
ਕੋਟਕਪੂਰਾ, 30 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਗਭਗ 20 ਸਾਲ ਬਾਅਦ ਫਰੀਦਕੋਟ ਰੇਲਵੇ ਸਟੇਸ਼ਨ ’ਤੇ ਖਾਦ ਦਾ ਰੈਕ ਮੁੜ ਸ਼ੁਰੂ ਕੀਤਾ ਗਿਆ ਹੈ। ਇਸ ਰੈਕ ਦੀ ਸ਼ੁਰੂਆਤ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਪਹਿਲਾਂ ਸੁਸਾਇਟੀਆਂ ਅਤੇ ਆੜਤੀਆਂ ਨੂੰ ਕੋਟਕਪੂਰਾ, ਮੁਕਤਸਰ ਅਤੇ ਫਿਰੋਜ਼ਪੁਰ ਤੋਂ ਖਾਦ ਲਿਆਉਣੀ ਪੈਂਦੀ ਸੀ, ਜਿਸ ਕਾਰਨ ਨਾ ਸਿਰਫ਼ ਵਾਧੂ ਖਰਚਾ ਹੁੰਦਾ ਸੀ, ਸਗੋਂ ਸਮਾਂ ਵੀ ਬਹੁਤ ਜ਼ਾਇਆ ਹੁੰਦਾ ਸੀ। ਹੁਣ ਖਾਦ ਦਾ ਰੈਕ ਫਰੀਦਕੋਟ ਰੇਲਵੇ ਸਟੇਸ਼ਨ ’ਤੇ ਆਉਣ ਕਾਰਨ ਸਿੱਧੀ ਖਾਦ ਇਥੇ ਉਤਰੇਗੀ, ਜਿਸ ਨਾਲ ਖੇਤੀਬਾੜੀ ਲਈ ਖਾਦ ਦੀ ਲਗਾਤਾਰ ਉਪਲਬਧਤਾ ਬਣੀ ਰਹੇਗੀ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਅੱਜ ਆਏ ਰੈਕ ਵਿੱਚ ਲਗਭਗ 35 ਹਜ਼ਾਰ ਖਾਦ ਦੇ ਗੱਟੇ ਪਹੁੰਚੇ ਹਨ ਅਤੇ ਜਲਦੀ ਹੀ ਡੀ.ਏ.ਪੀ. ਖਾਦ ਦਾ ਰੈਕ ਵੀ ਫਰੀਦਕੋਟ ਵਿਖੇ ਆਵੇਗਾ। ਉਨ੍ਹਾਂ ਕਿਹਾ ਕਿ ਖਾਦ ਦੀ ਉਪਲਬਧਤਾ ਸਾਰੇ ਜ਼ਿਲ੍ਹੇ ਵਿੱਚ ਯਕੀਨੀ ਬਣਾਈ ਜਾਵੇਗੀ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਰੈਕ ਨੂੰ ਖਾਲੀ ਕਰਨ ਲਈ ਲੇਬਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਰੇਲਵੇ, ਖਾਦ ਵਿਭਾਗ, ਆੜਤੀਆਂ ਅਤੇ ਡੀਲਰਾਂ ਵਿਚਕਾਰ ਪੂਰਾ ਤਾਲਮੇਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਵੱਲੋਂ ਕਿਸਾਨ ਭਲਾਈ ਲਈ ਕੀਤੇ ਜਾ ਰਹੇ ਕਈ ਉਪਰਾਲਿਆਂ ਵਿੱਚੋਂ ਇੱਕ ਹੋਰ ਵੱਡਾ ਕਦਮ ਹੈ ਜੋ ਖੇਤੀਬਾੜੀ ਦੇ ਖੇਤਰ ਨੂੰ ਮਜ਼ਬੂਤ ਕਰੇਗਾ। ਇਸ ਮੌਕੇ ਫਰੀਦਕੋਟ ਦੇ ਖਾਦ ਵਿਕਰੇਤਾਵਾਂ, ਆੜਤੀਆਂ, ਡੀਲਰਾਂ ਨੇ ਪੰਜਾਬ ਸਰਕਾਰ, ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਅਮਨਦੀਪ ਸਿੰਘ ਬਾਬਾ, ਅਮਰਜੀਤ ਸਿੰਘ ਪਰਮਾਰ, ਜਗਜੀਤ ਜੱਗੀ, ਸਤਨਾਮ ਸਿੰਘ,ਪਰਗਟ ਸਿੰਘ ਸਾਦਿਕ, ਬੱਬੂ ਆਹੂਜਾ, ਅਸ਼ਵਨੀ ਬਾਂਸਲ, ਮਨੋਜ ਜਿੰਦਲ, ਆਸ਼ੂ ਅਗਰਵਾਲ ਹਾਜ਼ਰ ਸਨ।