ਤਰਕਸ਼ੀਲ ਸਾਹਿਤ ਵੰਡਿਆ ਗਿਆ ਤੇ ਤਰਕਸ਼ੀਲਾਂ ਵੱਲੋਂ ਕਰਵਾਈ ਜਾ ਰਹੀ ਚੇਤਨਾ ਪਰਖ਼ ਪ੍ਰੀਖਿਆ ਬਾਰੇ ਜਾਣਕਾਰੀ ਦਿੱਤੀ ਗਈ

ਸੰਗਰੂਰ 1 ਅਗਸਤ (ਮਾਸਟਰ ਪਰਮ ਵੇਦ /ਵਰਲਡ ਪੰਜਾਬੀ ਟਾਈਮਜ਼)
ਬੀ.ਐਸ.ਐਨ.ਐਲ. ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ, ਸੰਗਰੂਰ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸਮਰਪਿੱਤ ਵਿਚਾਰ ਗੋਸ਼ਟੀ ਦਾ ਆਯੋਜਨ ਸ਼੍ਰੀ ਨੈਣਾਂ ਦੇਵੀ ਮੰਦਿਰ ਧਰਮਸ਼ਾਲਾ, ਸੰਗਰੂਰ ਵਿਖੇ ਕੀਤਾ ਗਿਆ।
ਸ਼ੁਰੂਆਤ ਵਿੱਚ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਯਾਦ ਕਰਦਿਆਂ ਬੁਲਾਰਿਆਂ ਦੱਸਿਆ ਕਿ ਉਧਮ ਸਿੰਘ ਨੇ ਕਿਹਾ ਸੀ “ਅਜਾਦੀ ਦੀ ਬੁਨਿਆਦ ਇਨਕਲਾਬ ਹੈ। ਗੁਲਾਮੀ ਦੇ ਵਿਰੁੱਧ ਇਨਕਲਾਬ, ਮਨੁੱਖ ਦਾ ਧਰਮ ਹੈ। ਇਹ ਮਨੁੱਖਤਾ ਦਾ ਆਦਰਸ਼ ਹੈ। ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨਿਵਾ ਦਿੰਦੀ ਹੈ ਉਹ ਮੌਤ ਨੂੰ ਪ੍ਰਵਾਨ ਕਰਦੀ ਹੈ ਕਿਉਂਕਿ ਅਜਾਦੀ ਜੀਵਨ ਹੈ ਅਤੇ ਗੁਲਾਮੀ ਮੌਤ ਹੈ। ਅਜਾਦੀ ਸਾਡਾ ਜਮਾਂਦਰੂ ਹੱਕ ਹੈ। ਅਸੀਂ ਇਸ ਨੂੰ ਹਾਸਿਲ ਕਰਕੇ ਰਹਾਂਗੇ…”
ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲਾ ਹੀ ਨਹੀਂ ਸੀ, ਸਗੋਂ ਉਹ ਧੁਰ ਅੰਦਰ ਸਮਾਜਿਕ ਬਦਲਾਅ ਨੂੰ ਪ੍ਰਣਾਇਆ ਉੱਘਾ ਕ੍ਰਾਂਤੀਕਾਰੀ ਸੀ।
ਲੁੱਟ ਰਹਿਤ ਸਮਾਜ ਸਿਰਜਣ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਲਈ ਜਮਾਤੀ ਸੰਘਰਸ਼ ਨੂੰ ਤੇਜ਼ ਕਰਨਾ ਹੀ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਹੈ।ਇਸ ਤੋਂ ਬਾਅਦ ਇਸ ਮਹੀਨੇ ਐਸੋਸੀਏਸ਼ਨ ਦੇ ਪਰਿਵਾਰਾਂ ਨਾਲ ਸਬੰਧਿਤ ਵਿਛੜੇ ਪਰਿਵਾਰਿਕ ਮੈਂਬਰਾਂ, 114 ਸਾਲਾ ਮੈਰਾਥਨ ਜੇਤੂ ਸਰਦਾਰ ਫੌਜਾ ਸਿੰਘ ਨੂੰ ਅਤੇ ਪਿਛਲੇ ਦਿਨੀ ਚਲਾਣਾ ਕਰ ਗਏ ਵਿਨੈ ਰੈਣਾ, ਜਿਲਾ ਸਕੱਤਰ, ਲੁਧਿਆਣਾ ਦੇ ਮਾਤਾ ਜੀ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਭਾਵ ਭਿੰਨੀ ਸ਼ਰਧਾਂਜ਼ਲੀ ਪੇਸ਼ ਕੀਤੀ ਗਈ।
