ਭੀਖ ਮੰਗਦੇ ਬੱਚਾ ਦਿਖੇ ਤਾਂ ਤੁਰਤ 1098 ਨੰਬਰ ’ਤੇ ਦਿਉ ਸੂਚਨਾ : ਸੋਢੀ
ਕੋਟਕਪੂਰਾ, 23 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਬੱਚਿਆਂ ਦੇ ਭੀਖ ਮੰਗਣ ਦੀ ਵੱਧ ਰਹੀ ਤਾਦਾਦ ਨੂੰ ਰੋਕਣ ਲਈ ਪ੍ਰੋਜੈਕਟ ਜੀਵਨਜੋਤ-02 ਮੁਹਿੰਮ ਤਹਿਤ ਉਹਨਾਂ ਬੱਚਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਜੋ ਪੜ੍ਹਨ ਦੀ ਉਮਰ ਵਿੱਚ ਭੀਖ ਮੰਗ ਰਹੇ ਹਨ ਜਾਂ ਜਿਨ੍ਹਾਂ ਬੱਚਿਆਂ ਤੋਂ ਜਬਰਦਸਤੀ ਭੀਖ ਮੰਗਵਾਈ ਜਾ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਿਲ੍ਹਾ ਬਾਲ ਸੁਰੱਖਿਆ ਅਫਸਰ ਅਮਨਦੀਪ ਸਿੰਘ ਸੋਢੀ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਬਾਲ ਭਿੱਖਿਆ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ। ਭੀਖ ਮੰਗਣ ਵਾਲੇ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਦਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡੀ. ਐਨ.ਏ. ਟੈਸਟ ਵੀ ਕਰਵਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਜਿਲ੍ਹਾ ਟਾਸਕ ਫੋਰਸ ਦੇ ਸਹਿਯੋਗ ਨਾਲ ਫਰੀਦਕੋਟ ਵਿਖੇ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕੀਤੀ ਗਈ। ਉਨ੍ਹਾਂ ਆਮ ਲੋਕਾਂ ਨੂੰ ਜਾਣੂ ਕਰਵਾਇਆ ਕਿ ਭੀਖ ਮੰਗਣਾ ਅਤੇ ਬੱਚਿਆਂ ਤੋਂ ਭਿੱਖਿਆ ਕਰਵਾਉਣਾ ਕਾਨੂੰਨੀ ਜੁਰਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਭੇਜਣਾ ਚਾਹੀਦਾ ਹੈ ਤਾਂ ਜੋ ਪੜ੍ਹ-ਲਿਖ ਕੇ ਉਹ ਆਪਣੇ ਪੈਰਾ ਤੇ ਖੜੇ ਹੋ ਸਕਣ ਅਤੇ ਭਵਿੱਖ ਨੂੰ ਸਵਾਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਚੈਕਿੰਗਾ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆ ਤਾਂ ਜੋ ਮੁਹਿੰਮ ਤਹਿਤ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕ ਕੇ ਸਕੂਲ ਭੇਜਿਆ ਜਾ ਸਕੇ। ਇਸ ਦੌਰਾਨ ਪ੍ਰੋਟੈਕਸ਼ਨ ਅਫਸਰ.ਐਨ.ਆਈ.ਸੀ ਸੁਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਲ ਭਿੱਖਿਆ ਕਰਵਾਉਣ ਵਾਲੇ ਵਿਅਕਤੀ ਖਿਲਾਫ ਜੁਵੇਨਾਇਲ ਜਸਟਿਸ ਐਕਟ ਦੇ ਸੈਕਸ਼ਨ 76 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੇਕਰ ਕਿਸੇ ਨੂੰ ਕਿਤੇ ਵੀ ਬਾਲ ਭਿੱਖਿਆ ਕਰਦਾ ਕੋਈ ਬੱਚਾ ਦਿਖਾਈ ਦਿੰਦਾ ਹੈ ਤਾਂ ਤੁਰਤ ਟੋਲ ਫਰੀ ਨੰਬਰ 1098 ਤੇ ਫੋਨ ਕਰਕੇ ਉਸ ਦੀ ਸੂਚਨਾ ਦੇ ਸਕਦੇ ਹਨ। ਇਸ ਵਿੱਚ ਜਾਣਕਾਰੀ ਦੇਣ ਵਾਲੇ ਦਾ ਨਾਮ ’ਤੇ ਨੰਬਰ ਗੁਪਤ ਰੱਖਿਆ ਜਾਵੇਗਾ। ਚੈਕਿੰਗ ਦੇ ਦੌਰਾਨ ਪੁਲਿਸ ਵਿਭਾਗ, ਸਿੱਖਿਆ ਵਿਭਾਗ, ਚਾਈਲਡ ਲਾਈਨ (1098) ਟੀਮ, ਮਾਲਤੀ ਜੈਨ ਕਾਉਂਸਲਰ ਅਤੇ ਨੇਹਾ ਰਾਣੀ ਆਉਰਟਰੀਚ ਵਰਕਰ ਵੀ ਹਾਜ਼ਰ ਸਨ।