ਫਰੀਦਕੋਟ ਜ਼ਿਲ੍ਹੇ ਵਿੱਚ ਪਹੁੰਚਣ ‘ਤੇ ਜੱਥੇ ਦਾ ਹੋਇਆ ਗਰਮਜੋਸ਼ੀ ਨਾਲ਼ ਸ਼ਾਨਦਾਰ ਸਵਾਗਤ
21 ਸਤੰਬਰ ਦੀ ਮੋਹਾਲੀ ਰੈਲੀ ਵਿੱਚ ਫਰੀਦਕੋਟ ਜ਼ਿਲ੍ਹੇ ਤੋਂ ਸੈਂਕੜੇ ਵਰਕਰ ਹੋਣਗੇ ਸ਼ਾਮਿਲ : ਅਸ਼ੋਕ ਕੌਸ਼ਲ

ਕੋਟਕਪੂਰਾ, 24 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਕੌਮੀ ਮਹਾਸੰਮੇਲਨ ਦੀਆਂ ਤਿਆਰੀਆਂ ਵਜੋਂ ਸ਼ਹੀਦ ਭਗਤ ਸਿੰਘ- ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਯਾਦਗਾਰ ਹੁਸੈਨੀਵਾਲਾ ਤੋਂ 21 ਅਗਸਤ ਨੂੰ ਰਵਾਨਾ ਹੋਏ ਜੱਥੇ ਜਿਸ ਨੇ ਵੱਖ-ਵੱਖ ਪੜਾਵਾਂ ਵਿੱਚੋਂ ਦੀ ਹੁੰਦੇ ਹੋਏ 27 ਅਗਸਤ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਸਥਾਨ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਪਹੁੰਚਣਾ ਹੈ, ਦਾ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰਨ ਤੇ ਪਿੰਡ ਖਾਰਾ ਵਿਖੇ ਲਾਲ ਝੰਡਿਆਂ ਅਤੇ ਨਾਅਰਿਆਂ ਦੀ ਗੂੰਜ ਵਿੱਚ ਜੋਰਦਾਰ ਸਵਾਗਤ ਕੀਤਾ ਗਿਆ। ਵੱਖ-ਵੱਖ ਪਿੰਡਾਂ ਅਤੇ ਕੋਟਕਪੂਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਇਹ ਜੱਥਾ ਸਥਾਨਕ ਪੁਰਾਣਾ ਕਿਲਾ ਦੇ ਕੋਲ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਪਹੁੰਚਿਆ ਅਤੇ ਵਿਸ਼ਾਲ ਜਨ ਸਭਾ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਬਰਤਾਨਵੀ ਸਾਮਰਾਜ ਖਿਲਾਫ਼ ਅਤੇ ਬਾਅਦ ਵਿੱਚ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਸੰਘਰਸ਼ਾਂ ਦਾ ਭਾਰਤੀ ਕਮਿਊਨਿਸਟ ਪਾਰਟੀ ਦਾ ਸ਼ਾਨਾਮਤਾ ਇਤਿਹਾਸ ਹੈ ਜਿਸ ਦਾ ਹਰ ਕਮਿਊਨਿਸਟ ਨੂੰ ਮਾਣ ਹੈ। ਜਿਲਾ ਫਰੀਦਕੋਟ ਦੇ ਸਕੱਤਰ ਅਸ਼ੋਕ ਕੌਸ਼ਲ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਨੇ ਬੜੇ ਔਖੇ ਹਾਲਾਤਾਂ ਵਿੱਚ ਵੀ ਮਿਹਨਤਕਸ਼ ਵਰਗ ਦੇ ਹੱਕਾਂ ਦੀ ਰਾਖੀ ਕੀਤੀ ਪਰ ਕਦੇ ਵੀ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ। ਉਹਨਾਂ ਨੇ 21 ਸਤੰਬਰ ਦੀ ਰੈਲੀ ਵਿੱਚ 300 ਵਰਕਰ ਸ਼ਾਮਲ ਕਰਵਾਉਣ ਦਾ ਭਰੋਸਾ ਦਿਵਾਇਆ। ਰੈਲੀ ਨੂੰ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ, ਆਸ਼ਾ ਵਰਕਰਾਂ ਦੀ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਹਰਪਾਲ ਮਚਾਕੀ, ਬਲਕਾਰ ਸਿੰਘ ਸਹੋਤਾ, ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਪਾਰਟੀ ਦੇ ਜਿਲਾ ਮੀਤ ਸਕੱਤਰ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਨਰੇਗਾ ਮਜ਼ਦੂਰ ਆਗੂ ਵੀਰ ਸਿੰਘ ਕੰਮੇਆਨਾ ਗੋਰਾ ਪਿਪਲੀ, ਸੀ.ਪੀ.ਆਈ.ਐਮ. ਦੇ ਜ਼ਿਲਾ ਆਗੂ ਕਾਮਰੇਡ ਅਸ਼ਵਨੀ ਕੁਮਾਰ, ਪੈਨਸ਼ਨਰ ਆਗੂ ਕੁਲਵੰਤ ਸਿੰਘ ਚਾਨੀ, ਪ੍ਰਦੀਪ ਸਿੰਘ ਬਰਾੜ, ਸੋਮ ਨਾਥ ਅਰੋੜਾ, ਚਰਨਜੀਤ ਸਿੰਘ ਚਮੇਲੀ, ਪੱਪੀ ਸਿੰਘ ਢਿੱਲਵਾਂ ਕਲਾਂ ਅਤੇ ਪ੍ਰੋ. ਹਰਬੰਸ ਸਿੰਘ ਪਦਮ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੂੰ ਭਰੋਸਾ ਦਵਾਇਆ ਕਿ ਕੌਮੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਪੂਰਾ ਜ਼ੋਰ ਲਗਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੇਸ਼ਮ ਸਿੰਘ ਜਟਾਣਾ, ਬੋਹੜ ਸਿੰਘ ਔਲਖ, ਤਰਸੇਮ ਨੂਰਲਾ, ਪੂਰਨ ਸਿੰਘ ਸੰਧਵਾਂ, ਕੇਵਲ ਸਿੰਘ ਲੰਭਵਾਲੀ, ਹਰਦੇਵ ਸਿੰਘ ਗਿੱਲ, ਜਸਪਾਲ ਸਿੰਘ, ਗੁਰਦੀਪ ਭੋਲਾ, ਸ਼ਿਵ ਨਾਥ ਦਰਦੀ, ਅਮਰਜੀਤ ਕੌਰ ਛਾਬੜਾ, ਸੁਖਦਰਸ਼ਨ ਰਾਮ ਸ਼ਰਮਾ ਅਤੇ ਨਾਹਰ ਸਿੰਘ ਗਿੱਲ ਆਦਿ ਵੀ ਹਾਜ਼ਰ ਸਨ।