ਸ਼੍ਰੀ ਪੀ. ਸੀ. ਬਾਘਾ ਨੇ ਮੀਟਿੰਗ ਦੇ ਸ਼ੁਰੂਆਤ ਵਿੱਚ ਅਜੋਕੇ ਸਮਾਜ ਵਿੱਚ ਪ੍ਰਚਲਤ ਵਹਿਮਾਂ ਭਰਮਾਂ ਅਤੇ ਸਮਾਜਿਕ ਨਾ ਬਰਾਬਰੀ ਦੇ ਮੁੱਦੇ ਤੇ ਪ੍ਰਭਾਵਸ਼ਾਲੀ ਤਕਰੀਰ ਕੀਤੀ ਅਤੇ ਨਿੱਗਰ ਸਮਾਜ ਦੀ ਉਸਾਰੀ ਵਾਸਤੇ ਵਿਗਿਆਨਕ ਸੋਚ ਅਪਣਾਉਣ ਦਾ ਸੱਦਾ ਦਿੱਤਾ।
ਸ਼੍ਰੀ ਸਾਧਾ ਸਿੰਘ ਵਿਰਕ ਨੇ ਪੈਨਸ਼ਨਰਾਂ ਲਈ ਆਪਣੇ ਵਾਰਸਾਂ ਦੇ ਨੌਮੀਨੇਸ਼ਨ ਫਾਰਮ ਭਰਨ ਦੀ ਮਹਤੱਤਾ ਬਾਰੇ ਦੱਸਿਆ ਅਤੇ ਪੰਜਾਬ ਸੀ.ਸੀ.ਏ. ਸੈੱਲ ਵੱਲੋਂ ਇਸ ਸਬੰਧੀ ਜਾਰੀ ਕੀਤੇ ਗਿਆ ਦਿਸ਼ਾ ਨਿਰਦੇਸ਼ਾਂ ਬਾਰੇ ਚਾਨਣਾ ਪਾਇਆ। ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਮੁਲਾਜ਼ਮ ਆਪਣੀ ਵਿਆਹੀ ਹੋਈ ਲੜਕੀ ਦਾ ਨਾਂ ਫੈਮਲੀ ਮੈਂਬਰਾਂ ਵਿੱਚ ਲਿਖਵਾ ਸਕਦੇ ਹਨ। ਇਸ ਤੋਂ ਇਲਾਵਾ ਸੀ ਜੀ ਐਚ ਐਸ ਦੇ ਨਵੇਂ ਸਿਸਟਮ ਬਾਰੇ ਜਾਣਕਾਰੀ ਦਿੱਤੀ ਅਤੇ ਵੈਲਨੈਸ ਸੈਂਟਰਾਂ ਤੇ ਖੱਜਲ ਖੁਆਰੀ ਤੋਂ ਬਚਣ ਲਈ ਉਪਾਅ ਦੱਸੇ।
ਸ਼੍ਰੀ ਅਸ਼ਵਨੀ ਕੁਮਾਰ ਨੇ ਬਜ਼ੁਰਗ ਸਾਥੀ ਸ਼੍ਰੀ ਗੁਰਦਿਆਲ ਸਿੰਘ ਸੈਨੀ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਸਿਹਤ ਠੀਕ ਨਾ ਹੋਣ ਦੇ ਬਾਵਜ਼ੂਦ ਐਸੋਸੀਏਸ਼ਨ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ।
ਸ਼੍ਰੀ ਸ਼ਿਵ ਨਰਾਇਣ ਨੇ ਇਸ ਮਹੀਨੇ ਦੇ ਘਟਨਾਕ੍ਰਮ ਜਿਵੇਂ ਕਿ ਰਾਸ਼ਟਰੀ ਡਾਕਟਰ ਦਿਵਸ, ਵਿਸ਼ਵ ਜਨਸੰਖਿਆ ਦਿਵਸ ,ਜਿਲਾ ਸੰਗਰੂਰ ਦੀ ਗਦਰੀ ਬੀਬੀ ਗੁਲਾਬ ਕੌਰ ਬਖਸ਼ੀ ਵਾਲਾ ਅਤੇ ਉਧਮ ਸਿੰਘ ਦੇ ਸ਼ਹੀਦੀ ਦਿਵਸ ਬਾਰੇ ਚਾਨਣਾ ਪਾਇਆ। ਅਵਾਰਾ ਪਸ਼ੂਆਂ ਅਤੇ ਕੁੱਤਿਆਂ ਬਾਰੇ ਚਿੰਤਾ ਪ੍ਰਗਟਾਉਂਦਿਆਂ ਸਰਕਾਰ ਤੋਂ ਇਸ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕੀਤੀ। ਉਨ੍ਹਾਂ ਨੇ ਸ਼੍ਰੀ ਨਵਨੀਤ ਕੁਮਾਰ ਬਰਨਾਲ਼ਾ ਦੀ ਭਰਪੂਰ ਸ਼ਲਾਘਾ ਕੀਤੀ ਜਿਨ੍ਹਾਂ ਨੇ ਸਵਰਗੀ ਸ਼੍ਰੀ ਬੀ.ਐਸ. ਸਿੱਧੂ ਅਤੇ ਸ਼੍ਰੀ ਓਂਕਾਰ ਚੰਦ ਦੇ ਪਰਿਵਾਰ ਦੀ ਫੈਮਿਲੀ ਪੈਨਸ਼ਨ ਲਵਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ।
