ਫਰੀਦਕੋਟ 19 ਅਗਸਤ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
17 ਅਗਸਤ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵੱਲੋਂ ਜੀ.ਜੀ.ਐਸ. ਮੈਡੀਕਲ ਕਾਲਜ ਫਰੀਦਕੋਟ ਵਿੱਚ ਹੋਈ ਡਾਟਾ ਐਂਟਰੀ ਓਪਰੇਟਰਾਂ ਦੀ ਭਰਤੀ ਪ੍ਰੀਖਿਆ ਦੇ ਦੌਰਾਨ ਗੈਰ-ਕਾਨੂੰਨੀ ਤਰੀਕੇ ਨਾਲ ਦੋ ਉਮੀਦਵਾਰਾਂ ਨੂੰ ਲਗਭਗ ਇੱਕ ਘੰਟਾ ਤੇ ਅੱਧਾ ਘੰਟਾ ਦੇਰੀ ਨਾਲ ਅੰਦਰ ਦਾਖ਼ਲ ਹੋਣ ਦਾ ਪਤਾ ਲੱਗਾ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਰਸ਼ ਸੱਚਰ
ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਘਟਨਾ ਡਾਟਾ ਐਂਟਰੀ ਓਪਰੇਟਰ ਅਤੇ ਸੀਨੀਅਰ ਅਸਿਸਟੈਂਟ ਦੀ ਭਰਤੀ ਪ੍ਰੀਖਿਆ ਦੌਰਾਨ ਵਾਪਰੀ। ਦੋ ਉਮੀਦਵਾਰਾਂ ਨੂੰ ਕਰੀਬ 12:15 ਵਜੇ, ਯਾਨੀ ਕਿ ਪੇਪਰ ਸ਼ੁਰੂ ਹੋਣ ਤੋਂ ਲਗਭਗ ਡੇਢ ਘੰਟੇ ਬਾਅਦ ਹਾਲ ਵਿੱਚ ਬਿਠਾਇਆ ਗਿਆ। ਇਸ ਕਾਰਨ ਪ੍ਰੀਖਿਆ ਕੇਂਦਰ ਦੇ ਪ੍ਰਬੰਧ ’ਤੇ ਗੰਭੀਰ ਸ਼ੱਕ ਅਤੇ ਗੁੱਸਾ ਪੈਦਾ ਹੋਇਆ ਹੈ।ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਲਾਪਰਵਾਹੀ ਨਹੀਂ ਬਲਕਿ ਸੰਭਾਵੀ ਮਿਲੀਭੁਗਤ, ਧੋਖਾਧੜੀ ਅਤੇ ਇਮਪਰਸੋਨੇਸ਼ਨ (ਦੂਜੇ ਬੰਦੇ ਦੀ ਥਾਂ ਪ੍ਰੀਖਿਆ ਦੇਣਾ) ਦਾ ਮਾਮਲਾ ਵੀ ਹੋ ਸਕਦਾ ਹੈ। ਇਸ ਲਈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਤੁਰੰਤ CCTV ਫੁਟੇਜ ਸੁਰੱਖਿਅਤ ਕੀਤੀ ਜਾਣੀ ਚਾਹੀਦੀ ਹੈ ਅਤੇ ਇੱਕ ਸੁਤੰਤਰ ਜਾਂਚ ਬੈਠਾ ਕੇ ਪੂਰਾ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ।ਆਰਸ਼ ਸੱਚਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਿਸ ਅਧਿਕਾਰੀ ਨੇ ਦੇਰੀ ਨਾਲ ਦਾਖ਼ਲ ਕੀਤੇ ਉਮੀਦਵਾਰਾਂ ਨੂੰ ਆਗਿਆ ਦਿੱਤੀ ਹੈ ਕੀ ਉਨ੍ਹਾਂ ਦੀ ਠੀਕ ਤਰੀਕੇ ਨਾਲ ਚੈਕਿੰਗ ਅਤੇ ਵੈਰੀਫਿਕੇਸ਼ਨ ਹੋਈ ਸੀ?ਕੀ ਉਹ ਅਸਲ ਉਮੀਦਵਾਰ ਸਨ ਜਾਂ ਕਿਸੇ ਹੋਰ ਦੀ ਥਾਂ ਪ੍ਰੋਕਸੀ?ਕੀ ਇਸ ਦੇ ਪਿੱਛੇ ਯੂਨੀਵਰਸਿਟੀ ਅਧਿਕਾਰੀਆਂ ਦੀ ਮਿਲੀਭੁਗਤ ਹੈ? ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਪ੍ਰੀਖਿਆ ਪ੍ਰਕਿਰਿਆ ਦੀ ਪਾਰਦਰਸ਼ਤਾ ਤੇ ਨਿਰਪੱਖਤਾ ’ਤੇ ਸਵਾਲ ਖੜ੍ਹੇ ਕਰਦੀ ਹੈ ਅਤੇ ਹਜ਼ਾਰਾਂ ਬੇਰੁਜ਼ਗਾਰ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਦੀ ਹੈ।ਆਖ਼ਰ ’ਤੇ, ਆਰਸ਼ ਸੱਚਰ ਨੇ ਮੁੱਖ ਮੰਤਰੀ ਪੰਜਾਬ ਅਤੇ ਬੋਰਡ ਆਫ ਮੈਨੇਜਮੈਂਟ, ਬਾਬਾ ਫਰੀਦ ਯੂਨੀਵਰਸਿਟੀ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਤੁਰੰਤ ਨਿਰਪੱਖ ਜਾਂਚ ਕਰਵਾਈ ਜਾਵੇ। ਜ਼ਿੰਮੇਵਾਰ ਅਧਿਕਾਰੀਆਂ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ। ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਗੜਬੜਾਂ ਨੂੰ ਰੋਕਣ ਲਈ ਪੱਕੇ ਪ੍ਰਬੰਧ ਕੀਤੇ ਜਾਣ।