ਫ਼ਰੀਦਕੋਟ, 1 ਅਗਸਤ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਫਰੀਡਮ ਫਾਈਟਰਜ ਡੀਪੈਂਡੇਨਟਸ ਐਸੋਸੀਏਸ਼ਨ ਪੰਜਾਬ ਨੇ ਜਲਿਆਂ ਵਾਲਾ ਬਾਗ ਵਿੱਚ ਮਾਰੇ ਗਏ ਨਿਹੱਥੇ ਬੇਕਸੂਰ ਭਾਰਤੀਆਂ ਦੇ ਕਤਲੇਆਮ ਦਾ ਬਦਲਾ ਲੈਣ ਵਾਲੇ ਭਾਰਤ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦਾ 86 ਵਾਂ ਸ਼ਹੀਦੀ ਦਿਹਾੜਾ ਸਥਾਨਿਕ ਗਊਸ਼ਾਲਾ ਨਾਂਦਿਆਂਨਾ ਗੇਟ ਵਿਖੇ ਸੂਬਾ ਪ੍ਰਧਾਨ ਸ਼੍ਰੀ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਮਨਾਇਆ ਗਿਆ।ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਡਾਕਟਰ ਚੰਦਰ ਸ਼ੇਖਰ ਸਿਵਲ ਸਰਜਨ ਫਰੀਦਕੋਟ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਹਾਜ਼ਰ ਸਮੂਹ ਮੈਂਬਰਾਂ ਨੇ ਸ਼ਹੀਦ ਊਧਮ ਸਿੰਘ ਜੀ ਦੀ ਤਸਵੀਰ ਅੱਗੇ ਸ਼ਰਦਾ ਦੇ ਫੁੱਲ ਭੇਂਟ ਕੀਤੇ।ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸੂਬਾ ਪ੍ਰਧਾਨ ਸ਼੍ਰੀ ਸੁਰੇਸ਼ ਅਰੋੜਾ ਨੇ ਸ਼ਹੀਦ ਊਧਮ ਸਿੰਘ ਜੀ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਜਨਮ 26ਦਸੰਬਰ 1899 ਨੂੰ ਸੁਨਾਮ ਵਿਖੇ ਸ ਟਹਿਲ ਸਿੰਘ ਦੇ ਘਰ ਹੋਇਆ ਉਹ ਇੱਕ ਪ੍ਰਮੁੱਖ ਭਾਰਤੀ ਕ੍ਰਾਂਤੀਕਾਰੀ ਅਤੇ ਅਜ਼ਾਦੀ ਘੁਲਾਟੀਏ ਸਨ ਜਿਨ੍ਹਾਂ ਨੇ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਮਹੱਤਵ ਪੂਰਨ ਭੂਮਿਕਾ ਨਿਭਾਈ ਉਨ੍ਹਾਂ ਨੂੰ 1919 ਦੇ ਜਲਿਆਂ ਵਾਲਾ ਬਾਗ ਸਾਕੇ ਦਾ ਬਦਲਾ ਲੈਣ ਲਈ 1940 ਵਿੱਚ ਲੰਡਨ ਵਿੱਚ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਦੀ ਹੱਤਿਆ ਕਰਨ ਲਈ ਸੱਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ ਕਿਉਂ ਕਿ ਉਨ੍ਹਾਂ ਦਾ ਪਰਿਵਾਰ ਜਲਿਆਂ ਵਕਾ ਬਾਗ਼ ਦੇ ਕਤਲੇਆਮ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਜਿੱਥੇ ਜਨਰਲ ਡਾਇਰ ਦੀ ਕਮਾਂਡ ਹੇਠ ਬ੍ਰਿਟਿਸ਼ ਫੌਜਾਂ ਨੇ ਭਾਰਤੀਆਂ ਦੇ ਸ਼ਾਂਤਮਈ ਇਕੱਠ ਤੇ ਗੋਲਾਬਾਰੀ ਕੀਤੀ ਸੀ।ਜਿਸ ਦੇ ਨਤੀਜੇ ਵਜੋਂ ਸੈਂਕੜੇ ਮੌਤਾਂ ਹੋਈਆਂ ਸਨ। ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਊਧਮ ਸਿੰਘ ਅਤੇ ਉਸ ਦੇ ਵੱਡੇ ਭਰਾ ਮੁਕਤਾ ਸਿੰਘ ਦਾ ਪਾਲਣ ਪੋਸ਼ਣ ਅੰਮ੍ਰਿਤਸਰ ਵਿੱਚ ਖਾਲਸਾ ਅਨਾਥ ਆਸ਼ਰਮ ਪੁੱਤਲੀ ਘਰ ਨੇ ਕੀਤਾ।1918 ਵਿੱਚ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ ਅਤੇ ਅਨਾਥ ਆਸ਼ਰਮ ਛੱਡ ਦਿੱਤਾ।ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਊਧਮ ਸਿੰਘ ਨੇ ਆਜ਼ਾਦੀ ਅੰਦੋਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਉਨ੍ਹਾਂ ਦੇ ਜੀਵਨ ਵਿੱਚ ਗ਼ਦਰ ਪਾਰਟੀ ਦਾ ਮੁਹਿੰਮ ਇੱਕ ਮਹੱਤਵਪੂਰਨ ਅੰਗ ਸੀ।ਗ਼ਦਰ ਪਾਰਟੀ ਇੱਕ ਅਜਿਹਾ ਸੰਗਠਨ ਸੀ ਜਿਸ ਨੇ ਹਿੰਦੁਸਤਾਨੀਆਂ ਨੂੰ ਬ੍ਰਿਟਿਸ਼ ਰਾਜ ਤੋਂ ਮੁਕਤ ਕਰਵਾਉਣ ਲਈ ਸੰਘਰਸ਼ ਕੀਤਾ।ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਊਧਮ ਸਿੰਘ ਨੇ 21 ਸਾਲ ਬਾਅਦ 13 ਮਾਰਚ 1940 ਨੂੰ ਲੰਡਨ ਵਿੱਚ ਓਡਵਾਇਰ ਦਾ ਕਤਲ ਕੀਤਾ।ਊਧਮ ਸਿੰਘ ਨੂੰ ਕਤਲ ਦਾ ਦੋਸ਼ੀ ਠਹਰਾਇਆ ਗਿਆ।31 ਜੁਲਾਈ 1940 ਨੂੰ ਅੱਜ ਦੇ ਦਿਨ ਪੈਂਟਨਵਿਲੇ ਜੇਲ ਵਿੱਚ ਉਸ ਨੂੰ ਫਾਂਸੀ ਦਿੱਤੀ ਗਈ। ਹਰ ਸਾਲ ਅੱਜ ਦੇ ਦਿਨ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।ਜ਼ਿਲਾ ਪ੍ਰਧਾਨ ਨਰੇਸ਼ ਕੁਮਾਰ ਨੇ ਸਭਨਾ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਛੀਨਾ,ਬਲਦੇਵ ਸਿੰਘ ਨਾਗੀ,ਵੈਦ ਸਤਿੰਦਰ ਕੁਮਾਰ ਸ਼ਰਮਾ,ਰਾਜਿੰਦਰ ਕੁਮਾਰ,ਰੁਪਿੰਦਰ ਸਿੰਘ,ਗੁਰਮੀਤ ਸਿੰਘ,ਸ਼ਾਮ ਸੁੰਦਰ ਸ਼ਰਮਾ ਸੰਧਵਾਂ,ਜੁਗਰਾਜ ਸਿੰਘ ਬਰਾੜ,ਰਾਜੇਸ਼ ਗੁਪਤਾ,ਜੀਤ ਸਿੰਘ ਸਿੱਧੂ,ਸਾਧੂ ਰਾਮ ਸ਼ਰਮਾ, ਜੈ ਪ੍ਰੀਤ ਸਿੰਘ,ਵਜ਼ੀਰ ਚੰਦ ਗੁਪਤਾ,ਹੈਡਮਾਸਟਰ ਜਸਵਿੰਦਰ ਸਿੰਘ ਕੈਂਥ,ਪਰਵੀਨ ਗੁਪਤਾ, ਅਰੁਣ ਕੁਮਾਰ ਗਾਂਧੀ,ਹਰਵਿੰਦਰ ਕੁਮਾਰ ਅਤੇ ਪ੍ਰੀਤਮ ਸਿੰਘ ਹਾਜ਼ਰ ਸਨ।

