-ਪ੍ਰੋਗਰਾਮ ਦੌਰਾਨ ਸ਼੍ਰੀਮਤੀ ਪਰਮਜੀਤ ਕੌਰ ਦੇਵਤਾ ਦਾ ਵਿਸੇਸ਼ ਸਨਮਾਨ
ਬਠਿੰਡਾ , 31 ਜੁਲਾਈ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਸਾਉਣ ਦਾ ਮਹੀਨਾ ਪੰਜਾਬੀ ਮੁਟਿਆਰਾਂ ਲਈ ਇੱਕ ਖਾਸ ਮਹੱਤਤਾ ਰੱਖਦਾ ਹੈ , ਕਿਉਂਕਿ ਇਸ ਮਹੀਨੇ ਵਿੱਚ ਸਖੀਆਂ – ਸਹੇਲੀਆਂ ਇਕੱਠੀਆਂ ਹੋ ਕੇ ਤੀਆਂ ਦੇ ਤਿਉਹਾਰ ਨੂੰ ਬੜੇ ਚਾਵਾਂ ਨਾਲ ਮਨਾਉਂਦੀਆਂ ਹਨ। ਕਿਸੇ ਸਮੇਂ ਇਹ ਤੀਆਂ ਪਿੰਡਾਂ ਵਿੱਚ ਖੁੱਲ੍ਹੇ ਥਾਵੀਂ ਬੋਹੜਾਂ , ਪਿੱਪਲਾਂ ਜਾਂ ਹੋਰਨਾਂ ਰੁੱਖਾਂ ਦੀਆਂ ਛਾਵਾਂ ਹੇਠ ਮਨਾਈਆਂ ਜਾਂਦੀਆਂ ਸਨ , ਪਰ ਅਜੌਕੇ ਦੌਰ ਵਿੱਚ ਇਨ੍ਹਾਂ ਰੁੱਖਾਂ ਦੀ ਹੌਂਦ ਖਤਮ ਹੋਣ ਕਾਰਣ ਹੁਣ ਇਸਨੂੰ ਮਨਾਉਣ ਲਈ ਮੁਟਿਆਰਾਂ ਨੇ ਹੋਟਲਾਂ ਤੇ ਪੈਲੇਸਾਂ ਵੱਲ ਰੁੱਖ ਕਰ ਲਿਆ ਹੈ ਅਤੇ ਸ਼ਹਿਰਾਂ ਦੀਆਂ ਤੀਆਂ ਹੁਣ ਅਕਸਰ ਹੀ ਹੋਟਲਾਂ ਵਿੱਚ ਮਨਾਉਣ ਦੀ ਪ੍ਰੰਪਰਾ ਸ਼ੁਰੂ ਕਰ ਦਿੱਤੀ ਹੈ। ਜੋ ਸਾਡੇ ਪੁਰਾਤਨ ਸਭਿਆਚਾਰ ਵਿਰਸੇ ਦੇ ਬਿਲਕੁਲ ਵਿਪਰੀਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ ਬਠਿੰਡਾ ਸ਼ਹਿਰ ਵਿੱਚ ਤੀਆਂ ਦੀ ਪਿਰਤ ਪਾਉਣ ਵਾਲੀ ਸਖ਼ਸ਼ੀਅਤ ਸ਼੍ਰੀਮਤੀ ਪਰਮਜੀਤ ਕੌਰ ਦੇਵਤਾ ਨੇ , ਜੋ ਬੜੇ ਲੰਮੇ ਸਮੇਂ ਤੋਂ ਬਠਿੰਡਾ ਵਿਖੇ ” ਸਤਰੰਗੀ ਪੀਂਘ ” ਦੇ ਨਾਉਂ ਹੇਠ ਹਰ ਵਰ੍ਹੇ ਖੁੱਲ੍ਹੇ – ਡੁੱਲ੍ਹੇ ਮੈਦਾਨ ਵਿੱਚ ਇਹ ਤਿਉਹਾਰ ਮਨਾਉਂਦੇ ਆ ਰਹੇ ਹਨ। ਇਸੇ ਪਿਰਤ ਨੂੰ ਅੱਗੇ ਤੋਰਦਿਆਂ ਅਤੇ ਉਨ੍ਹਾਂ ਦੀਆਂ ਪੈੜਾਂ ਵਿੱਚ ਪੈੜਾਂ ਪਾਉਂਦਿਆਂ ਬਠਿੰਡਾ ਦੀ ਜੰਮਪਲ ਤੇ ਪਿੰਡ ਬੀੜ ਤਾਲਾਬ ਦੀ ਨੂੰਹ ਡਾਕਟਰ ਅਮਨਦੀਪ ਕੌਰ ਮਾਨ ਵੀ ਆਪਣੇ ਪਿੰਡ ਦੇ ਖੁੱਲ੍ਹੇ ਮੈਦਾਨ ਵਿੱਚ ਬਿਨਾਂ ਦਾਖਲਾ ਫੀਸ ਲਏ ਤੀਆਂ ਦੇ ਤਿਉਹਾਰ ਨੂੰ ਪਿਛਲੇ ਕੁੱਝ ਸਾਲਾਂ ਤੋਂ ਮਨਾਉਂਦੀ ਆ ਰਹੀ ਹੈ। ਇਸ ਵਾਰ ਵੀ ਡਾਕਟਰ ਅਮਨ ਮਾਨ ਆਪਣੇ ਪਿੰਡ ਬੀੜ ਤਾਲਾਬ ਬਸਤੀ ਨੰਬਰ 1 , ਨੇੜੇ ਚਿੱੜੀਆਂ ਘਰ ਦੇ ਗਰਾਉਂਡ ਵਿੱਚ ਇਸ ਤੀਆਂ ਦੇ ਤਿਉਹਾਰ ਨੂੰ 3 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਤੋਂ ਦੇਰ ਸ਼ਾਮ ਤੱਕ ਕਰਵਾ ਰਹੀ ਹੈ। ਜਿਸ ਵਿੱਚ ਮੁਟਿਆਰਾਂ ਵੱਲੋਂ ਗਿੱਧੇ , ਭੰਗੜੇ , ਬੋਲੀਆਂ ਅਤੇ ਲੋਕ ਗੀਤਾਂ ਤੇ ਲੜਕੀਆਂ ਦੇ ਨਿਰੋਲ ਪੰਜਾਬੀ ਪਹਿਰਾਵੇ ਵਿੱਚ ਸਭਿਆਚਾਰਕ ਗੀਤਾਂ ਤੇ ਸੋਲੋ ਡਾਂਸ ਕਰਵਾਉਣ ਤੋਂ ਇਲਾਵਾ ਉੱਘੀ ਗਾਇਕਾ ਮਨਜੀਤ ਕੌਰ ਬਠਿੰਡਾ , ਜੈਸਮੀਨ ਚੋਟੀਆਂ , ਜੋਤੀ ਗਿੱਲ ਅਤੇ ਸਪਨਾ ਬਰਾੜ ਆਪਣੀਆਂ ਵੱਖ – ਵੱਖ ਵੰਨਗੀਆਂ ਦੇ ਰੰਗ ਵਿਖੇਰਨਗੀਆ। ਇਸ ਮੌਕੇ ਮੁੱਖ ਪ੍ਰਬੰਧਕ ਡਾਕਟਰ ਅਮਨਦੀਪ ਕੌਰ ਮਾਨ ਤੇ ਸਹਿਯੋਗੀ ਰੀਤੂ ਸਵੇਰਾ ਨੇ ਦੱਸਿਆ ਕਿ ਇਸ ਤਿਉਹਾਰ ਵਿੱਚ ਸਾਡੇ ਅਮੀਰ ਵਿਰਸੇ ਤੇ ਪਹਿਰਾ ਦੇਣ ਵਾਲੀ ਸਖ਼ਸ਼ੀਅਤ ਪਰਮਜੀਤ ਕੌਰ ਦੇਵਤਾ ਦਾ ਵਿਸੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ । ਇਸ ” ਮੇਲਾ ਤੀਆਂ ਦਾ ” ਤਿਉਹਾਰ ਸਬੰਧੀ ਇੱਕ ਪੋਸਟਰ ਬੀਤੇ ਦਿਨ ਪਰਮਜੀਤ ਕੌਰ ਦੇਵਤਾ ਦੇ ਘਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਡਾ. ਅਮਨ ਮਾਨ , ਆਸ ਸ਼ੋਸਲ ਵੈਲਫੇਅਰ ਸੋਸਾਇਟੀ ਦੀ ਪ੍ਰਧਾਨ ਰੀਤੂ ਸਵੇਰਾ , ਪ੍ਰਿੰਸੀਪਲ ਸ਼ਾਰਧਾ ਚੌਪੜਾ , ਨਵਦੀਪ ਕੌਰ ਮਾਨ , ਨਗਰ ਕੌਂਸਲਰ ਜਸਵੀਰ ਸਿੰਘ ਜੱਸਾ ਅਤੇ ਸੱਤਪਾਲ ਮਾਨ ਆਦਿ ਸ਼ਾਮਲ ਸਨ। ਇਸ ਸਮੁੱਚੇ ਤਿਉਹਾਰ ਦਾ ਮੰਚ ਸੰਚਾਲਨ ਉੱਘੀ ਲੇਖਿਕਾ ਤੇ ਤੀਆਂ ਦੀ ਰਾਣੀ ਖਿਤਾਬ ਹਾਸਿਲ ਕਰਨ ਵਾਲੀ ਰਾਜਬੀਰ ਕੌਰ ਕਰੇਗੀ।