ਕੋਟਕਪੂਰਾ, 12 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਵਲ ਹਸਪਤਾਲ ਫਰੀਦਕੋਟ ਵਿਖੇ ਸਿਹਤ ਵਿਭਾਗ ਆਉਟਸੋਰਸ ਯੂਨੀਅਨ ਜਿਲ੍ਹਾ ਫਰੀਦਕੋਟ ਵੱਲੋਂ ਹੜਤਾਲ ਕੀਤੀ ਗਈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਰਿੰਦਰ ਸਿੰਘ (ਲਾਡਾ) ਗੋਲੇਵਾਲਾ ਆਉਟਸੋਰਸ ਯੂਨੀਅਨ ਸਿਹਤ ਵਿਭਾਗ ਜਿਲ੍ਹਾ ਫਰੀਦਕੋਟ ਨੇ ਦੱਸਿਆ ਕਿ ਪਾਈਲਟ ਪ੍ਰੋਜੈਕਟ ਅਧੀਨ ਆਉਂਦੇ ਮੁਲਾਜਮਾ ਦੀ ਤਨਖਾਹ ਜੋ ਕਿ ਪਿਛਲੇ 6 ਮਹੀਨੇ ਤੋ ਨਹੀ ਮਿਲੀ, ਇਸ ਸਬੰਧੀ ਪਹਿਲਾਂ ਵੀ ਮਿਤੀ 18-07-2025 ਨੂੰ ਹੜਤਾਲ ਕੀਤੀ ਗਈ ਸੀ। ਜਿਸ ਵਿੱਚ ਸਿਵਲ ਸਰਜਨ ਫਰੀਦਕੋਟ ਨੇ ਵਿਸ਼ਵਾਸ ਦਿਵਾਇਆ ਸੀ ਕਿ ਮਿਤੀ 22-07-2025 ਤੱਕ ਪਾਈਲਟ ਪ੍ਰੋਜੈਕਟ ਅਧੀਨ ਆਉਂਦੇ ਕਾਮਿਆਂ ਦੀਆਂ ਤਨਖਾਹਾਂ ਦੇ ਦਿੱਤੀਆਂ ਜਾਣਗੀਆਂ ਅਤੇ ਹੜਤਾਲ ਮੁਲਤਵੀ ਕਰਵਾ ਦਿੱਤੀ ਗਈ ਸੀ ਪਰ ਅੱਜ ਤੱਕ ਤਨਖਾਹਾਂ ਨਹੀਂ ਮਿਲੀਆਂ, ਜਿਸ ਕਰਕੇ ਦੁਬਾਰਾ ਫਿਰ ਅੱਜ ਹੜਤਾਲ ਕੀਤੀ ਗਈ। ਜੇਕਰ ਪਾਈਲਟ ਪ੍ਰੋਜੈਕਟ ਅਧੀਨ ਆਉਂਦੇ ਕਾਮਿਆਂ ਦੀਆਂ ਤਨਖਾਹਾਂ ਨਾ ਦਿੱਤੀਆਂ ਗਈਆਂ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਅਤੇ ਪੰਜਾਬ ਭਰ ਤੋਂ ਸਮੂਹ ਆਉਟਸੋਰਸ ਮੁਲਾਜਮ ਇਸ ਹੜਤਾਲ ਵਿੱਚ ਸ਼ਾਮਲ ਹੋਣਗੇ। ਇਸ ਹੜਤਾਲ ਦੌਰਾਨ ਸਮੂਹ ਸਿਹਤ ਸੇਵਾਵਾਂ ਜਿਵੇਂ ਕਿ ਓਟ ਸੈਂਟਰ, ਓ.ਪੀ.ਡੀ ਅਤੇ ਆਉਟਸੋਰਸ ਮੁਲਾਜਮਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਮੁਕੰਮਲ ਬੰਦ ਕੀਤੀਆਂ ਜਾਣਗੀਆਂ। ਇਸ ਸਬੰਧੀ ਮਰੀਜਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਲਈ ਪੰਜਾਬ ਸਰਕਾਰ ਅਤੇ ਉਚ ਅਧਿਕਾਰੀਆਂ ਦੀ ਨਿਰੋਲ ਜਿੰਮੇਵਾਰੀ ਹੋਵੇਗੀ। ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਲਾਡਾ) ਗੋਲੇਵਾਲਾ, ਸੀਨੀਅਰ ਮੀਤ ਪ੍ਰਧਾਨ ਪਰਗਟ ਸਿੰਘ, ਮੀਤ ਪ੍ਰਧਾਨ ਪ੍ਰਿੰਸਪਾਲ ਸਿੰਘ ਧਾਲੀਵਾਲ, ਖਜਾਨਚੀ ਇਸ਼ਾਂਤ, ਨਿਰਵੈਰ ਸਿੰਘ ਅਤੇ ਸੀਨੀਅਰ ਆਗੂ ਗੁਰਚੈਨ ਸਿੰਘ ਹਾਜਰ, ਲਵਲੀ ਸਿੰਘ, ਸੰਨੀ ਦਿਓਲ, ਪਰਵਿੰਦਰ ਸਿੰਘ, ਸੁਮਿਤ ਦਿਓੜਾ, ਵਿਜੇ ਸੂਰੀ ਸੀਨੀਅਰ ਆਗੂ ਸ਼ਾਮਲ ਸਨ। ਸਿਵਲ ਹਸਪਤਾਲ ਵਿੱਚ ਆਏ ਮਰੀਜ਼ ਪਰਚੀ ਕਟਾਉਣ ਵਾਸਤੇ ਲਾਈਨਾਂ ਵਿੱਚ ਲੱਗੇ ਨਜ਼ਰ ਆਏ ਪਰ ਕਾਊਂਟਰ ਬੰਦ ਹੋਣ ਕਰਕੇ ਉਹਨਾਂ ਨੂੰ ਖੱਜਲ ਖਰਾਬ ਹੋਣਾ ਪਿਆ। ਇਸ ਮੌਕੇ ਬਲਵੰਤ ਸਿੰਘ, ਸੁਖਵਿੰਦਰ ਸਿੰਘ, ਬਲਜੀਤ ਕੌਰ, ਨਰਭੈਣ ਸਿੰਘ, ਨੀਲਮ ਰਾਣੀ ਆਦਿ ਨੇ ਦੱਸਿਆ ਕਿ ਉਹ ਅੱਜ ਸਿਵਲ ਹਸਪਤਾਲ ਦਵਾਈ ਲੈਣ ਆਏ ਸੀ ਪਰ ਹੜਤਾਲ ਕਾਰਨ ਉਹਨਾਂ ਨੂੰ ਬਹੁਤ ਜਿਆਦਾ ਪ੍ਰੇਸ਼ਾਨ ਹੋਣਾ ਪਿਆ ਅਤੇ ਉਹ ਦੋ ਘੰਟੇ ਪਰਚੀ ਕਟਾਉਣ ਵਾਸਤੇ ਲਾਈਨ ਵਿੱਚ ਖੜੇ ਰਹੇ ਪਰ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੇ ਕੋਈ ਇੰਤਜ਼ਾਮ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਮੁਫਤ ਅਤੇ ਚੰਗਾ ਇਲਾਜ ਦੇਣ ਦੀ ਗੱਲ ਕਰਦੀ ਹੈ, ਦੂਜੇ ਪਾਸੇ ਕਰਮਚਾਰੀਆਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ, ਜਿਸ ਕਰਕੇ ਉਹਨਾਂ ਨੂੰ ਹੜਤਾਲਾਂ ਕਰਨੀਆਂ ਪੈਂਦੀਆਂ ਅਤੇ ਧਰਨੇ ਲਾਉਣ ਲਈ ਮਜਬੂਰ ਹੋਣਾ ਪੈਂਦਾ। ਜਿਸ ਨਾਲ ਸਾਡੇ ਵਰਗੇ ਮਰੀਜ਼ ਬੁਰੀ ਤਰ੍ਹਾਂ ਨਾਲ ਪ੍ਰੇਸ਼ਾਨ ਹੁੰਦੇ ਹਨ। ਹੜਤਾਲ ਦੇ ਕਾਰਨ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੀ ਵੀ ਖੱਜਰ ਖਰਾਬੀ ਵੇਖਣ ਨੂੰ ਮਿਲੀ ਇਕ 80 ਸਾਲ ਦੇ ਬਜ਼ੁਰਗ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਸੁੱਖਣਵਾਲ ਪਿੰਡ ਤੋਂ ਆਇਆ ਹੈ ਪਰ ਹੜਤਾਲ ਕਾਰਨ ਉਸ ਨੂੰ ਵਾਪਸ ਜਾਣਾ ਪਵੇਗਾ ਉਸਨੇ ਆਪਣੀ ਅੱਖਾਂ ਦਾ ਇਲਾਜ ਕਰਵਾਉਣਾਾ ਸੀ। ਬਜ਼ੁਰਗ ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਡਾਕਟਰਾਂ ਦੀਆਂ ਬਣਦੀਆਂ ਤਨਖਾਹਾਂ ਦਿੱਤੀਆਂ ਜਾਣ ਤਾਂ ਕਿ ਉਹ ਸਹੀ ਤਰੀਕੇ ਨਾਲ ਕੰਮ ਕਰ ਸਕਣ। ਜਿਸ ਨਾਲ ਸਾਡੇ ਵਰਗੇ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।