‘ਆਪ’ ਆਗੂ ਅਰਸ਼ ਸੱਚਰ ਨੇ ਪਿਛਲੇ 8 ਸਾਲਾਂ ਤੋਂ ਇੱਕੋ ਹੀ ਠੇਕੇਦਾਰ ਨੂੰ ਲੇਬਰ ਟੈਂਡਰ ਮਿਲਣ ਦਾ ਮਾਮਲਾ ਉਜਾਗਰ ਕੀਤਾ
ਫਰੀਦਕੋਟ, 27 ਅਗਸਤ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਪਿਛਲੇ 8 ਸਾਲਾਂ ਤੋਂ ਲਗਾਤਾਰ ਇੱਕੋ ਹੀ ਠੇਕੇਦਾਰ ਨੂੰ ਖੁਰਾਕ ਵਿਭਾਗ ਦੇ ਲੇਬਰ/ਟਰਾਂਸਪੋਰਟ ਟੈਂਡਰ ਮਿਲਦੇ ਰਹਿਣਾ ਹੁਣ ਸਰਕਾਰੀ ਜਾਂਚ ਦੇ ਘੇਰੇ ਵਿੱਚ ਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਵੱਲੋਂ ਖੋਲ੍ਹੇ ਗਏ ਇਸ ਵੱਡੇ ਰਾਜ਼ ਨੇ ਲੋਕਾਂ ਵਿੱਚ ਚਰਚਾ ਛੇੜ ਦਿੱਤੀ ਹੈ ਕਿ ਆਖ਼ਰ ਇਹ ‘ਮੋਨੋਪੋਲੀ ਖੇਡ’ ਐਨਾ ਸਮਾਂ ਚੱਲਦੀ ਕਿਵੇਂ ਰਹੀ? ਸ਼ਿਕਾਇਤ ਮਿਲਣ ਤੋਂ ਬਾਅਦ ਚੰਡੀਗੜ੍ਹ ਮੁੱਖ ਦਫ਼ਤਰ ਨੇ ਤੁਰਤ ਕਾਰਵਾਈ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਕੇਸ ਦੀ ਜਾਂਚ ਕਰਕੇ ਸਿਰਫ਼ ਦੋ ਦਿਨਾਂ ਵਿੱਚ ਰਿਪੋਰਟ ਵਾਪਸ ਭੇਜੀ ਜਾਵੇ। ਅਰਸ਼ ਸੱਚਰ ਨੇ ਪੁੱਛਿਆ ਕਿ ਕਈ ਸਾਲਾਂ ਤੋਂ ਚੱਲਦੇ ਆ ਰਹੇ ‘ਸੈਟਿੰਗ-ਗਠਜੋੜ’ ਦਾ ਹੁਣ ਅੰਤ ਹੋਵੇਗਾ? ਕੀ ਸਰਕਾਰੀ ਖ਼ਜ਼ਾਨੇ ਨਾਲ ਖੇਡਣ ਵਾਲਿਆਂ ਵਿਰੁੱਧ ਕੜੀ ਕਾਰਵਾਈ ਹੋਵੇਗੀ? ਵਿਭਾਗ ਦੇ ਸਰੋਤਾਂ ਮੁਤਾਬਿਕ ਇਹ ਕਾਰਵਾਈ ਸਿੱਧੇ ਸਕੱਤਰ-ਕਮ-ਡਾਇਰੈਕਟਰ ਦੇ ਹੁਕਮਾਂ ’ਤੇ ਹੋ ਰਹੀ ਹੈ ਅਤੇ ਇਸ ਕੇਸ ਦੀ ਜਾਂਚ ਹੁਣ ਹਾਈ ਅਲਰਟ ’ਤੇ ਹੈ। ਅਰਸ਼ ਸੱਚਰ ਨੇ ਆਖਿਆ ਕਿ ਕੋਈ ਵੀ ਠੇਕਾ ਕਿਸੇ ਦੀ ਜਾਇਦਾਦ ਨਹੀਂ, ਇਹ ਲੋਕਾਂ ਦਾ ਹੱਕ ਹੈ, ਹੁਣ ਸਾਰਿਆਂ ਦੀਆਂ ਨਜ਼ਰਾਂ ਜਾਂਚ ਰਿਪੋਰਟ ’ਤੇ ਟਿਕੀਆਂ ਹਨ ਕਿ ਕੀ ਵਾਕਈ ਇਸ ਵਾਰ ‘ਮੋਨੋਪੋਲੀ ਸਿੰਡਰੋਮ’ ਦਾ ਅੰਤ ਹੋਵੇਗਾ ਜਾਂ ਫਿਰ ਇੱਕ ਹੋਰ ਰਿਪੋਰਟ ਧੂਲ ਖਾਣ ਲਈ ਫ਼ਾਈਲਾਂ ਵਿੱਚ ਦੱਬ ਜਾਵੇਗੀ?