ਨੌਜਵਾਨ ਵਿਗਿਆਨਿਕ ਢੰਗ ਨਾਲ ਬੱਕਰੀ ਪਾਲਣ ਦਾ ਕਿੱਤਾ ਅਪਣਾਉਣ : ਡਾ. ਨਵਜੋਤ ਸਿੰਘ ਬਰਾੜ
ਕੋਟਕਪੂਰਾ, 1 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਸ਼ਹਿਰ ਦੇ ਬਾਹਰ-ਵਾਰ ਡਾ. ਨਵਜੋਤ ਸਿੰਘ ਬਰਾੜ ਨੇ ਅੰਬਰ ਵੈਲੀ ਬੱਕਰੀ ਫਾਰਮ ਸਫਲਤਾ ਨਾਲ ਸ਼ੁਰੂ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਕਿੱਤਾ ਸਿਰਫ ਅਨਪੜ੍ਹ ਤੇ ਗਰੀਬ ਲੋਕਾਂ ਦਾ ਹੀ ਕਿੱਤਾ ਨਹੀਂ ਸਗੋਂ ਪੜ੍ਹੇ ਲਿਖੇ ਨੌਜਵਾਨ ਵੀ ਜੇਕਰ ਵਿਗਿਆਨਿਕ ਢੰਗ ਨਾਲ ਬੱਕਰੀ ਪਾਲਣ ਦਾ ਕਿੱਤਾ ਅਪਣਾਉਣ ਤਾਂ ਉਹਨਾਂ ਨੂੰ ਬਾਹਰਲੇ ਦੇਸ਼ਾਂ ‘ਚ ਜਾਣ ਦੀ ਜਾਂ ਨੌਕਰੀਆਂ ਪਿੱਛੇ ਭੱਜਣ ਦੀ ਜਰੂਰਤ ਨਹੀਂ। ਉਹ ਆਪਣੇ ਘਰ ਵਿੱਚ ਰਹਿ ਕੇ ਵੀ ਬੱਕਰੀ ਫਾਰਮ ਤੋਂ ਵਧੀਆ ਮੁਨਾਫਾ ਕਮਾ ਸਕਦੇ ਹਨ। ਡਾ. ਨਵਜੋਤ ਬਰਾੜ ਪੰਜਾਬ ਦੇ ਪਹਿਲੇ ਬੱਕਰੀ ਪਾਲਕ ਹਨ, ਜਿੰਨ੍ਹਾਂ ਨੇ ਨੈਸ਼ਨਲ ਲਾਈਵਸਟਾਕ ਮਿਸ਼ਨ ਤਹਿਤ ਸਭ ਤੋਂ ਪਹਿਲਾਂ 50% ਸਬਸਿਡੀ ਪ੍ਰਾਪਤ ਕੀਤੀ ਅਤੇ ਬੱਕਰੀ ਫਾਰਮ ਸ਼ੁਰੂ ਕੀਤਾ। ਉਹ ਬੱਕਰੀ ਪਾਲਣ ਦੇ ਇੱਛੁਕ ਨੌਜਵਾਨਾਂ ਲਈ ਚਾਨਣ ਮੁਨਾਰਾ ਹਨ। ਉਹਨਾਂ ਮੁਤਾਬਿਕ ਕੇਂਦਰ ਸਰਕਾਰ ਦੀ ਇਸ ਯੋਜਨਾ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ। ਉਹਨਾਂ ਅਨੁਸਾਰ ਪਹਿਲਾਂ ਕਿਸੇ ਸਰਕਾਰੀ ਸੰਸਥਾ ਤੋਂ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਜਾਵੇ। ਫਿਰ 10 ਕੁ ਜਾਨਵਰਾਂ ਤੋਂ ਕੰਮ ਸ਼ੁਰੂ ਕਰਕੇ ਤਕਰੀਬਨ ਇੱਕ ਸਾਲ ਦਾ ਤਜਰਬਾ ਲੈ ਕੇ ਫਿਰ ਤੁਸੀਂ ਨੈਸ਼ਨਲ ਲਾਈਵਸਟਾਕ ਮਿਸ਼ਨ ਅਧੀਨ 50% ਸਬਸਿਡੀ ਨਾਲ ਫਾਰਮ ਸ਼ੁਰੂ ਕਰ ਸਕਦੇ ਹੋ।