ਐੱਸ.ਬੀ.ਆਈ. ਬੈਂਕ ਨੇ ਦੂਜੀ ਕਿਸ਼ਤ ਰਾਹੀਂ 6 ਹੋਰ ਖਪਤਕਾਰਾਂ ਨੂੰ ਮੋੜੇ 25 ਲੱਖ ਰੁਪਏ
ਕੋਟਕਪੂਰਾ, 23 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਸਟੇਟ ਬੈਂਕ ਬਰਾਂਚ ਸਾਦਿਕ ਨੇ ਇੱਕ ਵਾਰ ਫਿਰ ਇਹ ਸਾਬਿਤ ਕਰ ਦਿੱਤਾ ਹੈ ਕਿ ਖਪਤਕਾਰਾਂ ਦਾ ਭਰੋਸਾ ਉਸ ਦੀ ਸਭ ਤੋਂ ਵੱਡੀ ਪੂੰਜੀ ਹੈ। 21 ਜੁਲਾਈ 2025 ਨੂੰ ਐਸ.ਬੀ.ਆਈ. ਸਾਦਿਕ ਸ਼ਾਖਾ ਵਿੱਚ ਹੋਈ ਵਿੱਤੀ ਧੋਖਾਧੜੀ ਦੀ ਘਟਨਾ ਤੋਂ ਬਾਅਦ, ਖੇਤਰੀ ਪ੍ਰਬੰਧਕ ਪ੍ਰਵੀਨ ਸੋਨੀ ਨੇ ਪ੍ਰਭਾਵਿਤ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਸੀ ਕਿ ਧੋਖਾਧੜੀ ਵਾਲੀਆਂ ਐਂਟਰੀਆਂ ਨੂੰ ਟਰੇਸ ਕਰਕੇ ਜਲਦੀ ਭੁਗਤਾਨ ਸ਼ੁਰੂ ਕੀਤਾ ਜਾਵੇਗਾ। ਇਸ ਵਾਅਦੇ ਦੇ ਅਨੁਸਾਰ 18 ਅਗਸਤ ਨੂੰ ਪਹਿਲੀ ਕਿਸ਼ਤ ਵਿੱਚ 6 ਖਪਤਕਾਰਾਂ ਨੂੰ ਲਗਭਗ 25 ਲੱਖ ਰੁਪਏ ਦੀ ਰਕਮ ਵਾਪਸ ਕੀਤੀ ਗਈ ਸੀ। ਉਸ ਤੋਂ ਬਾਅਦ ਅੱਜ ਦੂਜੀ ਕਿਸ਼ਤ ਦੇ ਰੂਪ ਵਿੱਚ ਹੋਰ 6 ਖਪਤਕਾਰਾਂ ਨੂੰ 24,65,743 ਦੀ ਰਕਮ ਵਾਪਸ ਕੀਤੀ ਗਈ। ਇਸ ਤਰ੍ਹਾਂ ਹੁਣ ਤੱਕ ਕੁੱਲ 12 ਖਪਤਕਾਰਾਂ ਨੂੰ ਲਗਭਗ 50 ਲੱਖ ਰੁਪਏ ਦੀ ਵਾਪਸੀ ਹੋ ਚੁੱਕੀ ਹੈ। ਇਹ ਰਕਮਾਂ ਮੁੱਖ ਤੌਰ ’ਤੇ ਉਹਨਾਂ ਫਿਕਸਡ ਡਿਪਾਜ਼ਿਟਸ (ਐਫਡੀ) ਨਾਲ ਸੰਬੰਧਤ ਸਨ ਜੋ ਸਮੇਂ ’ਤੇ ਬਣਾਈਆਂ ਨਹੀਂ ਗਈਆਂ ਸਨ। ਗ੍ਰਾਹਕਾਂ ਨੂੰ ਨਾ ਸਿਰਫ ਮੂਲਧਨ ਅਤੇ ਵਿਆਜ ਵਾਪਸ ਕੀਤਾ ਗਿਆ, ਬਲਕਿ ਵਾਧੂ 1 ਫੀਸਦੀ ਮੁਆਵਜ਼ਾ ਵਿਆਜ ਵੀ ਦਿੱਤਾ ਗਿਆ। ਇਸ ਨਾਲ ਬੈਂਕ ਦੀ ਪਾਰਦਰਸ਼ਤਾ ਅਤੇ ਜਵਾਬਦੇਹੀ ਦਾ ਸਾਫ਼ ਸੁਨੇਹਾ ਗਿਆ। ਦੋਵਾਂ ਮੌਕਿਆਂ ’ਤੇ ਭੁਗਤਾਨ ਪ੍ਰੋਗਰਾਮ ਖੇਤਰੀ ਪ੍ਰਬੰਧਕ ਪ੍ਰਵੀਨ ਸੋਨੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਪ੍ਰਕਿਰਿਆ ਵਿੱਚ ਰੀਜਨਲ ਬਿਜ਼ਨਸ ਆਫਿਸ ਤੋਂ ਆਰ.