ਕੋਟਕਪੂਰਾ, 24 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਜਪਾ ਦੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਦਾ ਕਰਨ ਲਈ ਭਾਜਪਾ ਵਰਕਰਾਂ ਨੇ ਇੱਕ ਮੁਹਿੰਮ ‘ਸੇਵਾਦਾਰ ਤੁਹਾਡੇ ਦੁਆਰ’ ਵਿੱਢੀ ਹੈ। ਇਹ ਜਾਣਕਾਰੀ ਦਿੰਦਿਆਂ ਭਾਰਤੀ ਜਨਤਾ ਪਾਰਟੀ ਜਿਲਾ ਫਰੀਦਕੋਟ ਦੇ ਜਿਲਾ ਯੂਥ ਪ੍ਰਧਾਨ ਮਨਵੀਰ ਰੰਗਾ ਨੇ ਆਖਿਆ ਕਿ ‘ਸੇਵਾਦਾਰ ਤੁਹਾਡੇ ਦੁਆਰ’ ਮੁਹਿੰਮ ਸ਼ੁਰੂ ਹੋਣ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਨੀਂਦ ਉੱਡ ਗਈ ਹੈ। ਇਸ ਮੁਹਿੰਮ ਨੂੰ ਰੋਕਣ ਲਈ ਵਰਕਰਾਂ ਤੇ ਆਗੂਆਂ ਨੂੰ ਸਰਕਾਰੀ ਬਲ ਉਪਯੋਗ ਕਰਕੇ ਰੋਕਿਆ ਹੀ ਨਹੀਂ ਜਾ ਰਿਹਾ, ਸਗੋਂ ਗਿ੍ਰਫਤਾਰ ਵੀ ਕੀਤਾ ਜਾ ਰਿਹਾ ਹੈ। ਉਹਨਾਂ ਪੁੱਛਿਆ ਕਿ ਕੀ ਆਪਣੀ ਪਾਰਟੀ ਦੀ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਣ ਅਤੇ ਉਨ੍ਹਾਂ ਨੂੰ ਸਮਝਾਉਣਾ ਜੁਰਮ ਹੈ? ਉਹਨਾਂ ਟੋਲ ਪਲਾਜ਼ਾ ਉੱਤੇ ਧਰਨੇ ’ਤੇ ਬੈਠੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲੈਣ ’ਤੇ ‘ਆਪ’ ਸਰਕਾਰ ਦੀ ਇਸ ਘਟੀਆ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਆਖਿਆ ਕਿ ਪੰਜਾਬ ਦੀ ‘ਆਪ’ ਸਰਕਾਰ ਕੋਈ ਵੀ ਹੀਲਾ ਵਰਤ ਲਵੇ, ਸਾਨੂੰ ਰੋਕ ਨਹੀਂ ਸਕਦੀ। ਉਨ੍ਹਾਂ ਪੰਜਾਬ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨਾਲ ਹੱਥ ਮਿਲਾਉਣ ਅਤੇ ਇਸ ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਹਰ ਲੋੜਵੰਦ ਵਿਅਕਤੀ ਨੂੰ ਕੇਂਦਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਵਿੱਚ ਸਹਿਯੋਗ ਕਰਨ।