
ਬਨੂੜ, 26 ਅਗਸਤ (ਰੋਮੀ ਘੜਾਮਾਂ/ਵਰਲਡ ਪੰਜਾਬੀ ਟਾਈਮਜ਼)
ਐਤਵਾਰ ਨੂੰ ਸ.ਸ.ਸ.ਸ. ਸਕੂਲ ਬੂਟਾ ਸਿੰਘ ਵਾਲਾ਼ ਵਿਖੇ ਪੁਆਧ ਪੰਜਾਬੀ ਸਾਹਿਤਕ ਬੈਠਕ ਦੌਰਾਨ ਖੂਬ ਰੌਣਕਾਂ ਲੱਗੀਆਂ। ਜਿਸ ਵਿੱਚ ਅੰਤਰ-ਰਾਸ਼ਟਰੀ ਪੁਆਧੀ ਮੰਚ, ਮੋਹਾਲੀ ਤੋਂ ਡਾ.ਗੁਰਮੀਤ ਸਿੰਘ ਬੈਦਵਾਣ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਪੁਆਧ ਖੇਤਰ, ਪੁਆਧੀ ਬੋਲੀ, ਰਹਿਣ-ਸਹਿਣ, ਰੀਤੀ-ਰਿਵਾਜ਼ਾਂ ਤੇ ਗੀਤਾਂ ਬਾਰੇ ਜਾਣਕਾਰੀ ਇੱਕਠੀ ਕਰਕੇ ਸੱਤ ਕਿਤਾਬਾਂ ਪੁਆਧੀ ਮਾਂ-ਬੋਲੀ ਦੀ ਝੋਲੀ਼ ਵਿੱਚ ਪਾਉਣ ਵਾਲੀ਼ ਸਾਹਿਤਕਾਰਾ ਪ੍ਰਿੰ. ਲਵਲੀ ਪੰਨੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਨ੍ਹਾਂ ਨੇ ਜਿੰਦਗੀ ਦਾ ਵੱਡਾ ਅਰਸਾ ਪੁਆਧ ਖਿੱਤੇ ਵਿੱਚ ਨੌਕਰੀ ਕੀਤੀ ਅਤੇ ਹੁਣ ਵੀ ਰਾਜਪੁਰਾ ਵਿਖੇ ਰਹਿ ਰਹੇ ਹਨ। ਉਨ੍ਹਾਂ ਦੁਆਰਾ ਰਚੀਆਂ ਕਿਤਾਬਾਂ ਪੁਆਧੀ ਲੋਕ-ਕਾਵਿ, ਮ੍ਹਾਰੀ ਲਾਡੋ ਚਲੀ ਸਸੁਰਾਲ (ਪੁਆਧੀ ਸੁਹਾਗ) , ਸੱਤ ਸੁਹਾਗਣਾਂ, ਹੋਲਰ ਕੇ ਹੂਏ ਪਾ ਅਤੇ ਪੁਆਧੀ ਬਿਰਹੜੇ ਹਨ। ਜਿਨ੍ਹਾਂ ਦੀ ਰਚਨਾ ਕਰਕੇ ਸ਼੍ਰੀਮਤੀ ਪੰਨੂ ਨੇ ਪੁਆਧੀ ਸਾਹਿਤ ਨੂੰ ਸੰਭਾਲਣ ਦਾ ਉੱਤਮ ਕਾਰਜ ਕੀਤਾ ਹੈ। ਇਸੇ ਦਰਮਿਆਨ ਪਿੰਡ ਧਰਮਗੜ੍ਹ ਤੋਂ ਨੋਜੁਆਨ ਕਵੀ ਸਰਬਜੀਤ ਸਿੰਘ ਦੀ ਆਪਣੀ ਜ਼ਿੰਦਗੀ ਦੀਆਂ ਘਟਵਾਨਾਂ ਉੱਤੇ ਅਧਾਰਿਤ ਕਿਤਾਬ ‘ਬੇਵਫਾ ਨਹੀਂ ਹੁੰਦੀਆਂ ਕੁੜੀਆਂ’ ਨੂੰ ਵੀ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਨਾਲ਼ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਹੋਏ ਕਵੀ ਦਰਬਾਰ ਦੀ ਸ਼ੁਰੂਆਤ ਤਾਰਾ ਸਿੰਘ ਮਠਿਆੜਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਸ਼ਬਦ ਗਾ ਕੇ ਕੀਤੀ। ਉਪਰੰਤ ਮਨੀ ਗਾਂਧੀ ਨੇ ਪੁਆਧੀ ਰਚਨਾ ‘ਖੇੜੀ ਕਾ ਮੇਲਾ’, ਗੁਰਨਾਮ ਸਿੰਘ ਸੈਣੀ ਨੇ ‘ਖੂਨੀ ਕੰਧੇ ਸਰਹੰਦ ਦੀਏ’, ਦੀਦਾਰ ਸਿੰਘ ਬਨੂੜ ਨੇ ਧੀਆਂ ਬਾਰੇ ਗੀਤ, ਰਣਬੀਰ ਰਾਣਾ ਟੋਡਰਪੁਰੀਆ ਨੇ ‘ਬੁਲਟ’ ਗੀਤ ਅਤੇ ਰਾਜਵਿੰਦਰ ਕੌਰ ਲੈਕਚਰਾਰ ਨੇ ‘ਮਨ ਦਾ ਪੰਛੀ’ ਨਾਲ਼ ਦਿਲ ਟੁੰਬਵੀਆਂ ਹਾਜ਼ਰੀਆਂ ਲਵਾਈਆਂ। ਸੁਖਵਿੰਦਰ ਦੁਰਾਲੀ ਦੁਆਰਾ ਪੇਸ਼ ਕੀਤੇ ਪੁਆਧ ਦੇ ਉਜਾੜੇ ਨੂੰ ਦਰਸਾਉਂਦੇ ਗੀਤ ‘ਤੇਰੇ ਚੰਡੀਗੜ੍ਹ ਨੇ ਖਾ ਲਿਆ ਮੇਰਾ ਦੇਸ ਪੁਆਧ ਕੁੜੇ’ ਨੇ ਮੁੱਖ ਮਹਿਮਾਨ ਸਮੇਤ ਸਾਰੀ ਬੈਠਕ ਨੂੰ ਭਾਵੁਕ ਕਰ ਦਿੱਤਾ। ਗੁਰਮੋਹਨ ਸਿੰਘ ਸੰਧਾਰਸੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਚਨਾ, ਗੀਤਕਾਰ ਤੇ ਪੱਤਰਕਾਰ ਬੀ.ਐੱਸ.ਪੰਨੂ ਨੇ ‘ਭਾਵੇਂ ਬੰਦਾ ਸਭ ਕੁਝ ਬਣਿਆ ਪਰ ਬਣਿਆ ਇਨਸਾਨ ਨਹੀਂ ਹੈ ਅਤੇ ਬਲਦੀਪ ਖਲੌਰ ਨੇ ਮਾਂ ਨੂੰ ਯਾਦ ਕਰਦਿਆਂ’ ਆਪ ਰੋਈ ਮੈਨੂੰ ਵੀ ਰਵਾਇਆ ਮੇਰੀ ਮਾਂ ਨੇ’ ਗੀਤ ਦੀ ਪੇਸ਼ਕਾਰੀ ਦਿੱਤੀ। ਰਾਜੂ ਨਾਹਰ ਨੇ ‘ਸਰਕਾਰੀ ਸਕੂਲ ਅਵਾਜ਼ਾਂ ਮਾਰੇ’, ਐੱਸ.