ਪੀ. ਸਿੰਘ (ਚੀਫ ਮੈਨੇਜਰ–ਓਪਰੇਸ਼ਨ), ਦਲੀਪ ਕੁਮਾਰ (ਮੈਨੇਜਰ–ਕੰਪਲਾਇੰਸ ਅਤੇ ਰਿਸਕ) ਅਤੇ ਸਾਦਿਕ ਸ਼ਾਖਾ ਤੋਂ ਸ਼ਸ਼ਾਂਕ ਸ਼ੇਖਰ (ਡਿਪਟੀ ਮੈਨੇਜਰ), ਨਰਿੰਦਰ ਸਿੰਘ (ਡਿਪਟੀ ਮੈਨੇਜਰ) ਅਤੇ ਸੁਖਜੀਤ ਸਿੰਘ (ਡਿਪਟੀ ਮੈਨੇਜਰ) ਸਮੇਤ ਸਾਰੇ ਸਟਾਫ਼ ਨੇ ਸਰਗਰਮ ਸਹਿਯੋਗ ਦਿੱਤਾ। ਹਾਜਰ ਖਪਤਕਾਰਾਂ ਅਤੇ ਕਿਸਾਨ ਯੂਨੀਅਨ ਨੇ ਇਸ ਕਦਮ ’ਤੇ ਡੂੰਘੀ ਖੁਸ਼ੀ ਜਤਾਈ ਅਤੇ ਕਿਹਾ ਕਿ ਐਸਬੀਆਈ ਦੇਸ਼ ਦਾ ਸਭ ਤੋਂ ਵੱਡਾ ਅਤੇ ਭਰੋਸੇਯੋਗ ਬੈਂਕ ਹੈ, ਜੋ ਕਿਸੇ ਇੱਕ ਦੀ ਗਲਤੀ ਕਾਰਨ ਪ੍ਰਭਾਵਿਤ ਖਪਤਕਾਰਾਂ ਦੀ ਵੀ ਪੂਰੀ ਜ਼ਿੰਮੇਵਾਰੀ ਲੈਂਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਖਪਤਕਾਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਖੇਤਰੀ ਪ੍ਰਬੰਧਕ ਪ੍ਰਵੀਨ ਸੋਨੀ ਨੇ ਸਾਦਿਕ ਖੇਤਰ ਦੇ ਸਾਰੇ ਖਪਤਕਾਰਾਂ ਅਤੇ ਨਾਗਰਿਕਾਂ ਦਾ ਉਨ੍ਹਾਂ ਦੇ ਧੀਰਜ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਵਾਇਆ ਕਿ ਬਾਕੀ ਬਚੇ ਪ੍ਰਭਾਵਿਤ ਖਪਤਕਾਰਾਂ ਨੂੰ ਵੀ ਜਲਦ ਭੁਗਤਾਨ ਕਰ ਦਿੱਤਾ ਜਾਵੇਗਾ। ਇਨ੍ਹਾਂ ਦੋ ਕਿਸ਼ਤਾਂ ਰਾਹੀਂ ਨਾ ਸਿਰਫ ਸਾਦਿਕ ਸ਼ਾਖਾ ਦੀ ਸਾਖ ਅਤੇ ਮਾਣ ਮੁੜ ਬਹਾਲ ਹੋਇਆ ਹੈ, ਬਲਕਿ ਇਹ ਵੀ ਸਾਬਤ ਹੋਇਆ ਹੈ ਕਿ ਐਸ.ਬੀ.ਆਈ. ਆਪਣੇ ਗ੍ਰਾਹਕਾਂ ਦੇ ਭਰੋਸੇ ਦੀ ਰੱਖਿਆ ਲਈ ਹਰ ਹਾਲਤ ਵਿੱਚ ਤਤਪਰ ਹੈ।