ਕੋਟਕਪੂਰਾ, 23 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਅਧਿਆਪਕਾਂ ਦੀਆਂ ਬਦਲੀਆਂ ਜੂਨ ਮਹੀਨੇ ਕੀਤੀਆਂ ਜਾਂਦੀਆਂ ਹਨ। ਇਸ ਵਾਰ ਵੀ ਅਧਿਆਪਕਾਂ ਤੋਂ ਆਨਲਾਈਨ ਪੋਰਟਲ ਤੇ 6 ਜੂਨ ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ। ਪਰ ਉਸ ਤੋਂ ਬਾਅਦ ਇਸ ਪ੍ਰਕਿਰਿਆ ਉੱਪਰ ਅਚਾਨਕ ਰੋਕ ਲਗਾ ਦਿੱਤੀ ਗਈ।ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਫਰੀਦਕੋਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਅਤੇ ਜਨਰਲ ਸਕੱਤਰ ਗਗਨ ਪਾਹਵਾ ਨੇ ਦੱਸਿਆ ਕਿ ਬਦਲੀਆਂ ਵਿੱਚ ਹੋ ਰਹੀ ਬੇਲੋੜੀ ਦੇਰੀ ਕਾਰਨ ਅਧਿਆਪਕ ਵਰਗ ਵਿੱਚ ਭਾਰੀ ਰੋਸ ਹੈ। ਅਧਿਆਪਕ ਆਗੂਆਂ ਨੇ ਕਿਹਾ ਬਦਲੀਆਂ ਦਾ ਪੋਰਟਲ 6 ਜੂਨ ਨੂੰ ਖੋਲਿਆ ਗਿਆ ਸੀ, ਜਿਸ ਨੂੰ ਲਗਭਗ ਢਾਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਤਣ-ਪੱਤਣ ਨਹੀਂ ਲਾਇਆ ਗਿਆ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਦੀ ਬਦਲੀ ਨੀਤੀ ਬਦਲਾ ਲਊ ਨੀਤੀ ਸਾਬਤ ਹੋ ਰਹੀ ਹੈ। ਉਹਨਾਂ ਕਿਹਾ ਕਿ ਵਾਰ-ਵਾਰ ਸਟੇਸ਼ਨ ਚੋਆਇਸ ਕਰਵਾਉਣ ਦੇ ਬਾਵਜੂਦ ਅਜੇ ਤੱਕ ਬਦਲੀਆਂ ਦੇ ਆਰਡਰ ਜਾਰੀ ਨਹੀਂ ਹੋਏ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਹਰਜਸਦੀਪ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਵਿੱਤ ਸਕੱਤਰ ਪਰਦੀਪ ਸਿੰਘ ਨੇ ਕਿਹਾ ਕਿ ਅਨੇਕਾਂ ਅਧਿਆਪਕ ਬਦਲੀਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਪਰ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ਵੱਲੋਂ ਆਪਣੀ ਆਦਤ ਮੁਤਾਬਿਕ ਇਸ ਅਹਿਮ ਕੰਮ ਨੂੰ ਬਿਨਾਂ ਵਜਾ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ ਅਧਿਆਪਕ, ਨਵ-ਵਿਆਹੁਤਾ ਔਰਤਾਂ, ਕੁਵਾਰੀਆਂ ਲੜਕੀਆਂ ਆਪਣੇ ਘਰਾਂ ਤੋਂ ਦੂਰ ਰਹਿਣ ਲਈ ਮਜ਼ਬੂਰ ਹਨ। ਉਨ੍ਹਾਂ ਮੰਗ ਕੀਤੀ ਕਿ ਆਪਸੀ ਸਹਿਮਤੀ ਵਾਲੀਆਂ ਬਦਲੀਆਂ ਤੋਂ ਹਰ ਤਰ੍ਹਾਂ ਦੀ ਸ਼ਰਤ ਖ਼ਤਮ ਕੀਤੀ ਜਾਵੇ। ਬਦਲੀ ਲਈ ਯੋਗ ਹਰ ਇੱਕ ਅਧਿਆਪਕ ਦੇ ਮੈਰਿਟ ਅੰਕ ਸਾਂਝੇ ਕੀਤੇ ਜਾਣ। ਸਟੇਸ਼ਨ ਚੋਣ ਸਮੇਂ ਸਾਰੇ ਖਾਲੀ ਸਟੇਸ਼ਨ ਦਿਖਾਏ ਜਾਣ ਆਗੂਆਂ ਨੇ ਵਿਭਾਗ ਦੀ ਢਿੱਲ ਮੱਠ ਦੀ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿ ਜ਼ੇਕਰ ਵਿਭਾਗ ਵੱਲੋਂ ਬਿਨਾਂ ਵਜਾ ਦੇਰੀ ਕੀਤੀ ਗਈ ਤਾਂ ਅਧਿਆਪਕਾਂ ਨੂੰ ਤਿੱਖੇ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਕੁਲਦੀਪ ਸਿੰਘ ਘਣੀਆ, ਅਜਾਇਬ ਸਿੰਘ, ਕਰਨਵੀਰ ਸਿੰਘ ਬਰਾੜ, ਗੁਰਸੇਵਕ ਸਿੰਘ, ਜਸਪ੍ਰੀਤ ਸਿੰਘ, ਲਖਵਿੰਦਰ ਪਾਲ, ਦਿਲਬਾਗ ਸਿੰਘ ਬਰਾੜ, ਨਵਪ੍ਰੀਤ ਸਿੰਘ ਬਰਾੜ ਅਤੇ ਲਵਕਰਨ ਸਿੰਘ ਹਾਜ਼ਰ ਸਨ।