ਪੀ.ਫਰੀਦਪੁਰੀ ਨੇ ‘ਸਭ ਮਾਲਕ ਦੇ ਰੰਗ’, ਅਸ਼ੋਕ ਕੁਮਾਰ ਨੇ ਧਾਰਮਿਕ ਗੀਤ ‘ਸਰਬੰਸ ਦਾਨੀਆ ਵੇ’, ਧੰਨਾ ਧਾਲੀਵਾਲ ਨੇ ‘ਰੂਹਾਂ ਦਾ ਵਣਜਾਰਾ’ ਅਤੇ ਮਾਸਟਰ ਹਰਪ੍ਰੀਤ ਧਰਮਗੜ੍ਹ ਨੇ ‘ਕਿਸੇ ਨੂੰ ਕੀ ਦੱਸਾਂ ਕਿਹੜੇ ਰੋਗ ਦੀ ਸਤਾਈ ਹਾਂ’ ਰਚਨਾਵਾਂ ਨਾਲ਼ ਖੂਬ ਵਾਹ-ਵਾਹ ਖੱਟੀ। ਇਸ ਤੋਂ ਇਲਾਵਾ ਸਕੂਲ ਵਿਦਿਆਰਥਣਾਂ ਸੁਖਪ੍ਰੀਤ ਕੌਰ, ਅਮਨਪ੍ਰੀਤ ਕੌਰ, ਕੋਮਲਪ੍ਰੀਤ ਕੌਰ ਅਤੇ ਵਿਦਿਆਰਥੀਆਂ ਲਵਪ੍ਰੀਤ ਸਿੰਘ, ਗੁਰਪੀਰ ਸਿੰਘ ਵੱਲੋਂ ਵੀ ਰਚਨਾਵਾਂ ਪੇਸ਼ ਕੀਤੀਆਂ ਗਈਆਂ।
ਪੁਆਧੀ ਬੋਲੀ ਵਿੱਚ ਮੰਚ ਸੰਚਾਲਨ ਕਰਦਿਆਂ ਮਾ. ਹਰਪ੍ਰੀਤ ਸਿੰਘ ਧਰਮਗੜ੍ਹ ਵੱਲੋਂ ਵਿਛੜੇ ਪੰਜਾਬੀ ਹਾਸਰਸ ਕਲਾ ਦੇ ਥੰੰਮ੍ਹ ਜਸਵਿੰਦਰ ਸਿੰਘ ਭੱਲਾ ਨੂੰ ਡਾ. ਕੁਲਦੀਪ ਸਿੰਘ ਸਾਹਿਲ ਦੁਆਰਾ ਲਿਖੇ ਲੇਖ ‘ਖਾਮੋਸ਼ ਹੋ ਗਿਆ ਹਾਸਿਆਂ ਦਾ ਵਣਜਾਰਾ” ਪੜ੍ਹ ਕੇ ਸ਼ਰਧਾਂਜਲੀ ਦਿੱਤੀ ਗਈ। ਵਿਰੇਂਦਰ ਕੁਮਾਰ ਲੈਕਚਰਾਰ, ਦਿਆਲ ਸਿੰਘ ਰਿਟਾ. ਲੈਕਚਰਾਰ ਤੇ ਅਮਰਜੀਤ ਕੌਰ ਰਿਟਾ. ਪੰਜਾਬੀ ਲੈਕਚਰਾਰ ਨੇ ਵਿਚਾਰ ਪੇਸ਼ ਕਰਦਿਆਂ ਬੈਠਕ ਵੱਲੋਂ ਕੀਤੇ ਜਾ ਰਹੇ ਸਾਹਿਤਕ ਯਤਨਾਂ ਦੀ ਭਰਭੂਰ ਸ਼ਲਾਘਾ ਕੀਤੀ। ਇਸ ਮੌਕੇ ਉਪਰੋਕਤਾਂ ਤੋਂ ਇਲਾਵਾ ਜਰਨੈਲ ਸਿੰਘ ਸਰਪੰਚ, ਤਰਨਜੀਤ ਸਿੰਘ ਖਾਲਸਾ, ਸਤਪਾਲ ਸਿੰਘ ਪੰਚ, ਕਰਨੈਲ ਸਿੰਘ, ਪਰਮਿੰਦਰ ਕੌਰ, ਜਸਵਿੰਦਰ ਕੌਰ ਅਤੇ ਹੋਰ ਪਤਵੰਤੇ ਸੱਜਣ ਉਚੇਚੇ ਤੌਰ ‘ਤੇ ਹਾਜ਼ਰ ਸਨ।