ਸ੍ਰੀਨਗਰ, 12 ਅਗਸਤ (ਬਲਵਿੰਦਰ ਬਾਲਮ/ਵਰਲਡ ਪੰਜਾਬੀ ਟਾਈਮਜ਼)
ਜੰਮੂ-ਕਸ਼ਮੀਰ ਅਕੈਡਮੀ ਆਫ਼ ਆਰਟ, ਕਲਚਰ ਐਂਡ ਲੈਂਗਵੇਜਿਜ਼ (JKAACL) ਵੱਲੋਂ ਗੁਰੂਦੁਆਰਾ ਸਿੰਘ ਸਭਾ, ਸਿੰਘਪੁਰਾ, ਪਹਲਗਾਮ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਅਕੈਡਮੀ ਦੀ ਸਕੱਤਰੀ ਸ੍ਰੀਮਤੀ ਹਰਵਿੰਦਰ ਕੌਰ ਦੀ ਰਹਿਨੁਮਾਈ ਹੇਠ ਹੋਇਆ।
ਸਮਾਗਮ ਦੀ ਸ਼ੁਰੂਆਤ ਪ੍ਰਸਿੱਧ ਰਾਗੀ ਸ. ਪੋਪਿੰਦਰ ਸਿੰਘ ਵੱਲੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਹੋਈ। ਪ੍ਰਸਿੱਧ ਪ੍ਰਚਾਰਕ ਸ. ਆਯਾ ਸਿੰਘ ਨੇ ਗੁਰੂ ਤੇਗ਼ ਬਹਾਦਰ ਜੀ ਦੀ ਜੀਵਨ-ਲੀਲਾ ਅਤੇ ਉਨ੍ਹਾਂ ਦੀ ਬੇਮਿਸਾਲ ਸ਼ਹਾਦਤ ਬਾਰੇ ਵਿਸਥਾਰ ਨਾਲ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰੂ ਜੀ “ਹਿੰਦ ਦੀ ਚਾਦਰ” ਵਜੋਂ ਸਨਮਾਨਿਤ ਹਨ ਕਿਉਂਕਿ ਉਨ੍ਹਾਂ ਨੇ 1675 ਵਿੱਚ ਧਰਮ ਦੀ ਆਜ਼ਾਦੀ ਲਈ ਆਪਣਾ ਜੀਵਨ ਕੁਰਬਾਨ ਕੀਤਾ।
ਕਵੀ ਦਰਬਾਰ ਵਿੱਚ ਹਰਪ੍ਰੀਤ ਕੌਰ, ਹਰਬੰਸ ਸਿੰਘ, ਗੁਰਦੀਪ ਕੌਰ, ਜਸਪ੍ਰੀਤ ਸਿੰਘ, ਅਮਰਦੀਪ ਸਿੰਘ, ਪਰਮਜੀਤ ਕੌਰ, ਤਨਮੀਤ ਕੌਰ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਗੁਰੂ ਸਾਹਿਬ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸੈਂਕੜੇ ਸੰਗਤਾਂ ਨੇ ਸ਼ਰਧਾ ਨਾਲ ਹਾਜ਼ਰੀ ਭਰੀ।
ਸ਼੍ਰੀ ਪੋਪਿੰਦਰ ਸਿੰਘ ਪਰਾਸ, ਸੰਪਾਦਕ ਸ਼ੀਰਾਜ਼ਾ ਪੰਜਾਬੀ, ਨੇ ਅਕੈਡਮੀ ਵੱਲੋਂ ਦੂਰਦਰਾਜ਼ ਇਲਾਕਿਆਂ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਕੀਤੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ ਅਤੇ ਗੁਰੂ ਜੀ ਦੇ ਯੋਗਦਾਨ ਨੂੰ ਯਾਦ ਕੀਤਾ।
ਪ੍ਰੋਗਰਾਮ ਦੀ ਕਾਰਜਵਾਹੀ ਸ. ਕਸ਼ਮੀਰ ਸਿੰਘ ਸਕੱਤਰੀ ਨੇ ਸੰਚਾਲਿਤ ਕੀਤੀ ਤੇ ਧੰਨਵਾਦ ਡਾ. ਸ਼ੀਤਲ ਸਿੰਘ ਪ੍ਰਧਾਨ ਨੇ ਪ੍ਰਗਟ ਕੀਤਾ। ਜੇ.ਕੇ.ਏ.ਏ.ਸੀ.ਐਲ. ਤੋਂ ਸ਼੍ਰੀ ਤ੍ਰਿਲੋਕ ਸਿੰਘ ਬਾਲੀ ਨੇ ਪ੍ਰੋਗਰਾਮ ਦੇ ਸੁਚਾਰੂ ਆਯੋਜਨ ਵਿੱਚ ਸਹਿਯੋਗ ਦਿੱਤਾ।