ਨਸ਼ਾ ਤਸਕਰਾਂ ਦੀ 5 ਕਰੋੜ 44 ਲੱਖ ਤੋਂ ਜਿਆਦਾ ਕੀਮਤ ਦੀ ਜਾਇਦਾਦ ਫਰੀਜ : ਐੱਸ.ਐੱਸ.ਪੀ.
ਕੋਟਕਪੂਰਾ, 30 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਵੱਲੋਂ ਜਿਲ੍ਹਾ ਪੱਧਰੀ ਕਾਨੂੰਨ-ਵਿਵਸਥਾ ਸਬੰਧੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ, ਜਿਸ ਵਿੱਚ ਸਮੂਹ ਹਲਕਾ ਅਫਸਰਾਂ ਦੇ ਨਾਲ-ਨਾਲ ਸਮੂਹ ਥਾਣਿਆਂ ਦੇ ਮੁੱਖ ਅਫਸਰ ਥਾਣਾ ਨੇ ਵੀ ਹਿੱਸਾ ਲਿਆ। ਮੀਟਿੰਗ ਦੌਰਾਨ ਨਸ਼ਾ ਵਿਰੋਧੀ ਚੱਲ ਰਹੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਅਤੇ ਕਾਨੂੰਨ ਵਿਵਸਥਾ ਬਾਰੇ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਇਸ ਦੌਰਾਨ ਐਸ.ਪੀ. (ਇੰਨਵੈਸਟੀਗੇਸ਼ਨ) ਫਰੀਦਕੋਟ ਸੰਦੀਪ ਕੁਮਾਰ ਵੀ ਮੌਜੂਦ ਰਹੇ। ਐਸ.ਐਸ.ਪੀ. ਵੱਲੋਂ ਜਿਲ੍ਹੇ ਦੇ ਸਾਰੇ ਥਾਣਾ ਮੁਖੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਗਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਾਡੀ ਰਣਨੀਤੀ ਸਖ਼ਤ ਕਾਰਵਾਈ ਅਤੇ ਕਮਿਉਨਿਟੀ ਅਧਾਰਿਤ ਰੋਕਥਾਮ ’ਤੇ ਆਧਾਰਿਤ ਹੈ, ਤਾਂ ਜੋ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੇ ਪ੍ਰਭਾਵਸ਼ਾਲੀ ਢੰਗ ਨਾਲ ਰੋਕਥਾਮ ਲਾਈ ਜਾ ਸਕੇ। ਇਸ ਦੌਰਾਨ ਉਹਨਾ ਮੁੱਖ ਅਫਸਰ ਥਾਣਾ ਨੂੰ ਸਾਰੇ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿੱਚ ਨਿਰੰਤਰ ਫਾਲੋ-ਅੱਪ ਅਤੇ ਬੈਕਵਰਡ ਅਤੇ ਫਾਰਵਰਡ ਲਿੰਕ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਸ ਨਾਲ ਜੁੜੀਆਂ ਵੱਡੀਆਂ ਮੱਛੀਆਂ ਨੂੰ ਫੜਿਆ ਜਾ ਸਕੇ। ਉਨ੍ਹਾਂ ਨੇ ਸੇਫ ਪੰਜਾਬ ਐਂਟੀ ਡਰੱਗ ਹੈਲਪਲਾਈਨ ਅਤੇ 112 ਹੈਲਪਲਾਈਨ ’ਤੇ ਮਿਲਣ ਵਾਲੀਆਂ ਸ਼ਿਕਾਇਤਾਂ ’ਤੇ ਫੌਰਨ ਐਕਸ਼ਨ ਲੈਣ ਲਈ ਪੁਲਿਸ ਅਧਿਕਾਰੀਆਂ ਨੂੰ ਹੁਕਮ ਦਿੱਤੇ। ਉਹਨਾ ਮੌਜੂਦ ਮੁੱਖ ਅਫਸਰ ਥਾਣਾ ਨੂੰ ਸੰਗਠਿਤ ਅਪਰਾਧ ਅਤੇ ਗੰਭੀਰ ਜੁਰਮਾਂ ਵਿੱਚ ਗ੍ਰਿਫਤਾਰੀਆਂ ’ਤੇ ਧਿਆਨ ਦੇਣ ਅਤੇ ਇਹਨਾ ਦੇ ਚਲਾਨ ਨਿਰਧਾਰਿਤ ਸਮੇਂ ਵਿੱਚ ਪੇਸ਼ ਅਦਾਲਤ ਕਰਨ ਦੇ ਨਿਰਦੇਸ਼ ਦਿੱਤੇ। ਇਸੇ ਦੌਰਾਨ ਅੰਡਰਟਰਾਇਲ ਕੇਸਾਂ ਦੀ ਸਮੀਖਿਆ ਕਰਨ ਲਈ ਹਫ਼ਤਾਵਾਰ ਮੀਟਿੰਗਾਂ ਕਰਨ ਲਈ ਵੀ ਹੁੱਕਮ ਦਿੱਤੇ ਗਏ। ਸਾਰੇ ਥਾਣਿਆਂ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਦੇ ਹੋਏ, ਉਨ੍ਹਾਂ ਨੇ ਚੰਗਾ ਕੰਮ ਕਰਨ ਵਾਲੇ ਥਾਣਿਆ/ਯੂਨਿਟਾਂ ਦੀ ਪ੍ਰਸ਼ੰਸਾ ਕੀਤੀ ਅਤੇ ਹੋਰਨਾਂ ਨੂੰ ਵੀ ਆਪਣੇ ਕੰਮ ਵਿੱਚ ਹੋਰ ਸੁਧਾਰ ਕਰਨ ਲਈ ਕਿਹਾ। ਇਸ ਦੌਰਾਨ ਉਹਨਾ ਨੇ ਭਗੌੜਿਆ ਅਤੇ ਫਰਾਰ ਲੋਕਾਂ ਨੂੰ ਗ੍ਰਿਫਤਾਰ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਦੌਰਾਨ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਦੇ ਨਤੀਜੇ ਸਾਂਝੇ ਕਰਦਿਆ ਡਾ. ਪ੍ਰਗਿਆ ਜੈਨ ਨੇ ਕਿਹਾ ਕਿ 1 ਮਾਰਚ 2025 ਤੋ ਲੈ ਕੇ ਹੁਣ ਤੱਕ ਫਰੀਦਕੋਟ ਪੁਲਿਸ ਵੱਲੋਂ 437 ਮੁਕੱਦਮੇ ਦਰਜ ਕਰਕੇ 674 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਫਰੀਦਕੋਟ ਪੁਲਿਸ ਵੱਲੋ 10 ਕਿਲੋ ਤੋ ਵੱਧ ਹੈਰੋਇਨ, 05 ਕਿਲੋ ਅਫੀਮ, 17 ਕੁਇੰਟਲ ਦੇ ਕਰੀਬ ਪੋਸਤ, 18 ਹਜਾਰ ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 7 ਲੱਖ ਤੋ ਜਿਆਦਾ ਡਰੱਗ ਮਨੀ ਦੀ ਬਰਾਮਦਗੀ ਕੀਤੀ ਗਈ ਹੈ। ਉਹਨਾ ਦੱਸਿਆ ਕਿ ਨਸ਼ਾ ਤਸਕਰਾ ਖਿਲਾਫ ਚਲਾਈ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀ 5 ਕਰੋੜ 44 ਲੱਖ ਤੋਂ ਜਿਆਦਾ ਕੀਮਤ ਦੀ ਜਾਇਦਾਦ ਮਹਿਜ ਪਿਛਲੇ 01 ਸਾਲ ਦੌਰਾਨ ਫਰੀਜ ਕਰਵਾਈ ਗਈ ਹੈ। ਇਸ ਦੇ ਨਾਲ ਹੀ ਉਹਨਾ ਕਿਹਾ ਕਿ ਫਰੀਦਕੋਟ ਪੁਲਿਸ ਵੱਲੋਂ ਸਾਰੇ ਸੰਗਠਿਤ ਅਪਰਾਧਾਂ ਅਤੇ ਮਾੜੇ ਅਨਸਰਾਂ ਉੱਪਰ ਤੁਰਤ ਅਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਤਹਿਤ ਅਜਿਹੇ ਅਨਸਰਾਂ ਦੀਆਂ ਗਤੀਵਿਧੀਆਂ ਉੱਪਰ ਰੋਕਥਾਮ ਫਰੀਦਕੋਟ ਪੁਲਿਸ ਦੀ ਪ੍ਰਾਥਮਿਕਤਾ ਰਹੀ ਹੈ। ਇਸ ਮੀਟਿੰਗ ਦੌਰਾਨ ਐਸ.ਪੀ. ਸੰਦੀਪ ਕੁਮਾਰ ਵੱਲੋਂ ਸਮੂਹ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਨਸ਼ਾ ਤਸਕਰੀ ਦੇ ਨਵੇ ਟਰੈਡ, ਸੰਗਠਿਤ ਅਪਰਾਧ ਅਤੇ ਜਿਲ੍ਹੇ ਵਿੱਚ ਕਾਨੂੰਨ ਅਤੇ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੇ ਮਹੱਤਵਪੂਰਨ ਮੁੱਦਿਆਂ ਬਾਰੇ ਵੀ ਸੰਬੋਧਨ ਕੀਤਾ ਗਿਆ।