ਵਿਜੀਲੈਂਸ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਤੋਂ ਬਾਅਦ ਰਿਕਾਰਡ ਦੀ ਕੀਤੀ ਜਾਂਚ
ਕੋਟਕਪੂਰਾ, 12 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਵਿੱਚ ਸਾਜ਼ੋ-ਸਾਮਾਨ ਦੀ ਖਰੀਦ ਵਿੱਚ ਕਥਿੱਤ ਬੇਨਿਯਮੀਆਂ ਦੇ ਚੱਲ ਰਹੇ ਵਿਜੀਲੈਂਸ ਜਾਂਚ ਦੇ ਚੱਲਦੇ ਪਿਛਲੇ ਦਿਨੀ ਯੂਨੀਵਰਸਿਟੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਉਹ ਸੁੱਚੀ ਇੱਕ ਵਿੱਚ ਹੈ, ਸ਼ਨੀਵਾਰ ਨੂੰ ਜਦੋਂ ਵਿਜੀਲੈਂਸ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕਰਨ ਉਪਰੰਤ ਰਿਕਾਰਡ ਦੀ ਵੀ ਜਾਂਚ ਕੀਤੀ। ਆਜ਼ਾਦੀ ਦਿਵਸ ਸਮਾਰੋਹ ਵਿੱਚ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਯੂਨੀਵਰਸਿਟੀ ਵਿੱਚ ਵਿਜੀਲੈਂਸ ਵੱਲੋਂ ਕੀਤੀ ਗਈ ਇਸ ਜਾਂਚ ਨੇ ਵੀ ਇੱਕ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਵਿਜੀਲੈਂਸ ਅਧਿਕਾਰੀਆਂ ਨੇ ਐਸ.ਐਸ.ਪੀ. ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ ਯੂਨੀਵਰਸਿਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪਿਛਲੇ ਦੋ ਸਾਲਾਂ ਵਿੱਚ ਕੀਤੀ ਗਈ ਖਰੀਦ ਅਤੇ ਉਸਾਰੀ ਨਾਲ ਸਬੰਧਤ ਰਿਕਾਰਡ ਜ਼ਬਤ ਕਰ ਲਿਆ। ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਇਹ ਜਾਂਚ ਸ਼ਹਿਰ ਦੇ ਸਮਾਜ ਸੇਵਕ ਅਤੇ ‘ਆਪ’ ਨੇਤਾ ਅਰਸ਼ ਸੱਚਰ ਵੱਲੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਸ਼ੁਰੂ ਕੀਤੀ ਸੀ। ਜਿਸ ਵਿੱਚ ਪਹਿਲਾਂ ਸਿਰਫ਼ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਮਸ਼ੀਨਾਂ ਦੀ ਖਰੀਦ ਦੀ ਜਾਂਚ ਕੀਤੀ ਜਾ ਰਹੀ ਸੀ ਪਰ ਬਾਅਦ ਵਿੱਚ ਕੁਝ ਨਰਸਿੰਗ ਸਟਾਫ ਦੇ ਗਲਤ ਤਰੱਕੀ ਦੇ ਦੋਸ਼ਾਂ ਕਾਰਨ ਯੂਨੀਵਰਸਿਟੀ ਦੇ ਵੀ.ਸੀ ਡਾ. ਰਾਜੀਵ ਸੂਦ ਨੂੰ ਵੀ ਜਾਂਚ ਦੇ ਦਾਇਰੇ ਵਿੱਚ ਲਿਆਂਦਾ ਗਿਆ ਸੀ। ਵਿਜੀਲੈਂਸ ਜਾਂਚ ਕਾਰਨ 21 ਜੂਨ ਨੂੰ ਯੂਨੀਵਰਸਿਟੀ ਦੇ ਵੀਸੀ ਡਾ. ਰਾਜੀਵ ਸੂਦ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਲੰਡਨ ਜਾਣ ਵਾਲੀ ਉਡਾਣ ਵਿੱਚ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਜਿਸ ਕਾਰਨ ਵੀਸੀ ਡਾ. ਰਾਜੀਵ ਸੂਦ ਨੇ ਉਦੋਂ ਕਿਹਾ ਸੀ ਕਿ ਜੀਜੀਐਸਐਮਸੀਐਚ ਵਿੱਚ ਸਾਰੇ ਖਰੀਦ ਅਤੇ ਪ੍ਰਸ਼ਾਸਕੀ ਫੈਸਲੇ ਉਨ੍ਹਾਂ ਦੁਆਰਾ ਨਹੀਂ ਬਲਕਿ ਪ੍ਰਿੰਸੀਪਲ ਅਤੇ ਮੈਡੀਕਲ ਸੁਪਰਡੈਂਟ ਦੁਆਰਾ ਲਏ ਜਾਂਦੇ ਹਨ ਪਰ ਇਸ ਤੋਂ ਬਾਅਦ ਵਿਜੀਲੈਂਸ ਦੁਆਰਾ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਸੀ। ਦੂਜੇ ਪਾਸੇ ਇਸ ਵਾਰ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਫਰੀਦਕੋਟ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਝੰਡਾ ਲਹਿਰਾਇਆ ਜਾਣਾ ਹੈ। ਅਜਿਹੀ ਸਥਿਤੀ ਵਿੱਚ ਵਿਜੀਲੈਂਸ ਦੇ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਯੂਨੀਵਰਸਿਟੀ ਪਹੁੰਚਣ ਅਤੇ ਜਾਂਚ ਨੂੰ ਤੇਜ਼ ਕਰਨ ਕਾਰਨ ਸ਼ਹਿਰ ਵਿੱਚ ਇੱਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਦਫ਼ਤਰ ਨੇ ਮੁੱਖ ਮੰਤਰੀ ਨੂੰ ਰਹਿਣ ਲਈ ਬਾਬਾ ਫਰੀਦ ਯੂਨੀਵਰਸਿਟੀ ਦੇ ਗੈਸਟ ਹਾਊਸ ਤੋਂ ਵੀ ਇਨਕਾਰ ਕਰ ਦਿੱਤਾ ਹੈ। ਅਜਿਹੇ ਵਿੱਚ ਇਹ ਚਰਚਾ ਹੈ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਯੂਨੀਵਰਸਿਟੀ ਵਿੱਚ ਕਥਿੱਤ ਭ੍ਰਿਸ਼ਟਾਚਾਰ ’ਤੇ ਸਖ਼ਤ ਸਟੈਂਡ ਲੈ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵਿਜੀਲੈਂਸ ਜਾਂਚ ਵਿੱਚ ਕੀ ਸਾਹਮਣੇ ਆਉਂਦਾ ਹੈ ਅਤੇ ਇਹ ਜਾਂਚ ਕਿਸ ਸਿੱਟੇ ’ਤੇ ਪਹੁੰਚਦੀ ਹੈ।