ਸਿਲਵਰ ਓਕਸ ਸਕੂਲ ਵਿਖੇ ਆਜਾਦੀ ਦਿਵਸ ਮਨਾਇਆ ਗਿਆ, ਪੋ੍ਰਗਰਾਮ ’ਚ ਡਾ ਰਮਨਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਕੋਟਕਪੂਰਾ, 19 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਿੰਦਾ ਰਹਾਂ ਸਲਾਮੀ ਇਸ ਤਿਰੰਗੇ ਨੂੰ, ਜਿਸ ਵਿੱਚ ਮੇਰੀ ਸ਼ਾਨ ਹੈ, ਸਿਰ ਹਮੇਸ਼ਾ ਉੱਚਾ ਰੱਖਣਾ ਇਸ ਦਾ, ਜਦੋਂ ਤੱਕ ਦਿਲ ਵਿੱਚ ਜਾਨ ਹੈ, 15 ਅਗਸਤ 1947 ਦਾ ਦਿਨ ਭਾਰਤ ਦੇ ਆਜ਼ਾਦੀ ਘੁਲਾਟੀਆਂ ਦੇ ਸਦੀਆਂ ਦੇ ਸੰਘਰਸ਼, ਕੁਰਬਾਨੀ ਅਤੇ ਦ੍ਰਿੜ ਇਰਾਦੇ ਦਾ ਪ੍ਰਤੀਕ ਹੈ। ਇਸੇ ਭਾਵਨਾ ਨਾਲ ਸਿਲਵਰ ਓਕਸ ਸਕੂਲ ਸੇਵੇਵਾਲਾ ਵਿਖੇ 79 ਵਾਂ ਸੁਤੰਤਰਤਾ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਪਹੁੰਚੇ ਡਾਕਟਰ ਰਮਨਦੀਪ ਸਿੰਘ (ਚੇਅਰਮੈਨ ਐਮ ਐਸ ਐਮ ਈ,ਜ਼ਿਲ੍ਹਾ ਫਰੀਦਕੋਟ ਪੋਰਮੋਸ਼ਨਲ ਕੌਂਸਲ ਆਫ਼ ਇੰਡੀਆ, ਜੈਤੋ ਹਲਕੇ ਦੇ ਵਿਧਾਇਕ ਰਾਜਨੀਤਕ ਪਾਰਟੀ (ਭਾਜਪਾ) ਦਾ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪ੍ਰਿਅੰਕਾ ਮਹਿਤਾ ਵੱਲੋਂ ਸਵਾਗਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪ੍ਰਿਅੰਕਾ ਮਹਿਤਾ ਅਤੇ ਡਾ. ਰਮਨਦੀਪ ਸਿੰਘ ਨੇ ਤਿਰੰਗਾ ਲਹਿਰਾਇਆ ਅਤੇ ਰਾਸ਼ਟਰ ਗਾਣ ਨਾਲ ਤਿਰੰਗੇ ਨੂੰ ਸਲਾਮੀ ਦਿੱਤੀ । ਇਸ ਮੌਕੇ ਤੀਜੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਨਾਲ ਸਬੰਧਤ ਕਈ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ l ਦੇਸ਼ ਭਗਤੀ ਦੀ ਭਾਵਨਾ ਨੂੰ ਪ੍ਰਗਟ ਕਰਨ ਲਈ ‘ਏਹ ਦੇਸ਼ ਮੇਰੇ ਤੇਰੇ ਕਦਮੋ ਮੇ ਕੋਟਿ-ਕੋਟਿ ਪ੍ਰਣਾਮ ਰਹੇ ’ਪੇਸ਼ ਕੀਤਾ ਗਿਆ। ਬੱਚਿਆਂ ਨੇ ਦੇਸ਼ ਭਗਤੀ ਨਾਲ ਸੰਬੰਧਤ ਜੋਸ਼ੀਲੇ ਗੀਤ ਉੱਪਰ ਨਾਚ ਪੇਸ਼ ਆਪਣੇ ਦੇਸ਼ ਪ੍ਰਤੀ ਪਿਆਰ ਨੂੰ ਪ੍ਰਗਟ ਕੀਤਾ, ਜਿਸ ਨੇ ਸਭ ਦਾ ਮਨ ਮੋਹ ਲਿਆ। ਸਕੂਲ ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਆਜ਼ਾਦੀ ਦਿਵਸ ’ਤੇ ਭਾਸ਼ਣ ਦਿੱਤਾ ਗਿਆ। ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਵਤਨ ਹਮਾਰਾ ਅਭਿਮਾਨ ਅਤੇ ਮਾਂ ਕੇ ਵੀਰ ਸਪੂਤ ਕਵਿਤਾਵਾਂ ਪੇਸ਼ ਕਰਕੇ ਵਿਦਿਆਰਥੀਆਂ ਨੂੰ ਸੁਤੰਤਰਤਾ ਦਿਵਸ ਦੀ ਅਹਿਮੀਅਤ ਬਾਰੇ ਜਾਣੂ ਕਰਵਾਇਆ। ਇਸ ਸੁਤੰਤਰਤਾ ਦਿਵਸ ’ਤੇ ਸਕੂਲ ਦੇ ਵਿਦਿਆਰਥੀਆਂ ਨੇ ਸਟੇਡੀਅਮ ’ਚ ਸ਼ਾਨਦਾਰ ਪਰੇਡ ਅਤੇ ਕੋਰਿਓਗ੍ਰਾਫੀ ਪੇਸ਼ ਕਰਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ l ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪ੍ਰਿਅੰਕਾ ਮਹਿਤਾ ਨੇ ਆਪਣੇ ਭਾਸ਼ਣ ਵਿਚ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਸਾਨੂੰ ਆਪਣੇ ਦੇਸ਼ ਦੀ ਸ਼ਾਨ ਨੂੰ ਕਾਇਮ ਰੱਖਣ ਲਈ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਸਾਨੂੰ ਉਨ੍ਹਾਂ ਦੇਸ਼ ਭਗਤਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਦੇਸ਼ ਦੀ ਖਾਤਰ ਕੁਰਬਾਨੀਆਂ ਦੇ ਕੇ ਸਾਨੂੰ ਰਾਸ਼ਟਰੀ ਝੰਡੇ ਦੀ ਰਾਖੀ ਕਰਨ ਦੀ ਸਿੱਖਿਆ ਦਿੱਤੀ ਹੈ। ਇਸ ਦੇ ਨਾਲ ਹੀ ਡਾ. ਰਮਨਦੀਪ ਸਿੰਘ ਨੇ ਸੁਤੰਤਰਤਾ ਦਿਵਸ ਦੀ ਮੁਬਾਰਕ ਦਿੰਦਿਆਂ ਆਖਿਆ ਕਿ ‘ਇਸ ਸੁਤੰਤਰਤਾ ਦਿਵਸ ’ਤੇ ਆਓ ਅਸੀਂ ਆਪਣੇ ਮਹਾਨ ਦੇਸ਼ ਦੀ ਸ਼ਾਂਤੀ ਅਤੇ ਏਕਤਾ ਦੀ ਰੱਖਿਆ ਕਰਨ ਦਾ ਪ੍ਰਣ ਕਰੀਏ। ‘ਅਜਾਦੀ ਦਿਵਸ ਨੂੰ ਮੁੱਖ ਰੱਖਦਿਆਂ ਨੰਨ੍ਹੇ-ਮੁੰਨੇ ਬੱਚਿਆਂ ਲਈ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਨਰਸਰੀ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਬੱਚਿਆਂ ਨੇ ਦੇਸ਼ ਭਗਤੀ ਨਾਲ ਸੰਬੰਧਤ ਭਾਸ਼ਣ, ਕਵਿਤਾਵਾਂ, ਗੀਤ ਅਤੇ ਨਾਚ ਪੇਸ਼ ਕਰਕੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਦੇਸ਼ ਭਗਤੀ ਦਾ ਸਬੂਤ ਦਿੱਤਾ। ਅੰਤ ਵਿੱਚ ਸਕੂਲ ਦੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੂਹ ਸਟਾਫ਼ ਨੂੰ ਸੁਤੰਤਰਤਾ ਦਿਵਸ ਮੌਕੇ ਮਠਿਆਈ ਵੰਡੀ ਗਈ।