ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ
ਲੁਧਿਆਣਾ, 22 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਅੱਜ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਅਮਨ ਪਾਰਕ, ਨਿਊ ਰਾਜਗੁਰੂ ਨਗਰ, ਲੁਧਿਆਣਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨਿਊ ਰਾਜਗੁਰੂ ਨਗਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਗੁਰੂ ਸਾਹਿਬ ਦੀ ਯਾਦ ਵਿੱਚ ਸੇਵਾ ਤੇ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਸਮਾਗਮ ਦੌਰਾਨ ਉਸਤਾਦ ਗੋਬਿੰਦਰ ਸਿੰਘ ਆਲਮਪੁਰੀ ਨੇ ਰਸ-ਭਿੰਨੇ ਕੀਰਤਨ ਦੀ ਪੇਸ਼ਕਾਰੀ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੇ ਨਾਲ ਹੀ, ਸਮਾਗਮ ਮੌਕੇ ਇੱਕ ਵਿਸ਼ਾਲ ਮੈਡੀਕਲ ਚੈੱਕ-ਅਪ ਕੈਂਪ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਸੰਗਤਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ। ਇਸ ਕੈਂਪ ਵਿੱਚ ਹੱਡੀਆਂ-ਜੋੜਾਂ ਦੇ ਦਰਦ, ਹੋਮੀਓਪੈਥੀਕ, ਇਲੈਕਟਰੋਪੈਥੀ ਰਾਹੀਂ ਇਲਾਜ, ਜਨਰਲ ਮੈਡੀਕਲ ਸਮੱਸਿਆਵਾਂ ਦਾ ਹੱਲ, ਅਤੇ ਲੈਬਾਰਟਰੀ ਟੈਸਟ ਬਹੁਤ ਹੀ ਘੱਟ ਰੇਟਾਂ ‘ਤੇ ਮੁਹੱਈਆ ਕਰਵਾਏ ਗਏ।
ਕੈਂਪ ਵਿੱਚ ਸੀਨੀਅਰ ਡਾਕਟਰ ਡਾ. ਸ਼ੇਖਰ ਸਿੰਘਲ, ਜੋ ਡੀਐਮਸੀ ਲੁਧਿਆਣਾ ਤੋਂ ਸੰਬੰਧਿਤ ਹਨ, ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ-ਨਾਲ ਡਾ. ਮਨਦੀਪ ਸਿੰਘ ਜੌੜਾ (ਐਮ.ਡੀ. ਹੋਮੀਓ) ਅਤੇ ਬਾਂਸਲ ਹਸਪਤਾਲ ਦੀ ਵਿਸ਼ੇਸ਼ ਟੀਮ ਨੇ ਵੀ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸ. ਸਤਵਿੰਦਰ ਸਿੰਘ ਨੇ ਕਿਹਾ ਕਿ ਜੀਵਨ ਦਾ ਅਧਾਰ ਵਿਸ਼ਵਾਸ ‘ਤੇ ਟਿਕਿਆ ਹੁੰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਗੁਰੂ ‘ਤੇ ਪੱਕਾ ਵਿਸ਼ਵਾਸ ਬਹੁਤ ਵੱਡੇ-ਵੱਡੇ ਮਸਲਿਆਂ ਦਾ ਹੱਲ ਕਰ ਸਕਦਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਦੁਨੀਆਵੀ ਕੰਮਾਂ ਦੇ ਨਾਲ-ਨਾਲ ਰੋਜ਼ਾਨਾ ਗੁਰੂ ਘਰ ਨਾਲ ਜੁੜਨਾ ਚਾਹੀਦਾ ਹੈ, ਜਿਸ ਨਾਲ ਜੀਵਨ ਵਿੱਚ ਸ਼ਾਂਤੀ ਅਤੇ ਸੁਖ ਮਿਲਦਾ ਹੈ।
ਇਸੇ ਦੌਰਾਨ, ਗੁਰਦੁਆਰਾ ਸਾਹਿਬ ਦੇ ਸਕੱਤਰ ਸ. ਗੁਰਦੀਪ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਦੀਆਂ ਘਟਨਾਵਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਬਹੁਤ ਛੋਟੀ ਉਮਰ ਵਿੱਚ ਹੀ ਰੋਗੀਆਂ ਦੇ ਦੁੱਖਾਂ ਨੂੰ ਦੂਰ ਕਰਨ ਦਾ ਕੰਮ ਕੀਤਾ ਸੀ। ਉਹਨਾਂ ਕਿਹਾ ਕਿ ਜਿੱਥੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪ ਰੋਗੀਆਂ ਦਾ ਇਲਾਜ ਕੀਤਾ ਉੱਥੇ ਗੁਰੂ ਸਾਹਿਬ ਦੇ ਦਰਸ਼ਨ ਮਾਤਰ ਨਾਲ ਵੀ ਕਈਆਂ ਦੇ ਰੋਗ ਦੂਰ ਹੋਏ ਸਨ। ਗੁਰਦੁਆਰਾ ਸਾਹਿਬ ਵਿਖੇ ਅਰਦਾਸ ਨਾਲ ਠੀਕ ਹੋਏ ਬੱਚੇ ਦੇ ਹਵਾਲੇ ਨਾਲ ਉਹਨਾਂ ਕਿਹਾ ਕਿ ਗੁਰੂ ਸਾਹਿਬ ਦਾ ਪ੍ਰਤਾਪ ਅੱਜ ਵੀ ਜਾਰੀ ਹੈ। ਉਹਨਾਂ ਕਿਹਾ ਕਿ ਜੇ ਕੋਈ ਵਿਅਕਤੀ ਸੱਚੇ ਮਨ ਨਾਲ ਗੁਰੂ ਨਾਲ ਪ੍ਰੇਮ ਕਰਕੇ ਅਰਦਾਸ ਕਰੇ, ਤਾਂ ਉਸ ਦੀ ਮੁਸ਼ਕਿਲ ਜ਼ਰੂਰ ਹੱਲ ਹੁੰਦੀ ਹੈ।
ਇਹ ਸਮਾਗਮ ਸੰਗਤਾਂ ਲਈ ਨਾ ਸਿਰਫ਼ ਧਾਰਮਿਕ ਉਤਸਵ ਸਗੋਂ ਸਿਹਤ ਸੰਬੰਧੀ ਸਹੂਲਤਾਂ ਦਾ ਵੀ ਮੰਚ ਸਾਬਤ ਹੋਇਆ। ਸਮੂਹ ਸੰਗਤਾਂ ਨੇ ਇਸ ਪਵਿੱਤਰ ਮੌਕੇ ‘ਤੇ ਗੁਰੂ ਸਾਹਿਬ ਦੀ ਸ਼ਰਧਾ ਅਤੇ ਸੇਵਾ ਦਾ ਸੁਨੇਹਾ ਲੈ ਕੇ ਆਪਣੀਆਂ ਜ਼ਿੰਦਗੀਆਂ ਵਿੱਚ ਖੇੜਾ ਭਰਨ ਦਾ ਸੰਕਲਪ ਵੀ ਲਿਆ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।