ਕੋਟਕਪੂਰਾ, 29 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵੱਖ-ਵੱਖ ਖੇਤੀਬਾੜੀ ਕੀਤਿਆਂ ਦੌਰਾਨ ਜ਼ਖਮੀ ਹੋਏ ਜਾਂ ਆਪਣਾ ਅੰਗ ਗਵਾ ਚੁੱਕੇ ਕਿਸਾਨ-ਮਜ਼ਦੂਰਾਂ ਨੂੰ ਰਾਹਤ ਦੇਣ ਲਈ ਅੱਜ ਮਾਰਕੀਟ ਕਮੇਟੀ ਕੋਟਕਪੂਰਾ ਵਿਖੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਦੀ ਅਗਵਾਈ ਵਿੱਚ ਕਰੀਬ ਪੰਜ ਵਿਅਕਤੀਆਂ ਨੂੰ ਰਾਹਤ ਚੈੱਕ ਵੰਡੇ ਗਏ। ਚੇਅਰਮੈਨ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਕਿਸਾਨਾਂ, ਮਜ਼ਦੂਰਾਂ ਲਈ ਰਾਹਤ ਵਾਸਤੇ ਹਰ ਸੰਭਵ ਯਤਨ ਕਰ ਰਹੀ ਹੈ, ਜਦਕਿ ਕਿਸਾਨੀ ਖੇਤੀਬਾੜੀ ਲਈ ਉਹਨਾ ਜਗਾ ’ਤੇ ਨਹਿਰੀ ਪਾਣੀ ਪਹੁੰਚਾ ਦਿੱਤਾ ਗਿਆ, ਜਿੱਥੇ ਕਦੀ ਕਿਸੇ ਵੀ ਸਰਕਾਰ ਦੀ ਨਜ਼ਰ ਨਹੀਂ ਪਈ ਸੀ। ਉਹਨਾਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਕਾਰਜਸ਼ੈਲੀ ਕਿਸਾਨ ਪੱਖੀ ਦੱਸਦਿਆਂ ਕਿਹਾ ਕਿ ਉਹਨਾਂ ਕਿਸਾਨਾਂ ਨਾਲ ਜੋ ਵੀ ਵਾਅਦੇ ਕੀਤੇ, ਉਹਨਾਂ ਨੂੰ ਹਰ ਹੀਲੇ ਪੂਰਾ ਕੀਤਾ ਜਾ ਰਿਹਾ ਹੈ। ਭਾਵੇਂ ਟਿੱਬਿਆਂ, ਢਾਣੀਆਂ ਤੱਕ ਨਹਿਰੀ ਪਾਣੀ ਪਹੁੰਚਾਉਣਾ ਹੋਵੇ ਜਾਂ ਸਮੇਂ-ਸਮੇਂ ਕਿਸਾਨਾਂ ’ਤੇ ਆਈਆਂ ਕੁਦਰਤੀ ਆਫਤਾਂ ਸਮੇਂ ਵੀ ਕਿਸਾਨਾਂ ਨੂੰ ਰਾਹਤਾਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਹਰੇਕ ਵਰਗ ਦੀ ਖੁਸ਼ਹਾਲੀ ਦੇ ਯਤਨਸ਼ੀਲ ਹੈ, ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹਨ ਅਤੇ ਇਸ ਨੂੰ ਕਾਇਮ ਕਰਨ ਲਈ ਸਾਡੀ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਉਹਨਾਂ ਨੇ ਇਸ ਮੌਕੇ ਆਖਿਆ ਕਿ ਕਿਸਾਨਾਂ ਦੀ ਬਾਂਹ ਫੜਨ ਦੇ ਨਾਲ ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵੀ ਸਰਕਾਰ ਯਤਨਸ਼ੀਲ ਹੈ, ਕੋਸ਼ਿਸ਼ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਪੂਰਾ ਨਹਿਰੀ ਪਾਣੀ ਦੇਣ ਲਈ ਵਚਨਬੱਧ ਹੈ ਤਾਂ ਜੋ ਸਾਡੇ ਕਿਸਾਨਾਂ ਦੀ ਆਮਦਨ ਵੱਧ ਸਕੇ। ਉਹਨਾਂ ਦੱਸਿਆ ਕਿ ਅੱਜ ਹਲਕੇ ਦੇ ਉਹਨਾਂ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਗਈ ਹੈ, ਜਿਨਾਂ ਦੀ ਬੀਤੇ ਸਮੇਂ ਦੌਰਾਨ ਵੱਖ-ਵੱਖ ਥਾਵਾਂ ਉੱਤੇ ਖੇਤੀਬਾੜੀ ਕਰਦੇ ਹੋਏ ਹਾਦਸਿਆਂ ਕਾਰਨ ਜਖਮੀ ਹੋਏ ਸਨ ਤੇ ਉਹਨਾਂ ਦੇ ਸਰੀਰ ਦੀ ਅੰਗ ਤੱਕ ਕੱਟੇ ਗਏ ਸਨ। ਇਸ ਸਮੇਂ ਰਾਹਤ ਚੈੱਕ ਹਾਸਲ ਕਰਨ ਵਾਲਿਆਂ ਵਿੱਚ ਗੁਰਪ੍ਰੀਤ ਸਿੰਘ ਵਾਸੀ ਪਿੰਡ ਸੰਧਵਾਂ, ਬਲਜੀਤ ਸਿੰਘ ਕੋਠੇ ਰਾਮਸਰ, ਜਗਦੀਸ਼ ਸਿੰਘ ਵਾਸੀ ਪਿੰਡ ਸਿਰਸੜੀ, ਪ੍ਰਗਟ ਸਿੰਘ ਵਾਸੀ ਪਿੰਡ ਦੇਵੀਵਾਲਾ ਅਤੇ ਸੁਰਜੀਤ ਸਿੰਘ ਵਾਸੀ ਪਿੰਡ ਬੰਬੀਹਾ ਭਾਈ ਹਾਜਰ ਸਨ। ਅੰਤ ਵਿੱਚ ਚੈਕ ਪ੍ਰਾਪਤ ਕਰਨ ‘ਤੇ ਸਮੂਹ ਪੀੜਤਾਂ ਵੱਲੋਂ ਪੰਜਾਬ ਸਰਕਾਰ, ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਦਾ ਧੰਨਵਾਦ ਕੀਤਾ ਗਿਆ। ਇਸ ਉਪਰੋਕਤ ਤੋਂ ਇਲਾਵਾ ਮਾਰਕਿਟ ਕਮੇਟੀ ਦੇ ਮੈਡਮ ਰਮਨਦੀਪ ਕੌਰ ਸਮੇਤ ‘ਆਪ’ ਆਗੂ ਮਨਜੀਤ ਸ਼ਰਮਾ, ਓਮ ਪ੍ਰਕਾਸ਼ ਸ਼ਰਮਾ ਆਦਿ ਵੀ ਹਾਜ਼ਰ ਸਨ।