ਨਾ ਘਰਬਾਰ, ਨਾ ਖੇਤੀਬਾੜੀ, ਸਭ ਪਾਸੇ ਸੈਲਾਬ।
ਹੜ੍ਹ ਦੇ ਪਾਣੀ ਨਾਲ਼ ਵੇਖ ਲਓ, ਡੁੱਬਦਾ ਪਿਆ ਪੰਜਾਬ।
ਚਾਰੇ ਪਾਸੇ ਪਾਣੀਓਂ ਪਾਣੀ, ਪਲ ਪਲ ਵਧਦਾ ਜਾਪੇ।
ਕਿਸੇ ਦੇ ਕੋਲ਼ੋਂ ਬੱਚੇ ਵਿਛੜੇ, ਕਿਸੇ ਦੇ ਕੋਲ਼ੋਂ ਮਾਪੇ।
ਸਾਡੀਆਂ ਪੁੱਛਾਂ ਦਾ ਕੋਈ ਵੀ, ਦੇ ਨਾ ਸਕੇ ਜਵਾਬ।
ਨਦੀਆਂ, ਨਾਲ਼ੇ ਉੱਛਲੇ ਨੇ ਤੇ, ਹੜ੍ਹ ਦਰਿਆਈਂ ਆਇਆ।
ਭਾਂਡੇ ਟੀਂਡੇ ਰੁੜ੍ਹੇ ਕਿਸੇ ਦੇ, ਖਿਸਕ ਗਿਆ ਸਰਮਾਇਆ।
ਏਦੂੰ ਪਾਰੋਂ ਓਸ ਪਾਰ ਤੱਕ, ਹੋਈ ਜਿੰਦ ਅਜ਼ਾਬ।
ਮਾਰੋ ਮਾਰ ਕੀਤੀ ਹੈ ਪਾਣੀ, ਬੰਨ੍ਹ ਨਦੀਆਂ ਦੇ ਟੁੱਟੇ।
ਵੇਂਹਦੇ ਵੇਂਹਦੇ ਸਭ ਕੁਝ ਖੋਇਆ, ਹੱਥੋਂ ਪਿਆਰੇ ਛੁੱਟੇ।
ਕਾਪੀ, ਪੈਨਸਿਲ, ਬਸਤੇ ਨਾਲ਼ੇ, ਰੁੜ੍ਹਦੀ ਜਾਏ ਕਿਤਾਬ।
ਕਿਉਂ ਹੈ ਕੁਦਰਤ ਹੋਈ ਕਰੋਪੀ, ਵਰਤ ਗਿਆ ਕੀ ਭਾਣਾ।
ਰੰਗ ਅਜਬ ਕਰਤਾਰ ਦੇ ਵੇਖੋ, ਬੁੱਝ ਨਾ ਸਕੇ ਸਿਆਣਾ।
ਸਾਡੇ ਦੁਖਾਂ ਦਾ ਹੇ ਰੱਬਾ! ਦੇਵੇ ਕੌਣ ਹਿਸਾਬ!
ਬਿਪਤਾ ਦੀ ਇਸ ਘੜੀ ‘ਚ ਆਓ, ਕੋਈ ਹੀਲਾ ਕਰੀਏ।
ਭੁੱਖਿਆਂ ਨੂੰ ਰੋਟੀ ਪਹੁੰਚਾਈਏ, ਡੁੱਬਦੇ ਦੀ ਬਾਂਹ ਫੜੀਏ।
ਰਾਵੀ, ਸਤਿਲੁਜ ਫਿਰਨ ਆਫ਼ਰੇ, ਨੱਕੋ-ਨੱਕ ਚਨਾਬ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002 (9417692015)