ਕੋਟਕਪੂਰਾ,14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਮਾਸਟਰ ਕੇਡਰ, ਲੈਕਚਰਾਰ, ਸਹਾਇਕ ਪ੍ਰੋਫ਼ੈਸਰ ਦੀਆਂ ਪੋਸਟਾਂ ਜਾਰੀ ਕਰਵਾਉਣ, ਉਮਰ ਹੱਦ ਛੋਟ ਲੈਣ, ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ ਸ਼ਰਤ 55 ਫੀਸਦੀ ਲਾਜ਼ਮੀ ਅੰਕਾਂ ਰੱਦ ਕਰਵਾਉਣ ਵਰਗੀਆ ਮੰਗਾਂ ਨੂੰ ਲੈਕੇ ਪਿਛਲੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ 15 ਅਗਸਤ ਨੂੰ ਅਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਜ਼ਾਹਿਰ ਕਰਨਗੇ। ਉਕਤ ਜਾਣਕਾਰੀ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨਸੇਖਾ, ਹਰਜਿੰਦਰ ਝੁਨੀਰ ਅਤੇ ਹਰਜਿੰਦਰ ਬੁਢਲਾਡਾ ਨੇ ਦਿੱਤੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਕਰੀਬ ਸਾਢੇ ਤਿੰਨ ਸਾਲਾਂ ਵਿੱਚ ਇੱਕ ਵੀ ਪੋਸਟ ਨਹੀਂ ਕੱਢੀ। ਸਗੋਂ 646 ਪੀ ਟੀ ਆਈ ਅਧਿਆਪਕ, 343 ਲੈਕਚਰਾਰ,1158 ਸਹਾਇਕ ਪ੍ਰੋਫ਼ੈਸਰ, 2000 ਪੀ ਟੀ ਆਈ ਅਧਿਆਪਕ ਆਦਿ ਰੱਦ ਜ਼ਰੂਰ ਕੀਤੀਆਂ। ਉਹਨਾਂ ਦੱਸਿਆ ਕਿ 250 ਆਰਟ ਐਂਡ ਕਰਾਫਟ ਦੀ ਭਰਤੀ ਅਤੇ 645 ਸਹਾਇਕ ਪ੍ਰੋਫ਼ੈਸਰਾਂ ਦੀ ਭਰਤੀ ਨੂੰ ਕਿਸੇ ਤਣ ਪੱਤਣ ਨਹੀਂ ਲਾਇਆ ਗਿਆ। ਇਸੇ ਤਰ੍ਹਾਂ ਪਹਿਲੀ ਵਾਰ 822 ਪੋਸਟਾਂ ਸਿਹਤ ਵਿਭਾਗ ਵਿੱਚ ਐਲਾਨ ਕੀਤੀਆਂ ਹਨ ਪ੍ਰੰਤੂ ਮੁੱਖ ਮੰਤਰੀ ਵੱਲੋਂ ਖੁਦ ਅਨੇਕਾਂ ਵਾਰ ਐਲਾਨ ਕਰਨ ਦੇ ਬਾਵਜੂਦ ਵੀ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ 270 ਪੋਸਟਾਂ ਵਿੱਚ ਉਮਰ ਹੱਦ ਛੋਟ ਨਹੀਂ ਦਿੱਤੀ ਗਈ । ਉਹਨਾਂ ਦੱਸਿਆ ਕਿ ਬੇਰੁਜ਼ਗਾਰਾਂ ਦੀਆਂ ਮੰਗਾਂ ਸੰਬੰਧੀ ਅਨੇਕਾਂ ਵਾਰ ਸਿੱਖਿਆ ਅਤੇ ਸਿਹਤ ਮੰਤਰੀ ਨੂੰ ਅਪੀਲ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਵੀ ਬੇਰੁਜ਼ਗਾਰਾਂ ਨਾਲ ਪੈਨਲ ਮੀਟਿੰਗ ਨਹੀਂ ਕੀਤੀ। ਉਹਨਾਂ ਦੱਸਿਆ ਕਿ ਉਕਤ ਮੰਗਾਂ ਲਈ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਮੁੱਖ ਮੰਤਰੀ ਦੀ ਸਥਾਨਕ ਆਮਦ ਮੌਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਗੁਰਮੇਲ ਬਰਗਾੜੀ, ਜਗਦੀਪ ਢਿਲਵਾਂ, ਰੈਪਲ, ਪਰਮਜੀਤ ਕੌਰ, ਜਸਦੀਪ ਸਿੰਘ, ਪਰਮਿੰਦਰ ਸਿੰਘ, ਗਗਨਦੀਪ ਸੰਧਵਾਂ, ਹਰਬੰਸ ਸੇਠੀ ਆਦਿ ਹਾਜ਼ਰ ਸਨ ।