ਫਰੀਦਕੋਟ 4 ਅਗਸਤ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਭਾਰਤ ਦਾ ਪ੍ਰਸਿੱਧ ਔਰਤਾਂ ਦਾ ਤਿਉਹਾਰ ਤੀਆਂ ਤੀਜ ਦੀਆਂ ਫਰੀਦਕੋਟ ਦੀ ਸ਼ਾਹੀ ਹਵੇਲੀ ਵਿੱਚ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਜਿਸ ਵਿੱਚ ਤਕਰੀਬਨ ਇੱਕ ਹਜ਼ਾਰ ਦੇ ਕਰੀਬ ਫਰੀਦਕੋਟ ਦੀਆਂ ਔਰਤਾਂ, ਕੁੜੀਆਂ, ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਸਮੇਂ ਹਾਜ਼ਰ ਔਰਤਾਂ, ਕੁੜੀਆਂ ਨੇ ਨੱਚ ਨੱਚ ਕੇ ਧਮਾਲਾਂ ਪਾਈਆਂ ਅਤੇ ਕੁੜੀਆਂ ਵੱਲੋਂ ਪਾਈਆਂ ਗਈਆਂ ਬੋਲੀਆਂ ਵੀ ਬਹੁਤ ਮਨ ਨੂੰ ਟੁੰਭਦੀਆਂ ਸਨ। ਇਸ ਸਮੇਂ ਸ਼ਾਹੀ ਹਵੇਲੀ ਦੀ ਮਨੈਜਿੰਗ ਡਾਇਰੈਕਟਰ ਅਰਸ਼ ਸੱਚਰ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ। ਇਸ ਸਮੇਂ ਮੁੱਖ ਪ੍ਰਬੰਧਕਾਂ ਵੱਲੋਂ ਕੁੜੀਆਂ ਨੂੰ ਸਵਾਲ ਜਵਾਬ ਵੀ ਪੁੱਛੇ ਗਏ ਸਨ ।ਸਹੀ ਉੱਤਰ ਦੇਣ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸੀ। ਇਸ ਸਮੇਂ ਖਾਣ ਪੀਣ ਦੀਆਂ ਸਟਾਲਾਂ ਵੀ ਇਸ ਮੇਲੇ ਦੀ ਰੌਣਕ ਨੂੰ ਵਧਾ ਰਹੀਆਂ ਸਨ। ਬੱਚਿਆਂ ਦੀਆਂ ਖੇਡਾਂ,ਝੂਲੇ, ਮਹਿੰਦੀ ਮੁਕਾਬਲੇ , ਵਗ਼ੈਰਾ ਵੀ ਇਸ ਤੀਆਂ ਦੇ ਮੇਲੇ ਨੂੰ ਹੋਰ ਵੀ ਆਕਰਸ਼ਕ ਬਣਾ ਰਹੇ ਸਨ। ਅੰਤ ਵਿੱਚ ਸ਼ਾਹੀ ਹਵੇਲੀ ਦੇ ਪ੍ਰਬੰਧਕਾਂ ਵੱਲੋਂ ਪੁੱਛੇ ਗਏ ਸਹੀ ਸਵਾਲਾਂ ਦੇ ਜਵਾਬ ਦੇਣ ਵਾਲੀਆਂ ਪਹਿਲੇ ਦੂਜੇ ਤੀਜੇ ਦਰਜ਼ੇ ਤੇ ਆਉਣ ਵਾਲੀਆਂ ਭਾਗੀਦਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿਚ ਜਿੰਨੀਆਂ ਵੀ ਭਾਗੀਦਾਰਾਂ ਨੇ ਭਾਗ ਲਿਆ ਸੀ ਉਨ੍ਹਾਂ ਸਭ ਨੂੰ ਸਨਮਾਨਿਤ ਕੀਤਾ ਗਿਆ ਸੀ।
ਅੰਤ ਵਿੱਚ ਸ਼ਾਹੀ ਹਵੇਲੀ ਦੇ ਪ੍ਰਬੰਧਕ ਆਮ ਆਦਮੀ ਪਾਰਟੀ ਦੇ ਆਗੂ ਅਰਸ਼ ਸੱਚਰ ਨੇ ਆਏ ਹੋਏ ਮਹਿਮਾਨਾਂ ਅਤੇ ਇਸ ਮੇਲੇ ਵਿੱਚ ਪਹੁੰਚੀਆਂ ਸਨਮਾਨ ਯੋਗ ਸਖ਼ਸ਼ੀਅਤਾਂ, ਤੀਆਂ ਦੇ ਮੇਲੇ ਵਿੱਚ ਭਾਗੀਦਾਰਾਂ ਔਰਤਾਂ, ਬੱਚੀਆਂ ਆਦਿ ਸਭਨਾਂ ਦਾ ਧੰਨਵਾਦ ਕੀਤਾ। ਅਰਸ਼ ਸੱਚਰ ਨੇ ਕਿਹਾ ਕਿ ਇਹ ਮੇਲਾ ਕੋਈ ਨੱਚਣ ਟੱਪਣ ਦਾ ਨਹੀਂ ਸਗੋਂ ਇਹ ਤੀਆਂ ਦਾ ਮੇਲਾ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ। ਸਾਨੂੰ ਸਾਰੇ ਹੀ ਧਰਮਾਂ ਦੇ ਤਿਉਹਾਰ ਆਪੋਂ ਵਿੱਚ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਅਤੇ ਇੱਕ ਦੂਜੇ ਦੀਆਂ ਖੁਸ਼ੀਆਂ ਵਿੱਚ ਸ਼ਰੀਕ ਹੋਣਾ ਚਾਹੀਦਾ ਹੈ।ਆਖਿਰ ਅਗਲੇ ਸਾਲ ਫੇਰ ਮਿਲਣ ਦਾ ਲਾਰਾ ਲਾ ਕੇ ਇਹ ਮੇਲਾ ਸਮਾਪਤ ਹੋਇਆ।