ਵਾਤਾਵਰਣ ਸੰਭਾਲਣ ਅਤੇ ਪ੍ਰਦੂਸ਼ਣ ਘਟਾਉਣ ਲਈ ਹਰੇ-ਭਰੇ ਦਰੱਖਤਾਂ ਦੀ ਬਹੁਤ ਜ਼ਰੂਰਤ : ਸਕੂਲ ਪ੍ਰਬੰਧਕ ਕਮੇਟੀ
ਕੋਟਕਪੂਰਾ, 24 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
“ਇੱਕ ਬੂਟਾ ਮਾਂ ਦੇ ਨਾਮ” ਮੁਹਿੰਮ ਤਹਿਤ ਅੱਜ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵਿੱਚ ਬੱਚਿਆਂ ਨੂੰ ਬੂਟੇ ਵੰਡੇ ਗਏ। ਇਸ ਮੁਹਿੰਮ ਦਾ ਮੰਤਵ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਅਤੇ ਹਰ ਬੱਚੇ ਨੂੰ ਆਪਣੀ ਮਾਂ ਦੇ ਨਾਮ ‘ਤੇ ਇੱਕ ਬੂਟਾ ਲਗਾਉਣ ਲਈ ਪ੍ਰੇਰਿਤ ਕਰਨਾ ਹੈ। ਸਕੂਲ ਦੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਇਸ ਸਰਗਰਮੀ ਵਿੱਚ ਵੱਧ ਚੜ ਕੇ ਯੋਗਦਾਨ ਪਾਇਆ ਗਿਆ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਸਿਰਫ ਪੌਦਾ ਲਗਾਉਣਾ ਹੀ ਸਾਡੀ ਜਿੰਮੇਵਾਰੀ ਨਹੀਂ, ਸਗੋਂ ਉਸ ਦੀ ਸਾਂਭ ਸੰਭਾਲ ਅਤੇ ਉਸ ਦੀ ਪਾਲਣਾ ਕਰਨਾ ਵੀ ਸਾਡੀ ਵੱਡੀ ਜਿੰਮੇਵਾਰੀ ਬਣ ਜਾਂਦੀ ਹੈ, ਕਿਉਂਕਿ ਵਾਤਾਵਰਣ ਸੰਭਾਲਣ ਅਤੇ ਪ੍ਰਦੂਸ਼ਣ ਘਟਾਉਣ ਲਈ ਹਰੇ-ਭਰੇ ਦਰੱਖਤਾਂ ਦੀ ਬਹੁਤ ਜ਼ਰੂਰਤ ਹੈ। ਸੋ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦੇ ਸਾਥ ਨਾਲ ਘਰ ਜਾਂ ਕਿਸੇ ਖੁੱਲ੍ਹੀ ਜਗ੍ਹਾ ‘ਤੇ ਪੇੜ ਲਗਾ ਕੇ ਉਸਦੀ ਸੰਭਾਲ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਦਰੱਖਤ ਲਗਾਉਣਾ ਸਿਰਫ਼ ਇੱਕ ਸਮਾਰੋਹ ਨਹੀਂ, ਸਗੋਂ ਇੱਕ ਜ਼ਿੰਮੇਵਾਰੀ ਹੈ, ਜਿਸ ਨਾਲ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ ਸੁਥਰਾ ਹਵਾ-ਪਾਣੀ ਛੱਡ ਸਕੀਏ। ਤੰਦਰੁਸਤ ਜੀਵਨ ਜਿਉਣ ਲਈ ਹਵਾ ਅਤੇ ਪਾਣੀ ਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ। ਘਰ ਜਾ ਕੇ ਵਿਦਿਆਰਥੀਆਂ ਨੇ ਆਪਣੀ ਮਾਤਾ ਜੀ ਦੇ ਨਾਲ ਪੌਦਾ ਲਗਾਉਂਦੇ ਸਮੇਂ ਫੋਟੋ ਖਿਚਵਾ ਕੇ ਆਪਣੇ ਇੰਚਾਰਜ ਅਧਿਆਪਕ ਨਾਲ ਸਾਂਝੀਆਂ ਵੀ ਕੀਤੀਆਂ। ਇਸ ਮੁਹਿੰਮ ਵਿੱਚ ਜਿੱਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮੁੱਖ ਯੋਗਦਾਨ ਪਾਇਆ, ਉੱਥੇ ਹੀ ਮਾਪਿਆਂ ਦੁਆਰਾ ਇਸ ਮੁਹਿੰਮ ਨੂੰ ਲੈ ਕੇ ਕੀਤੇ ਜਾਣ ਵਾਲੇ ਉਪਰਾਲਿਆਂ ਲਈ ਸ਼ਲਾਘਾ ਵੀ ਕੀਤੀ ਗਈ।