“ਜਰਮਨੀ ਦੇ ਪੰਥਕ ਆਗੂਆਂ ਨੇ ਭਾਈ ਡੱਲੇਵਾਲ ਅਤੇ ਰਸ਼ਪਿੰਦਰ ਕੌਰ ਦੀ ਕਿਤਾਬ ਕੀਤੀ ਜਾਰੀ”

ਲੰਡਨ 13 ਅਗਸਤ (ਵਰਲਡ ਪੰਜਾਬੀ ਟਾਈਮਜ਼)
ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ ਨੇ ਦਾਅਵਾ ਕੀਤਾ ਹੈ ਕਿ ਕਿਤਾਬ ਸੰਘਰਸ਼ ਦਾ ਦੌਰ ਇੱਕ ਇਤਿਹਾਸਿਕ ਦਸਤਾਵੇਜ਼ ਹੈ। ਜਿਹੜਾ ਸਿੱਖ ਕੌਮ ਵਾਸਤੇ ਸੇਧਮਈ ਬਣੇਗਾ। ਭਾਈ ਗੁਰਮੀਤ ਸਿੰਘ ਖਨਿਆਣ ਜੋ ਕਿ ਪਿਛਲੇ ਸੈਂਤੀ ਸਾਲ ਤੋਂ ਜਰਮਨੀ ਵਿੱਚ ਬਤੌਰ ਜਲਾਵਤਨੀ ਬਤੀਤ ਕਰਦੇ ਹੋਏ ਅਜਾਦ ਸਿੱਖ ਰਾਜ ਖਾਲਿਸਤਾਨ ਵਾਸਤੇ ਯਤਨਸ਼ੀਲ ਹਨ। ਉਹਨਾਂ ਵੱਲੋਂ ਵਿਸ਼ੇਸ਼ ਉਪਰਾਲਾ ਕਰਦਿਆਂ ਗੁਰਦਵਾਰਾ ਦਸਮੇਸ਼ ਸਿੰਘ ਸਭਾ, ਕੋਲਨ ਜਰਮਨੀ ਵਿਖੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਲਿਖੀ ਅਤੇ ਬੀਬੀ ਰਸ਼ਪਿੰਦਰ ਕੌਰ ਗਿੱਲ ਵੱਲੋਂ ਸੰਪਾਦਤ ਕੀਤੀ ਗਈ ਕਿਤਾਬ ਸੰਘਰਸ਼ ਦਾ ਦੌਰ ਦਾ ਦੂਸਰਾ ਅਡੀਸ਼ਨ ਜਾਰੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਜਲਾਵਤਨੀ ਪੰਥਕ ਆਗੂ ਜਥੇਦਾਰ ਰੇਸ਼ਮ ਸਿੰਘ ਬੱਬਰ ਮੁਖੀ ਬੱਬਰ ਖਾਲਸਾ ਜਰਮਨੀ, ਭਾਈ ਸਤਨਾਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਸਰਦੂਲ ਸਿੰਘ, ਭਾਈ ਗੁਰਚਰਨ ਸਿੰਘ ਗੁਰਾਇਆ ਮੌਜੂਦ ਸਨ। ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ ਵੱਲੋਂ ਅਰੰਭੇ ਹੋਏ ਸਿੱਖ ਸੰਘਰਸ਼ ਬਾਰੇ ਅਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਬਾਰੇ ਤਰਾਂ-ਤਰਾਂ ਦੇ ਭਰਮ ਭੁਲੇਖੇ ਪਾਏ ਜਾ ਰਹੇ ਹਨ। ਭਾਰਤ ਸਰਕਾਰ ਦੇ ਕਰਿੰਦੇ ਸਿੱਖ ਸ਼ਹੀਦਾਂ, ਸਿੱਖ ਜੁਝਾਰੂਆਂ ਅਤੇ ਸੰਘਰਸ਼ ਦੌਰਾਨ ਕੀਤੇ ਗਏ ਮਾਣਮੱਤੇ ਐਕਸ਼ਨਾਂ ਨੂੰ ਆਪਣੀ ਅਲੋਚਨਾ ਦਾ ਸ਼ਿਕਾਰ ਬਣਾ ਰਹੇ ਹਨ ਤਾਂ ਕਿ ਸਿੱਖ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕੇ। ਝੂਠੀਆਂ ਕਹਾਣੀਆਂ ਬਣਾ-ਬਣਾ ਕੇ ਆਪਣੇ ਕਮਰਿਆਂ ਵਿੱਚ ਬੈਠ ਕੇ ਸਿੱਖ ਸੰਘਰਸ਼, ਸਿੱਖ ਸ਼ਹੀਦਾਂ ਅਤੇ ਸ਼ਹੀਦਾਂ ਦੀ ਸੋਚ ਤੇ ਡੱਟ ਕੇ ਪਹਿਰਾ ਦੇ ਰਹੇ ਸਿੰਘਾਂ ਖਿਲਾਫ ਸੌ ਫੀਸਦੀ ਝੂਠ ਬੋਲ-ਬੋਲ ਕੇ ਸਿੱਖ ਦੁਸ਼ਮਣ ਲਾਬੀ ਨੂੰ ਖੁਸ਼ ਕਰ ਰਹੇ ਹਨ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਲਿਖੀ ਗਈ ਅਤੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੀ ਪ੍ਰਧਾਨ ਬੀਬੀ ਰਸ਼ਪਿੰਦਰ ਕੌਰ ਗਿੱਲ ਵੱਲੋਂ ਸੰਪਾਦਤ ਕੀਤੀ ਗਈ ਕਿਤਾਬ ਸੰਘਰਸ਼ ਦਾ ਦੌਰ ਸਰਕਾਰ ਦੇ ਜਰਖਰੀਦ ਫੀਲਿਆਂ ਦੇ ਕੂੜ ਪ੍ਰਚਾਰ ਦਾ ਠੋਸ ਬਦਲ ਬਣਿਆ ਹੈ। ਜੋ ਜਰਮਨੀ ਵਿੱਚ ਰਿਲੀਜ਼ ਕੀਤੀ ਗਈ ਹੈ। ਇਸ ਕਿਤਾਬ ਵਿੱਚ ਲੇਖਕ ਨੇ ਸਿੱਖ ਸੰਘਰਸ਼ ਦੌਰਾਨ ਵਾਪਰੀਆਂ ਅਨੇਕਾਂ ਹੱਡ ਬੀਤੀਆਂ ਘਟਨਾਵਾਂ ਦਾ ਵਰਨਣ ਕਰਦਿਆਂ ਅਨੇਕਾਂ ਯਾਦਾਂ ਦੀ ਸਾਂਝ ਪਾਈ ਹੈ। ਸੰਘਰਸ਼ ਦੌਰਾਨ ਸਿੱਖ ਪਰਿਵਾਰਾਂ ਵਿੱਚ ਜੁਝਾਰੂਆਂ ਪ੍ਰਤੀ ਅਥਾਹ ਪਿਆਰ ਅਤੇ ਸਤਿਕਾਰ ਦਾ ਵਰਨਣ ਹੈ। ਉੱਥੇ ਸਿੱਖ ਮਾਤਾਵਾਂ ਅਤੇ ਸਿੱਖ ਬਜੁਰਗਾਂ ਵੱਲੋਂ ਜੁਝਾਰੂਆਂ ਦੀ ਚੜਦੀ ਕਲਾ ਵਾਸਤੇ ਪਾਏ ਗਏ ਅਦਿੱਖ ਯੋਗਦਾਨ ਦੀ ਸਾਂਝ ਹੈ। ਹਰੇਕ ਗੱਲ ਨੂੰ ਸਪੱਸ਼ਟ ਰੂਪ ਵਿੱਚ ਬਹੁਤ ਹੀ ਸਰਲ ਭਾਸ਼ਾ ਵਿੱਚ ਲਿਖਿਆ ਹੈ। ਜਿਸ ਨੰ ਪੰਜਾਬ ਦੇ ਸੈਂਕੜੇ ਸ਼ਹੀਦ ਪਰਿਵਾਰਾਂ ਅਤੇ ਪੰਥਕ ਵੱਲੋਂ ਸਲਾਹਿਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਪਿਛਲੇ 36 ਸਾਲ ਤੋਂ ਇੰਗਲੈਂਡ ਵਿੱਚ ਜਲਾਵਤਨੀ ਜੀਵਨ ਬਤੀਤ ਕਰਦਾ ਹੋਇਆ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ ਦਾ ਕੋਆਰਡੀਨੇਟਰ ਅਤੇ ਯੂਨਾਈਟਿਡ ਖਾਲਸਾ ਦਲ ਯੂ.ਕੇ ਦੇ ਜਨਰਲ ਸਕੱਤਰ ਹਨ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਬੀਬੀ ਰਸ਼ਪਿੰਦਰ ਕੌਰ ਗਿੱਲ ਦਾ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ ਵੱਲੋਂ ਕੀਤੇ ਇਸ ਉਪਰਾਲੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।