ਸ਼੍ਰੀ ਸ਼ਿਵ ਚਰਨ ਦਾਸ ਨੇ ਤਰਕਸ਼ੀਲ ਸਾਹਿਤ ਵੰਡਿਆ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ 29 ਤੇ 31 ਅਗਸਤ ਨੂੰ ਕਰਵਾਈ ਜਾ ਰਹੀ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਬਾਰੇ ਜਾਣਕਾਰੀ ਦਿੱਤੀ,ਇਹ ਪ੍ਰੀਖਿਆ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਹੈ । ਇਕਾਈ ਸੰਗਰੂਰ ਵੱਲੋਂ ਇਹ ਪ੍ਰੀਖਿਆ ਤਕਰੀਬਨ 12 ਪ੍ਰੀਖਿਆ ਕੇਂਦਰਾਂ ਵਿੱਚ ਹੋਵੇਗੀ।
ਸ਼੍ਰੀ ਕੇਵਲ ਸਿੰਘ ਮਾਲੇਰਕੋਟਲਾ ਨੇ ਆਪਣੀ ਬੁਲੰਦ ਅਵਾਜ ਵਿੱਚ ਤੂੰਬੀ ਨਾਲ ਇੱਕ ਬਹੁਤ ਹੀ ਮਕਬੂਲ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸ਼੍ਰੀ ਹਰਮੇਸ਼ ਸਿੰਘ ਨੇ ਰਾਗ ਮਲਹਾਰ ਵਿੱਚ ਇੱਕ ਸ਼ਬਦ ਦਾ ਗਾਇਣ ਕੀਤਾ ਅਤੇ ਵਾਰਿਸ ਸ਼ਾਹ ਦੀ ਹੀਰ ਵਿੱਚੋਂ ਇੱਕ ਗੀਤ ਸੁਣਾ ਕੇ ਆਪਣੀ ਕਲਾ ਨਾਲ ਮਾਹੌਲ ਨੂੰ ਵਿਲੱਖਣ ਰੰਗ ਦਿੱਤਾ। ਸ਼੍ਰੀ ਭਾਰਤ ਭੂਸ਼ਣ ਧੂਰੀ ਨੇ ਇੱਕ ਮਸ਼ਹੂਰ ਫਿਲਮੀ ਗੀਤ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।
ਮੀਟਿੰਗ ਵਿੱਚ ਚਾਰ ਕਾਉੰਟਰ ਲਗਾਏ ਗਏ ਸਨ ਅਤੇ ਲਗਭਗ 80 ਪੈਨਸ਼ਨਰ ਪਰਿਵਾਰਾਂ ਦੇ ਨੌਮੀਨੇਸ਼ਨ ਫਾਰਮ ਭਰਵਾਏ ਗਏ। ਫਾਰਮ ਭਰਨ ਦੇ ਸੇਵਾ ਸ਼੍ਰੀ ਨਵਨੀਤ ਕੁਮਾਰ ਬਰਨਾਲ਼ਾ, ਸ਼੍ਰੀ ਮਾਂਗੇ ਰਾਮ ਸੁਨਾਮ , ਸ਼੍ਰੀ ਐਸ. ਪੀ. ਗਰਗ ਸੰਗਰੂਰ, ਸ਼੍ਰੀ ਬਲਵੰਤ ਰਾਮ ਸੰਗਰੂਰ ਅਤੇ ਸ਼੍ਰੀ ਭਾਰਤ ਭੂਸ਼ਣ ਧੂਰੀ ਵੱਲੋਂ ਕੀਤੀ ਗਈ।
ਸ਼੍ਰੀ ਸਾਧਾ ਸਿੰਘ ਵਿਰਕ ਨੇ ਉਚੇਚੇ ਤੌਰ ਤੇ ਹਾਜ਼ਰੀ ਭਰਨ ਲਈ ਪਹੁੰਚੇ ਸ਼੍ਰੀ ਦੀਦਾਰ ਸਿੰਘ (ਰੋਪੜ),ਸ਼੍ਰੀ ਰਜਿੰਦਰ ਸਿੰਘ ਸਲਾਣਾ (ਖੰਨਾ ਮੰਡੀ) ਅਤੇ ਦੂਰ ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਉਣ ਵਾਲੇ ਪੈਨਸ਼ਨਰ ਸਾਥੀਆਂ ਦਾ ਧੰਨਵਾਦ ਕੀਤਾ ।
ਮੰਚ ਸੰਚਾਲਨ ਸ਼੍ਰੀ ਸ਼ਿਵ ਨਰਾਇਣ ਵੱਲੋਂ ਕੀਤਾ ਗਿਆ।
