ਕੋਟਕਪੂਰਾ, 8 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਪੀ.ਐਮ. ਸ਼੍ਰੀ ਸਰਕਾਰੀ ਹਾਈ ਸਕੂਲ ਸੁਰਗਾਪੁਰੀ, ਕੋਟਕਪੂਰਾ ਵਿਖੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵੱਲੋਂ ਆਨਲਾਈਨ ਕਰਵਾਏ ਗਏ ਵੈਡ-2025 ਪੇਂਟਿੰਗ ਮੁਕਾਬਲੇ ਵਿੱਚ “ਐਂਨਡਿੰਗ ਪਲਾਸਟਿਕ ਪ੍ਰਦੂਸ਼ਣ” ਥੀਮ ਤਹਿਤ ਪੰਜਾਬ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਸੱਤਵੀਂ ਬੀ ਜਮਾਤ ਦੀ ਵਿਦਿਆਰਥਣ ਪੰਖੁਰੀ ਦਾ ਸਕੂਲ ਦੇ ਹੈਡ ਮਾਸਟਰ ਸ਼੍ਰੀ ਮਨੀਸ਼ ਛਾਬੜਾ ਅਤੇ ਨੋਡਲ ਇੰਚਾਰਜ ਰਵਿੰਦਰ ਕੁਮਾਰ ਸਾਇੰਸ ਮਾਸਟਰ ਵੱਲੋਂ ਸਰਟੀਫਿਕੇਟ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਦਸਵੀਂ ‘ਸੀ’ ਦੀ ਵਿਦਿਆਰਥਣ ਰਮਨਦੀਪ ਕੌਰ ਅਤੇ ਨੌਵੀਂ ‘ਏ’ ਦੀ ਵਿਦਿਆਰਥਣ ਹਰਮਨਦੀਪ ਕੌਰ ਨੂੰ ਵੀ ਪਾਰਟੀਸਿਪੇਸ਼ਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਹੈਡ ਮਾਸਟਰ ਸ਼੍ਰੀ ਮਨੀਸ਼ ਛਾਬੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਪਲਾਸਟਿਕ ਦੀ ਥਾਂ ਕਾਗਜ਼ ਜਾਂ ਜੂਟ ਤੋਂ ਬਣੇ ਹੋਏ ਲਿਫਾਫਿਆਂ ਦੀ ਵਰਤੋਂ ਕਰਕੇ ਪਲਾਸਟਿਕ ਦੇ ਬੁਰੇ ਪ੍ਰਭਾਵਾਂ ਤੋਂ ਵਾਤਾਵਰਣ ਨੂੰ ਬਚਾ ਸਕਦੇ ਹਾਂ ਜੋ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ। ਸੋ ਸਾਨੂੰ ਸਾਰਿਆਂ ਨੂੰ ਵਾਤਾਵਰਣ ਨੂੰ ਪਲਾਸਟਿਕ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ।