ਸਰਕਾਰ ਨੇ ਕਾਗਜ਼ੀ 250 ਕਰੋੜ ਤਾਂ ਖਰਚਿਆ ਪਰ ਨਾਂ ਹੋਈ ਡਰੇਨਾਂ ਦੀ ਸਫਾਈ ਅਤੇ ਨਾਂ ਕੀਤੇ ਗਏ ਬੰਨ ਮਜਬੂਤ
ਫਰੀਦਕੋਟ 1 ਸਤੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਪਿੱਛਲੇ ਕਈ ਦਿਨਾਂ ਤੋਂ ਪੰਜਾਬ ਅੰਦਰ ਹੋ ਰਹੀ ਭਾਰੀ ਬਰਸਾਤ ਅਤੇ ਬੀਬੀਐਮਬੀ ਦੀ ਗਲਤ ਮੈਨੇਜਮੈਂਟ ਕਾਰਨ ਖਤਰੇ ਦੇ ਨਿਸ਼ਾਨ ਤੱਕ ਡੈਮਾਂ ਅੰਦਰ ਪਾਣੀ ਜਮਾ ਕਰਕੇ ਭਾਰੀ ਮਾਤਰਾ ਵਿੱਚ ਛੱਡੇ ਗਏ ਪਾਣੀ ਨਾਲ ਪੰਜਾਬ ਦੇ 7 ਤੋਂ ਵੱਧ ਜ਼ਿਲਿਆਂ ਦੇ ਹਜ਼ਾਰ ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ, ਇਹਨਾ ਹੜ੍ਹਾ ਕਾਰਨ ਕਈ ਅਣਮੁੱਲੀਆਂ ਕੀਮਤੀ ਜਾਨਾ ਚਲੇ ਗਈਆਂ,ਹਜ਼ਾਰਾ ਘਰ ਪਾਣੀ ਦੀ ਲਪੇਟ ਵਿੱਚ ਆ ਗਏ ਅਤੇ ਲੱਖਾਂ ਏਕੜ ਫਸਲ ਪਾਣੀ ਵਿੱਚ ਡੁੱਬ ਕੇ ਤਬਾਹ ਹੋ ਗਈ ਹੈ, ਪੰਜਾਬ ਦੇ ਅੰਦਰ ਹੜਾਂ ਨਾਲ ਹੋਈ ਤਬਾਹੀ ਲਈ ਪੰਜਾਬ ਸਰਕਾਰ ਇਹਨਾਂ ਹਾਲਾਤਾਂ ਨੂੰ ਪੈਦਾ ਕਰਨ ਲਈ ਸਿੱਧੇ ਤੌਰ ਤੇ ਜਿੰਮੇਵਾਰ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਤੇ ਐਸ ਕੇ ਐਮ ( ਗੈਰ ਸਿਆਸੀ ) ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੀਬ ਡੇਢ ਮਹੀਨਾ ਪਹਿਲਾਂ ਵਿਧਾਨ ਸਭਾ ਵਿੱਚ ਕਰੀਬ 250 ਕਰੋੜ ਰੁਪਏ ਖਰਚ ਕੇ ਪੰਜਾਬ ਦੀਆਂ ਡਰੇਨਾਂ ਦੀ ਸਫਾਈ ਕਰਨ ਅਤੇ ਦਰਿਆਵਾਂ, ਘੱਗਰ ਆਦਿ ਦੇ ਬੰਨ ਮਜਬੂਤ ਕਰਨ ਦਾ ਦਾਅਵਾ ਕੀਤਾ ਸੀ ਪਰ ਇਹਨਾਂ ਦਾਅਵਿਆਂ ਦੀ ਫੂਕ ਉਸ ਵੇਲੇ ਸਪੱਸ਼ਟ ਤੌਰ ਤੇ ਨਿਕਲ ਗਈ ਜਦੋਂ ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਦੇ ਆਪਣੇ ਹਲਕੇ ਲਹਿਰਾ ਵਿੱਚ ਵੀ ਡਰੇਨਾਂ ਦੀ ਸਫਾਈ ਨਾਂ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ । ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਹਲਕਾ ਲਹਿਰਾ ਦੀਆਂ 2 ਡਰੇਨਾਂ ਦੀ ਸਫਾਈ ਦਾ ਠੇਕਾ ਕਰੀਬ 40 ਲੱਖ ਰੁਪਏ ਵਿੱਚ ਦਿੱਤਾ ਗਿਆ ਸੀ ਪਰ ਡਰੇਨਾਂ ਦੀ ਸਫਾਈ ਅਗਸਤ ਮਹੀਨੇ ਦੇ ਅਖੀਰ ਤੱਕ ਵੀ ਨਹੀਂ ਹੋਈ ਜਿਸ ਕਰਕੇ ਡਰੇਨਾਂ ਦਾ ਪਾਣੀ ਓਵਰ ਫਲੋ ਹੋ ਕੇ ਲੋਕਾਂ ਦੇ ਘਰਾਂ ਅਤੇ ਖੇਤਾਂ ਵਿੱਚ ਜਾ ਵੜਿਆ ਤੇ ਸੈਂਕੜੇ ਏਕੜ ਫਸਲ ਡੁੱਬ ਗਈ। ਉਹਨਾਂ ਕਿਹਾ ਕਿ ਜਦੋਂ ਡਰੇਨਾਂ ਦੀ ਸਫਾਈ ਨਾਂ ਹੋਣ ਦੀ ਸੱਚਾਈ ਨੂੰ ਸਾਡੀ ਜਥੇਬੰਦੀ ਦੇ ਪ੍ਰੈਸ ਸਕੱਤਰ ਜਤਿੰਦਰ ਸਿੰਘ ਜਲੂਰ ਨੇ ਆਪਣੇ ਸੋਸ਼ਲ ਮੀਡੀਆ ਉੱਪਰ ਉਜਾਗਰ ਕਰਨਾ ਸ਼ੁਰੂ ਕੀਤਾ ਤਾਂ ਡਰੇਨਜ ਵਿਭਾਗ ਦੀ ਸਬ ਡਿਵੀਜ਼ਨ ਲਹਿਰਾ ਦੇ ਐਸਡੀਓ ਨੇ ਸਾਡੇ ਉਸ ਆਗੂ ਨੂੰ ਪਹਿਲਾਂ ਫੋਨ ਕਾਲ ਕਰਕੇ ਚਾਹ ਦਾ ਕੱਪ ਸਾਂਝਾ ਕਰਨ ਲਈ ਦਫਤਰ ਆਉਣ ਦੀ ਗੱਲ ਕੀਤੀ ਪਰ ਜਦੋਂ ਉਹ ਦਫਤਰ ਨਾਂ ਗਿਆ ਤਾਂ ਐਸਡੀਓ ਉਸ ਆਗੂ ਦੇ ਘਰ ਪਹੁੰਚ ਗਿਆ ਅਤੇ ਕਵਰੇਜ ਕਰਨ ਤੋਂ ਰੋਕਣ ਬਦਲੇ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਇੱਥੋਂ ਤੱਕ ਕਿ ਮਾਇਨਿੰਗ ਆਦਿ ਦਾ ਕੋਈ ਕੰਮ ਦਬਾਉਣ ਦੀ ਗੱਲ ਵੀ ਕੀਤੀ ਗਈ , ਪਰ ਸਾਡੇ ਉਸ ਆਗੂ ਨੇ ਇਮਾਨਦਾਰੀ ਦੀ ਮਿਸਾਲ ਦਿੰਦਿਆਂ ਉਸ ਐਸਡੀਓ ਨਾਲ ਕੋਈ ਸੌਦੇਬਾਜ਼ੀ ਕਰਨ ਦੀ ਬਜਾਏ ਉਸਦਾ ਸਟਿੰਗ ਆਪ੍ਰੇਸ਼ਨ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਜਿਸ ਤੋਂ ਬਾਅਦ ਡਰੇਨਾਂ ਦੀ ਸਫਾਈ ਨਾਂ ਕਰਵਾਉਣ ਅਤੇ ਆਪਣੇ ਵਿਭਾਗ ਦੀ ਗਲਤੀ ਨੂੰ ਲੁਕਾਉਣ ਲਈ ਜਲ ਸਰੋਤ ਵਿਭਾਗ ਦੇ ਮੁੱਖ ਸਕੱਤਰ ਵੱਲੋਂ ਐਸਡੀਓ ਨੂੰ ਮੁਅੱਤਲ ਕਰ ਦਿੱਤਾ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਕੱਲੇ ਐਸਡੀਓ ਨੂੰ ਮੁਅੱਤਲ ਕਰਨ ਨਾਲ ਇਸ ਡਰੇਨਾਂ ਦੀ ਸਫਾਈ ਦੇ ਨਾਮ ਉੱਪਰ ਹਲਕਾ ਲਹਿਰਾ ਵਿੱਚ ਹੋਏ ਲੱਖਾਂ ਰੁਪਏ ਦੇ ਭ੍ਰਿਸ਼ਟਾਚਾਰ ਅਤੇ ਪੂਰੇ ਪੰਜਾਬ ਅੰਦਰ ਹੋਏ ਇਸ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਦੀ ਜਾਂਚ ਕਰਕੇ ਜਿੰਮੇਵਾਰ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਕਿਉਂਕਿ ਸਰਕਾਰ ਦੇ ਅਧਿਕਾਰੀਆਂ ਦੇ ਕੀਤੇ ਕਥਿਤ ਭ੍ਰਿਸ਼ਟਾਚਾਰ ਦੇ ਚੱਲਦਿਆਂ ਡਰੇਨਾਂ ਦੀ ਸਫਾਈ ਅਤੇ ਬੰਨਾਂ ਦੀ ਮਜਬੂਤੀ ਨਾਂ ਹੋਣ ਕਾਰਨ ਹੀ ਪੰਜਾਬ ਅੰਦਰ ਵੱਡੇ ਪੱਧਰ ਉੱਪਰ ਕਿਸਾਨਾਂ ਅਤੇ ਮਜ਼ਦੂਰਾਂ ਦਾ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਹਨਾਂ ਹੜ੍ਹਾਂ ਨਾਲ ਉਜੜੇ ਲੋਕਾਂ ਦੇ ਜਖਮਾਂ ਉੱਪਰ ਹੈਲੀਕਾਪਟਰ ਮਦਦ ਲਈ ਦੇਣ ਦੇ ਡਰਾਮੇ ਕਰਕੇ ਲੂਣ ਛਿੜਕਣ ਦੀ ਬਜਾਏ ਹੜ੍ਹਾਂ ਚ ਘਿਰੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਲਈ ਵੱਧ ਤੋਂ ਵੱਧ ਕਿਸ਼ਤੀਆਂ ਦਾ ਪ੍ਰਬੰਧ ਕਰੇ ਅਤੇ ਹੜ੍ਹਾਂ ਨਾਲ ਹੋਏ ਹਰ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਭਰਪਾਈ ਲਈ ਫੌਰੀ ਤੌਰ ਤੇ ਮੁਆਵਜ਼ਾ ਪੀੜਤ ਲੋਕਾਂ ਨੂੰ ਦੇਵੇ। ਇਸ ਮੌਕੇ ਉਹਨਾਂ ਨਾਲ: ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ, ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ , ਸੂਬਾ ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ, ਰਣ ਸਿੰਘ ਚੱਠਾ ਜ਼ਿਲ੍ਹਾ ਜਨਰਲ ਸਕੱਤਰ ਸੰਗਰੂਰ , ਕਰਮਜੀਤ ਸਿੰਘ ਨੰਗਲੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਤਰਸੇਮ ਸਿੰਘ ਗੋਬਿੰਦਪੁਰਾ ਜ਼ਿਲ੍ਹਾ ਆਗੂ ਮਾਨਸਾ, ਜਗਦੀਪ ਸਿੰਘ ਜ਼ਿਲ੍ਹਾ ਆਗੂ ਪਟਿਆਲਾ, ਜਤਿੰਦਰ ਸਿੰਘ ਜਲੂਰ ਪ੍ਰੈਸ ਸਕੱਤਰ ਬਲਾਕ ਲਹਿਰਾ, ਰਾਮਫਲ ਸਿੰਘ ਜਲੂਰ ਜਨਰਲ ਸਕੱਤਰ ਬਲਾਕ ਲਹਿਰਾ ਆਦਿ ਕਿਸਾਨ ਆਗੂ ਹਾਜ਼ਰ ਸਨ।