾਫ ਫਰੀਦਕੋਟ ਵੱਲੋਂ ਸਟੂਡੈਂਟ ਪੁਲਿਸ ਕੈਡਟ ਸਕੀਮ ਤਹਿਤ ਸਰਕਾਰੀ ਹਾਈ ਸਕੂਲ, ਪਿੰਡ ਟਹਿਣਾ ਦੇ ਵਿਦਿਆਰਥੀਆਂ ਨੂੰ ਸਾਂਝ ਕੇਂਦਰ ਅਤੇ ਥਾਣਾ ਸਦਰ ਫਰੀਦਕੋਟ ਦਾ ਦੌਰਾ ਕਰਵਾਇਆ ਗਿਆ। ਇਸ ਦੌਰਾਨ ਮੌਜੂਦ ਵਿਦਿਆਰਥੀਆਂ ਨੂੰ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਸਦਰ ਫਰੀਦਕੋਟ ਵੱਲੋਂ ਪੁਲਿਸ ਵਿਭਾਗ ਦੀ ਕੰਮਕਾਜੀ ਵਿਧੀ, ਕਾਨੂੰਨੀ ਜਾਗਰੂਕਤਾ, ਸਾਈਬਰ ਸੁਰੱਖਿਆ ਅਤੇ ਟਰੈਫਿਕ ਨਿਯਮਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਦੌਰਾਨ ਉਹਨਾ ਵੱਲੋਂ ਬੱਚਿਆਂ ਨੂੰ ‘ਗੁੱਡ ਟੱਚ’ ਅਤੇ ‘ਬੈਡ ਟੱਚ’ ਦੀ ਪਹਿਚਾਣ, ਆਨਲਾਈਨ ਧੋਖਾਧੜੀ ਤੋਂ ਬਚਾਅ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸਦੇ ਨਾਲ ਹੀ ਉਨ੍ਹਾਂ ਨੂੰ ਐਮਰਜੈਂਸੀ ਹੈਲਪਲਾਈਨ ਨੰਬਰ 112, 1930 ਅਤੇ 1098 ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ, ਤਾਂ ਜੋ ਉਹ ਕਿਸੇ ਵੀ ਸਥਿਤੀ ਵਿੱਚ ਤੁਰਤ ਸਹਾਇਤਾ ਪ੍ਰਾਪਤ ਕਰ ਸਕਣ। ਸੈਮੀਨਾਰ ਦੌਰਾਨ ਸਕੂਲ ਸਟਾਫ ਅਤੇ ਬੱਚਿਆਂ ਨੂੰ ਨਸ਼ਿਆਂ ਦੇ ਦੁਰਪ੍ਰਯੋਗ ਨਤੀਜਿਆ ਬਾਰੇ ਵੀ ਜਾਗਰੂਕ ਕੀਤਾ ਗਿਆ। ਪੁਲਿਸ ਕਰਮਚਾਰੀਆਂ ਨੇ ਨਸ਼ਿਆਂ ਦੇ ਖਿਲਾਫ ਲੜਾਈ ਵਿੱਚ ਹਰੇਕ ਵਿਅਕਤੀ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ ਅਤੇ ਸਮਾਜਿਕ ਜਿੰਮੇਵਾਰੀ ਨੂੰ ਪ੍ਰੋਤਸਾਹਿਤ ਕੀਤਾ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਨੇ ਦੱਸਿਆ ਕਿ ਅੱਜ ਦੇ ਵਿਦਿਆਰਥੀ ਕੱਲ੍ਹ ਦੇ ਜਿੰਮੇਵਾਰ ਨਾਗਰਿਕ ਹਨ। ਉਹਨਾ ਨੂੰ ਸ਼ੁਰੂ ਤੋਂ ਹੀ ਕਾਨੂੰਨ ਦੀ ਸਮਝ, ਸੁਰੱਖਿਆ ਸਬੰਧੀ ਸੂਝ ਅਤੇ ਨੈਤਿਕ ਮੁੱਲਾਂ ਦੀ ਸਿੱਖਿਆ ਦੇਣਾ ਬੇਹੱਦ ਜ਼ਰੂਰੀ ਹੈ। ਸਕੀਮ ਜਿਹੀ ਪਹਿਲ ਰਾਹੀਂ ਅਸੀਂ ਬੱਚਿਆਂ ਨੂੰ ਨਾ ਸਿਰਫ ਨਸ਼ਿਆਂ, ਸਾਈਬਰ ਖ਼ਤਰੇ ਜਾਂ ਸ਼ੋਸ਼ਣ ਤੋਂ ਸਾਵਧਾਨ ਕਰ ਰਹੇ ਹਾਂ, ਸਗੋਂ ਉਨ੍ਹਾਂ ਵਿੱਚ ਪੁਲਿਸ ਪ੍ਰਣਾਲੀ ਦੀ ਕਾਰਜਵਿਧੀ ਬਾਰੇ ਵੀ ਜਾਣਕਾਰੀ ਦੇ ਰਹੇ ਹਾਂ। ਫਰੀਦਕੋਟ ਪੁਲਿਸ ਵੱਲੋਂ ਇਹ ਯਤਨ ਨਵੀਂ ਪੀੜ੍ਹੀ ਨੂੰ ਇੱਕ ਸੁਰੱਖਿਅਤ, ਨਸ਼ਾ-ਮੁਕਤ ਤੇ ਜਾਗਰੂਕ ਭਵਿੱਖ ਵੱਲ ਲਿਜਾਣ ਦੀ ਵਚਨਬੱਧ ਕੋਸ਼ਿਸ਼ ਹੈ। ਇਸ ਮੌਕੇ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਸਦਰ ਫਰੀਦਕੋਟ ਸਮੇਤ ਸਰਕਾਰੀ ਹਾਈ ਸਕੂਲ, ਪਿੰਡ ਟਹਿਣਾ ਦੇ ਅਧਿਆਪਕ ਸੰਜੀਵ ਕੁਮਾਰ, ਗੁਰਪ੍ਰੀਤ ਕੌਰ, ਰੁਪਿੰਦਰ ਕੌਰ ਅਤੇ ਸਮੂਹ ਸਾਂਝ ਸਟਾਫ ਦੇ ਕਰਮਚਾਰੀ ਮੌਜੂਦ ਸਨ।