ਜਿੰਮੇਵਾਰ ਅਫਸਰਾਂ ਅਤੇ ਦਰੱਖਤ ਪੁੱਟਣ ਵਾਲੇ ਲੋਕਾਂ ਨੂੰ ਸਖਤ ਸਜਾ ਦੀ ਦੇਣ ਦੀ ਕੀਤੀ ਮੰਗ

ਕੋਟਕਪੂਰਾ, 15 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੈਡੀਕਲ ਕਾਲਿਜ ਫਰੀਦਕੋਟ ਦੇ ਪ੍ਰਬੰਧਕਾਂ ਵੱਲੋਂ ਹਰੇ ਭਰੇ ਵੱਡ ਅਕਾਰੀ ਦਰੱਖਤ ਵੱਡੇ ਜਾਣ ਕਾਰਣ ਵਾਤਾਵਰਣ ਪ੍ਰੇਮੀਆ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ‘ਸੀਰ’ ਸੁਸਾਇਟੀ ਦੇ ਵਲੰਟੀਅਰ, ਜਲ ਜੀਵਨ ਬਚਾਓ ਮੋਰਚੇ ਦੇ ਕਨਵੀਨਰ ਸ਼ੰਕਰ ਸ਼ਰਮਾਂ, ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਗੁਰਮੀਤ ਸਿੰਘ ਸੰਧੂ, ਕਿਸਾਨ ਯੂਨੀਅਨ ਆਗੂਆਂ ਸ਼ਰਨਜੀਤ ਸਿੰਘ ਸਰਾਂ, ਬਲੱਡ ਸੁਸਾਇਟੀ ਦੇ ਗੁਰਜੀਤ ਸਿੰਘ ਢਿੱਲੋਂ, ਐਮ.ਸੀ. ਰਘਬੀਰ ਸਿੰਘ, ਡੀਟੀਐਫ ਆਗੂ ਗਗਨ ਪਾਹਵਾ ਆਦਿ ਵਾਤਾਵਰਣ ਪੇ੍ਰਮੀਆਂ ਨੇ ਦੱਸਿਆ ਕਿ ਪਿਛਲੇ ਦੋ ਤਿੰਨ ਮਹੀਨੇ ਤੋਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਨਿੱਜੀ ਲਾਭ ਖਾਤਰ ਦਰੱਖਤ ਪੁੱਟੇ ਜਾ ਰਹੇ ਸਨ ਤੇ ਹੁਣ ਮੈਡੀਕਲ ਕਾਲਜ ਦੇ ਪ੍ਰਬੰਧਕਾਂ ਨੇ ਹਰੇ ਭਰੇ ਵੱਡ ਅਕਾਰੀ ਦਰੱਖਤ ਇਹ ਕਹਿਕੇ ਪੁੱਟ ਸੁੱਟੇ ਕਿ ਇੱਥੇ ਮਰੀਜਾਂ ਦੇ ਵਾਰਿਸਾ ਲਈ ਸਰਾਂ ਬਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਉ ਹੀ ਇਸ ਅਣਮਨੁੱਖੀ ਕਾਰੇ ਦਾ ਸ਼ਹਿਰ ਵਾਸੀਆਂ ਨੂੰ ਪਤਾ ਲੱਗਾ ਤਾਂ ਉਹ ਰੋਸ ਵਜੋ ਮੈਡੀਕਲ ਕਾਲਜ ਪੁੱਜੇ ਤੇ ਧਰਨਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਮੈਡੀਕਲ ਕਾਲਿਜ ਦੇ ਪ੍ਰਬੰਧਕਾਂ ਨੇ ਇਹ ਵੱਡੀ ਗਲਤੀ ਕੀਤੀ ਹੈ। ਮੈਡੀਕਲ ਕਾਲਜ ਦੀ ਬਹੁਤ ਸਾਰੀ ਜਗ੍ਹਾ ਖਾਲੀ ਪਈ ਹੈ ਅਤੇ ਉੱਥੇ ਉਸਾਰੀ ਕਰਕੇ ਸਰਾਂ ਬਣਾਈ ਜਾ ਸਕਦੀ ਸੀ ਪਰ ਇਸ ਜਗ੍ਹਾ ਦੀ ਚੌਣ ਕਰਨ ਵਿੱਚ ਵੀ ਵੱਡੀ ਨਿੱਜ ਲਾਭ ਦੀ ਬੋਅ ਆ ਰਹੀ ਹੈ। ਉਹਨਾਂ ਕਿਹਾ ਕਿ ਮਰੀਜਾਂ ਦੇ ਵਾਰਿਸਾਂ ਲਈ ਸੰਨੀ ਰੈਣ ਬਸੇਰਾ ਅਤੇ ਗੁਰਦੁਆਰਾ ਮਾਤਾ ਖੀਵੀ ਜੀ ਵਿਖੇ ਮਰੀਜਾਂ ਦੇ ਵਾਰਸਾਂ ਨੂੰ ਮੁਫਤ ਰਹਿਣ ਲਈ ਸਹੂਲਤ ਮੁਹੱਈਆ ਹੈ, ਫਿਰ ਸਰਾਂ ਦੀ ਕੀ ਜਰੁਰਤ ਸੀ। ਵੱਖ-ਵੱਖ ਆਗੂਆਂ ਨੇ ਇਸ ਮੌਕੇ ਦੱਸਿਆ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਥੇ ਸਰਾਂ ਹੀ ਨਹੀਂ ਇੱਥੇ ਨਿੱਜੀ ਲਾਭ ਲਈ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੈਡੀਕਲ ਕਾਲਜ ਦੇ ਪ੍ਰਬੰਧਕਾਂ ਦੀ ਕੋਈ ਵੀ ਮਨਸ਼ਾ ਹੋਵੇ ਪਰ ਨਵ ਉਸਾਰੀ ਲਈ ਹੋਰ ਬਹੁਤ ਜਗਾਂ ਖਾਲੀ ਪਈ ਹੈ, ਜਿੱਥੇ ਇਸ ਤਰਾਂ ਦੀ ਉਸਾਰੀ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਧਰਨੇ ਦਾ ਪਤਾ ਲੱਗਦੇ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚੀ ਤੇ ਉਹਨਾਂ ਧਰਨਾਕਾਰੀਆਂ ਨੂੰ 15 ਅਗਸਤ ਤੱਕ ਰੋਸ ਪ੍ਰਦਰਸ਼ਨ ਮੁਲਤਵੀ ਕਰਨ ਦੀ ਬੇਨਤੀ ਕੀਤੀ ਅਤੇ ਕਿਹਾ ਕਿ 16 ਅਗਸਤ ਨੂੰ ਦੋਨੋ ਧਿਰਾਂ ਨੂੰ ਆਹਮੋ ਸਾਹਮਣੇ ਕਰਵਾਕੇ ਦਰੱਖਤ ਕੱਟਣ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗਾ। ਪੁਲਿਸ ਪ੍ਰਸ਼ਾਸਨ ਦੀ ਬੇਨਤੀ ’ਤੇ ਰਾਜ ਪੱਧਰੀ ਸਮਾਗਮ ਨੂੰ ਮੁੱਖ ਰੱਖਦਿਆ ਵਾਤਾਵਰਣ ਪ੍ਰੇਮੀਆਂ ਨੇ ਰੋਸ ਧਰਨਾ ਸਮਾਪਤ ਕਰ ਦਿੱਤਾ ਅਤੇ 16 ਅਗਸਤ ਨੂੰ ਸਖਤ ਕਾਰਵਾਈ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਸ਼ੰਕਰ ਸ਼ਰਮਾਂ ਨੇ ਦੱਸਿਆ ਕਿ ਵਾਤਾਵਰਣ ਪ੍ਰੇਮੀਆ ਨੇ ਇਸ ਅਣਮਨੁੱਖੀ ਕਾਰੇ ਸਬੰਧੀ ਇੱਕ ਕਮੇਟੀ ਬਣਾਕੇ ਅਗਲੀ ਕਾਰਵਾਈ ਰਾਜ ਪੱਧਰੀ ਸਮਾਗਮ ਤੋਂ ਬਾਅਦ ਉਲੀਕੀ ਜਾਵੇਗੀ। ਉਹਨਾਂ ਕਿਹਾ ਕਿ ਇਹ ਪ੍ਰਸ਼ਾਸਨ ਦੀ ਘੋਰ ਲਾਪ੍ਰਵਾਹੀ ਹੈ ਕਿ ਸ਼ਹਿਰ ਵਿੱਚੋ ਲਗਾਤਾਰ ਵੱਡ ਅਕਾਰੀ ਦਰੱਖਤ ਵੱਡੇ ਜਾ ਰਹੇ ਹਨ ਅਤੇ ਪ੍ਰਸ਼ਾਸਨ ਖਾਮੋਸ਼ ਬੈਠਾ ਸਭ ਕੁਝ ਦੇਖ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਵੱਧ ਤੋਂ ਵੱਧ ਦਰੱਖਤ ਲਾਉਣ ਦੀ ਦੁਹਾਈ ਪਾਈ ਜਾ ਰਹੀ ਹੈ, ਉੱਥੇ ਦੂਜੇ ਪਾਸੇ ਨਿੱਜ ਖਾਤਰ ਵੱਡੇ ਜਾ ਰਹੇ ਵੱਡ ਅਕਾਰੀ ਦਰੱਖਤਾਂ ਪ੍ਰਤੀ ਪ੍ਰਸ਼ਾਸਨ ਅੱਖਾਂ ਮੀਟੀ ਬੈਠਾ ਹੈ। ਉਹਨਾਂ ਕਿਹਾ ਕਿ ਜੰਗਲਾਤ ਵਿਭਾਗ ਜਾਂ ਹੋਰ ਕਿਸੇ ਅਦਾਰੇ ਨੇ ਇਸ ਦਾ ਅਜੇ ਤੱਕ ਕੋਈ ਨੋਟਿਸ ਨਹੀਂ ਲਿਆ ਹੈ। ਉਹਨਾਂ ਕਿਹਾ ਕਿ ਸ਼ਰੇਆਮ ਕਤਲ ਕੀਤੇ ਜਾ ਰਹੇ ਹਨ ਦਰਵੇਸ਼ ਰੂਪੀ ਦਰੱਖਤ, ਉਜਾੜੇ ਜਾ ਰਹੇ ਹਨ ਬੇਜ਼ੁਬਾਨਾਂ ਦੇ ਘਰ, ਜੰਗਲਾਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀ ਕੁੰਭਕਰਨੀ ਨੀਂਦ ਸੌ ਰਹੇ ਹਨ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸ਼ਰੇਆਮ ਦਰੱਖਤ ਕੱਟੇ ਗਏ ਤੇ ਇਸ ਬਾਰੇ ਜੰਗਲਾਤ ਵਿਭਾਗ, ਪ੍ਰਸ਼ਾਸਨ, ਗਰੀਨ ਟਿ੍ਰਬਿਊਨਲ ਆਦਿ ਨੂੰ ਜਾਣਕਾਰੀ ਦਿੱਤੀ ਗਈ ਪਰ ਕਦੇ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਪਹਿਲਾ ਹੀ ਪੰਜਾਬ ਵਿੱਚ ਜੰਗਲਾਤ ਅਧੀਨ ਰਕਬਾ ਬਹੁਤ ਕੱਟ ਬਚਿਆ ਹੈ ਅਤੇ ਹੁਣ ਜੰਗਲਾਤ ਵਿਭਾਗ ਵੀ ਇਸ ਪਾਸੇ ਤੋਂ ਅੱਖਾਂ ਮੀਚੀ ਬੈਠਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਭਗਵੰਤ ਮਾਨ ਸਰਕਾਰ ਪੁਲੀਤ ਹੋ ਰਹੇ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਦਰੱਖਤ ਲਾਉਣ ਦੀ ਦੁਹਾਈ ਪਾ ਰਹੀ ਹੈ, ਦੂਜੇ ਪਾਸੇ ਕੁਛ ਲੋਕ ਆਪਣੇ ਨਿੱਜੀ ਲਾਭ ਖਾਤਰ ਹਰੇ ਭਰੇ ਦਰੱਖਤਾਂ ਦੀ ਬਲੀ ਲੈ ਰਹੇ। ਸੀਰ ਸੁਸਾਇਟੀ ਦੇ ਵਲੰਟੀਅਰਾਂ ਨੇ ਕਿਹਾ ਕਿ ਸਰਕਾਰੀ ਜਗ੍ਹਾ ’ਤੇ ਲੱਗੇ ਦਰੱਖਤਾਂ ਦੀ ਅੰਨੇਵਾਹ ਕਟਾਈ ਕਰਕੇ ਇਹ ਲੋਕ ਕੁਦਰਤ ਦੇ ਨਿਯਮ ਦੇ ਉਲਟ ਜਾ ਕੇ ਅਜਿਹੇੇ ਕੰਮ ਕਰ ਰਹੇ ਹਨ ਜੋ ਕਿਸੇ ਵੀ ਕੀਮਤ ਤੇ ਮਾਫ ਨਹੀਂ ਕੀਤੇ ਜਾ ਸਕਦੇ। ਉਹਨਾਂ ਕਿਹਾ ਕਿ ਅਜਿਹੇ ਲੋਕ ਆਉਣ ਵਾਲੀਆਂ ਪੀੜੀਆਂ ਦੇ ਪੈਰ ਕੁਹਾੜਾ ਮਾਰ ਰਹੇ ਹਨ। ਇਹ ਵੱਡੇ ਟੁੱਕੇ ਦਰੱਖਤ ਆਮ ਲੋਕਾਂ ਨੂੰ ਤਾਂ ਦਿਸ ਰਹੇ ਹਨ ਪਰ ਜੰਗਲਾਤ ਮਹਿਕਮਾ ਪਤਾ ਨਹੀਂ ਕਿਉ ਅੱਖਾਂ ਮੀਟੀ ਬੈਠਾ ਹੈ। ਨਿੱਤ ਦਿਨ ਹੋ ਰਹੀ ਦਰੱਖਤਾਂ ਦੀ ਨਜਾਇਜ ਕਟਾਈ ਨੂੰ ਲੈ ਕੇ ਵਾਤਾਵਰਣ ਪੇ੍ਰਮੀਆਂ ਵਿੱਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਪਹਿਲਾ ਹੀ ਵਿਕਾਸ ਦੇ ਨਾਂ ਤੇ ਲੱਖਾਂ ਦਰੱਖਤ ਸ਼ੜਕਾਂ ਦੇ ਕਿਨਾਰਿਓੁ ਅਤੇ ਸਰਕਾਰੀ ਇਮਾਰਤਾਂ ਵਿੱਚੋ ਪੁਟਾ ਚੁੱਕੀ ਹੈ। ਵਾਤਾਵਰਣ ਪ੍ਰੇਮੀਆਂ ਨੇ ਸਰਕਾਰ, ਪ੍ਰਸਾਸ਼ਨ ਤੇ ਜੰਗਲਾਤ ਵਿਭਾਗ ਤੋਂ ਦਰੱਖਤਾਂ ਦੀ ਹੁੰਦੀ ਨਜਾਇਜ ਕਟਾਈ ਨੂੰ ਪ੍ਰਭਾਵੀ ਢੰਗ ਨਾਲ ਰੋਕਣ ਦੀ ਅਪੀਲ ਕੀਤੀ ਅਤੇ ਜਾਂਚ ਕਰਵਾ ਕੇ ਜਿੰਮੇਵਾਰ ਅਫਸਰਾਂ ਅਤੇ ਦਰੱਖਤ ਪੁੱਟਣ ਵਾਲੇ ਲੋਕਾਂ ਨੂੰ ਸਖਤ ਸਜਾ ਦੀ ਮੰਗ ਕੀਤੀ।