ਮਜ਼ਦੂਰ ਵਰਗ ਵਿੱਚ ਖੁਸ਼ੀ ਦੀ ਲਹਿਰ, ਮੂੰਹ ਮਿੱਠਾ ਕਰਵਾ ਕੇ ਦਿੱਤੀ ਵਧਾਈ
ਕੋਟਕਪੂਰਾ, 23 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਮਜ਼ਦੂਰਾਂ ਦੀ ਮਿਹਨਤ ਨੂੰ ਹੁਲਾਰਾ ਦੇਣ ਲਈ ਲੋਡਿੰਗ, ਅਨਲੋਡਿੰਗ, ਕਿਸਾਨਾਂ ਤੋਂ ਅਨਾਜ ਉਤਾਰਨ, ਭਰਾਈ, ਸਾਫ਼–ਸਫ਼ਾਈ, ਸਿਲਾਈ ਤੇ ਲੋਡਿੰਗ ਦੇ ਚਾਰਜਜ਼ ਵਿੱਚ 10% ਵਾਧਾ ਕੀਤਾ ਗਿਆ ਹੈ। ਪਹਿਲਾਂ ਦੀ ਦਰ 14.50 ਰੁਪਏ ਸੀ, ਜਿਸਨੂੰ ਹੁਣ ਵਧਾ ਕੇ 19.26 ਰੁਪਏ ਪ੍ਰਤੀ ਥੈਲਾ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਮਜ਼ਦੂਰ ਯੂਨੀਅਨ ਫ਼ਰੀਦਕੋਟ ਦੇ ਪ੍ਰਧਾਨ ਪ੍ਰਵੀਨ ਕੁਮਾਰ ਪੱਪੀ, ਰਵੀ ਕੁਮਾਰ ਅਟਵਾਲ, ਮੋਹਨ ਸਿੰਘ, ਜੋਗਿੰਦਰ ਸਿੰਘ, ਜਗਤਾਰ ਸਿੰਘ, ਸ਼ੰਕਰ ਕੁੱਕੀ ਅਤੇ ਰਘਵੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਲਿਆ ਗਿਆ ਇਹ ਫ਼ੈਸਲਾ ਮਜ਼ਦੂਰਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਨੂੰ ਪੂਰਾ ਕਰਦਾ ਹੈ ਅਤੇ ਉਹਨਾਂ ਦੀ ਰੋਜ਼ੀ-ਰੋਟੀ ਵਿੱਚ ਖੁਸ਼ਹਾਲੀ ਲਿਆਵੇਗਾ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿਧਾਇਕ ਗੁਰਦਿੱਤ ਸਿੰਘ ਅਤੇ ਹਰਚੰਦ ਸਿੰਘ ਬਰਸਟ ਚੇਅਰਮੈਨ ਮੰਡੀ ਬੋਰਡ ਪੰਜਾਬ ਅਤੇ ਮਾਰਕੀਟ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਆੜਤੀਆ ਐਸੋਸੀਏਸ਼ਨ ਫਰੀਦਕੋਟ ਵੱਲੋਂ ਵੀ ਫ਼ੈਸਲੇ ਦਾ ਸਵਾਗਤ ਕੀਤਾ ਗਿਆ। ਇਸ ਫੈਸਲੇ ਦੀ ਖੁਸ਼ੀ ਵਿੱਚ ਆਮ ਆਦਮੀ ਪਾਰਟੀ ਦੇ ਕਮਲਜੀਤ ਸਿੰਘ ਐੱਮ ਸੀ, ਸਤਨਾਮ ਸਿੰਘ ਬਲਾਕ ਇੰਚਾਰਜ, ਜਗਜੀਤ ਸਿੰਘ ਜੱਗੀ ਮੀਡੀਆ ਇੰਚਾਰਜ, ਯਾਦਵਿੰਦਰ ਸਿੰਘ ਟੱਲੂ ਮੀਡੀਆ ਇੰਚਾਰਜ ਨੇ ਕਿਹਾ ਕਿ ਇਹ ਵਾਧਾ ਮਜ਼ਦੂਰਾਂ ਦੀ ਮਿਹਨਤ ਦੀ ਅਸਲ ਕਦਰ ਹੈ ਅਤੇ ਇਸ ਨਾਲ ਮੰਡੀ ਦਾ ਕੰਮਕਾਜ ਹੋਰ ਸੁਚਾਰੂ ਹੋਵੇਗਾ। ਮਾਰਕੀਟ ਕਮੇਟੀ ਫਰੀਦਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਨੇ ਕਿਹਾ ਕਿ ਮਜ਼ਦੂਰਾਂ ਦੀ ਖੁਸ਼ਹਾਲੀ ਹੀ ਸਾਡੀ ਖੁਸ਼ਹਾਲੀ ਹੈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਨਵੀਆਂ ਦਰਾਂ ਪੂਰੀ ਇਮਾਨਦਾਰੀ ਨਾਲ ਲਾਗੂ ਕੀਤੀਆਂ ਜਾਣ।