ਸ੍ਰੀ ਮੁਕਤਸਰ ਸਾਹਿਬ 25 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਲੰਘੀ 16 ਜੁਲਾਈ ਤੋਂ 20 ਜੁਲਾਈ ਤੱਕ ਛੱਤੀਸਗੜ੍ਹ ਵਿਖੇ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚੋਂ ਕਰੀਬ ਦੋ ਦਰਜਨ ਤੋਂ ਵੱਧ ਟੀਮਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਜਿਲ੍ਹੇ ਦੇ ਸੰਮੇਵਾਲੀ ਪਿੰਡ ਦੀ ਧੀ ਰਮਨਦੀਪ ਕੌਰ ਨੇ 45 ਕਿਲੋਗ੍ਰਾਮ ਤੱਕ ਭਾਰ ਦੇ ਮੁਕਾਬਲੇ ਵਿੱਚ ਭਾਗ ਲਿਆ ਸੀ।ਇਸ ਫਸਵੇਂ ਮੁਕਾਬਲੇ ਵਿੱਚ ਰਮਨਦੀਪ ਨੇ ਉਕਤ ਚੈਂਪੀਅਨਸ਼ਿਪ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਪਿੰਡ, ਸਮੁੱਚੇ ਇਲਾਕੇ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਮੈਡਲ ਪ੍ਰਾਪਤੀ ਤੋਂ ਰਮਨਦੀਪ ਕੱਲ੍ਹ ਹੀ ਆਪਣੇ ਜੱਦੀ ਪਿੰਡ ਸੰਮੇਵਾਲੀ ਪਹੁੰਚੀ ਹੈ । ਜਿੱਥੇ ਪਰਿਵਾਰ ਦੇ ਸ਼ੁਭਚਿੰਤਕਾਂ ਵੱਲੋਂ ਉਸ ਦਾ ਭਰਪੂਰ ਸਵਾਗਤ ਕੀਤਾ ਗਿਆ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ ਅਤੇ ਪੈਟਰਨ ਡਾ. ਸੁਰਿੰਦਰ ਗਿਰਧਰ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਰਮਨਦੀਪ ਕੌਰ ਅਤੇ ਉਸ ਦੇ ਪਿਤਾ ਸਾਹਿਬ ਸਿੰਘ ਸਮੇਤ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਢੋਸੀਵਾਲ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਦੇਸ਼ ਭਰ ਵਿੱਚ ਜਿਲ੍ਹੇ ਦਾ ਨਾਮ ਉੱਚਾ ਕਰਨ ਵਾਲੀ ਰਮਨਦੀਪ ਕੌਰ ਨੂੰ ਜਲਦੀ ਹੀ ਉਹਨਾਂ ਦੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ।