ਪਿਛਲੇ 1 ਸਾਲ ਦੌਰਾਨ 85 ਲੱਖ ਕੀਮਤ ਦੇ ਗੁੰਮ ਹੋਏ ਕੁੱਲ 365 ਮੋਬਾਇਲ ਫੋਨ ਕਰਵਾਏ ਰਿਕਵਰ

ਕੋਟਕਪੂਰਾ, 1 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਮੋਬਾਇਲ ਫੋਨ ਇੱਕ ਸਾਧਾਰਣ ਡਿਵਾਈਸ ਨਹੀਂ, ਸਗੋਂ ਇੱਕ ਪੂਰੀ ਦੁਨੀਆਂ ਬਣ ਚੁੱਕਾ ਹੈ। ਇਹ ਸਿਰਫ਼ ਕਾਲ ਕਰਨ ਜਾਂ ਸੁਨੇਹੇ ਭੇਜਣ ਦਾ ਸਾਧਨ ਨਹੀਂ ਰਿਹਾ, ਸਗੋਂ ਮੋਬਾਈਲ ਵਿੱਚ ਹੀ ਹੁਣ ਸਾਡੀ ਜ਼ਿੰਦਗੀ ਦੀ ਕਲਮ ਲਿਖੀ ਜਾਂਦੀ ਹੈ। ਅਸੀਂ ਆਪਣੇ ਬੱਚਿਆਂ ਦੀ ਪਹਿਲੀ ਤਸਵੀਰ, ਮਾਂ ਦੇ ਆਖਰੀ ਸੰਦੇਸ਼, ਪੜਾਈ ਦੇ ਨੋਟਸ, ਨੌਕਰੀ ਦੇ ਡੌਕੂਮੈਂਟ, ਅਤੇ ਨਿੱਜੀ ਜਾਣਕਾਰੀ ਸਾਰਾ ਕੁਝ ਇਸ ਇੱਕ ਛੋਟੀ ਜਿਹੀ ਸਕਰੀਨ ’ਚ ਸੰਭਾਲ ਕੇ ਰੱਖਦੇ ਹਾਂ। ਫੋਨ ਗੁੰਮ ਹੋਣ ਦਾ ਦੁੱਖ, ਸਿਰਫ਼ ਵਿੱਤੀ ਨਹੀਂ, ਇਕ ਅੰਦਰੂਨੀ ਖਾਲੀਪਨ ਵਰਗਾ ਹੁੰਦਾ ਹੈ, ਜਿਵੇਂ ਆਪਣਾ ਇੱਕ ਅਹੰਮ ਅੰਗ ਹੀ ਖੋ ਗਿਆ ਹੋਵੇ। ਇਹੀ ਕਾਰਨ ਹੈ ਕਿ ਜਦ ਪੁਲਿਸ ਕਿਸੇ ਗੁੰਮ ਹੋਏ ਮੋਬਾਇਲ ਨੂੰ ਲੱਭ ਕੇ ਵਾਪਸ ਕਰਦੀ ਹੈ, ਤਾਂ ਉਹ ਸਿਰਫ਼ ਮਾਲਕ ਨੂੰ ਉਹਦਾ ਸਾਮਾਨ ਨਹੀਂ, ਸਗੋਂ ਇੱਕ ਭਰੋਸਾ, ਇਕ ਸਬੰਧ, ਇੱਕ ਯਾਦ ਮੁੜ ਸੌਂਪ ਰਹੀ ਹੁੰਦੀ ਹੈ। ਇਹੀ ਅਨੁਭਵ ਉਹਨਾਂ 125 ਲੋਕਾਂ ਦਾ ਸੀ, ਜਿਨ੍ਹਾਂ ਨੂੰ ਫਰੀਦਕੋਟ ਪੁਲਿਸ ਵੱਲੋਂ ਆਪਣੇ ਗੁੰਮ ਹੋਏ ਮੋਬਾਇਲ ਫੋਨ ਮੁੜ ਮਿਲੇ। ਪੁਲਿਸ ਲਾਈਨ ਫਰੀਦਕੋਟ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਜਦ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਅਸਲ ਮਾਲਕਾ ਨੂੰ ਵਾਪਸ ਕੀਤੇ ਗਏ, ਤਾਂ ਹਰ ਚਿਹਰੇ ’ਤੇ ਖੁਸ਼ੀ, ਹਲਕਾ ਹੰਝੂ ਅਤੇ ਧੰਨਵਾਦ ਦੇ ਅਹਿਸਾਸ ਜ਼ਾਹਰ ਹੋਏ। ਇਹ ਸਮਾਗਮ ਸਿਰਫ਼ ਫੋਨਾਂ ਦੀ ਵਾਪਸੀ ਨਹੀਂ ਸੀ, ਇਹ ਲੋਕਾਂ ਦੀ ਡਿਜੀਟਲ ਜ਼ਿੰਦਗੀ ਦੀ ਮੁੜ ਸ਼ੁਰੂਆਤ ਸੀ, ਜਿਹਨਾ ਦੀ ਕੁੱਲ ਲਾਗਤ ਲਗਭਗ 30 ਲੱਖ ਰੁਪਏ ਦੇ ਕਰੀਬ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਫਰੀਦਕੋਟ ਪੁਲਿਸ ਵੱਲੋਂ ਪਿਛਲੇ 01 ਸਾਲ ਦੌਰਾਨ 85 ਲੱਖ ਕੀਮਤ ਦੇ ਗੁੰਮ ਹੋਏ ਕੁੱਲ 365 ਮੋਬਾਇਲ ਫੋਨ ਰਿਕਵਰ ਕਰਵਾਏ ਜਾ ਚੁੱਕੇ ਹਨ, ਇੰਨੀ ਵੱਡੀ ਗਿਣਤੀ ਵਿੱਚ ਗੁੰਮ ਹੋਏ ਮੋਬਾਇਲ ਫੋਨ ਵਾਪਿਸ ਹੋਣਾ ਆਪਣੇ-ਆਪ ਵਿੱਚ ਫਰੀਦਕੋਟ ਪੁਲਿਸ ਪ੍ਰਸ਼ਾਸ਼ਨ ਦੀ ਪਬਲਿਕ ਪ੍ਰਤੀ ਵਚਨਬੱਧਤਾ ਨੂੰ ਸਪੱਸਟ ਕਰਦਾ ਹੈ। ਇਸ ਦੌਰਾਨ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਨੇ ਕਿਹਾ ਕਿ ਫਰੀਦਕੋਟ ਪੁਲਿਸ ਨੇ ਇਹ ਮੋਬਾਇਲ ਤਕਨੀਕੀ ਟਰੇਕਿੰਗ ਅਤੇ ਤੇਜ ਸਰਵਿਲਾਂਸ ਰਾਹੀਂ ਟਰੇਸ ਕਰਨ ਤੋਂ ਬਾਅਦ ਵਾਪਸ ਕੀਤੇ ਹਨ। ਇਸ ਲਈ ਫਰੀਦਕੋਟ ਪੁਲਿਸ ਵਧਾਈ ਦੀ ਪਾਤਰ ਹੈ, ਜਿਹਨਾ ਵੱਲੋਂ ਬੇਮਿਸਾਲ ਕਾਰਵਾਈ ਕਰਦੇ ਹੋਏ ਗੁੰਮ ਹੋਏ ਮੋਬਾਇਲ ਫੋਨਾ ਨੂੰ ਉਹਨਾ ਦੇ ਅਸਲ ਮਾਲਕਾ ਤੱਕ ਪਹੁੰਚਾਇਆ ਗਿਆ ਹੈ। ਉਹਨਾ ਕਿਹਾ ਕਿ ਚਾਹੇ ਜਾਲਸਾਜ਼ੀ ਦੇ ਮਾਮਲੇ ਹੋਣ, ਜਾਅਲੀ ਐਪਾਂ ਰਾਹੀਂ ਪੈਸਿਆਂ ਦੀ ਲੁੱਟ, ਜਾਂ ਗੁੰਮ ਸ਼ੁਦਾ ਮੋਬਾਈਲ ਫੋਨਾਂ ਦੀ ਖੋਜ, ਫਰੀਦਕੋਟ ਪੁਲਿਸ ਨੇ ਹਰ ਕਦਮ ’ਤੇ ਲਗਨ, ਦ੍ਰਿੜਤਾ, ਅਤੇ ਸਮਰਪਣ ਨਾਲ ਜਨਤਾ ਦਾ ਭਰੋਸਾ ਕਾਇਮ ਰੱਖਿਆ ਹੈ। ਫਰੀਦਕੋਟ ਪੁਲਿਸ ਨਾ ਸਿਰਫ਼ ਅਪਰਾਧਾਂ ਨੂੰ ਰੋਕਣ ਵਿੱਚ ਸਫਲ ਰਹੀ, ਬਲਕਿ ਪੀੜਤਾਂ ਨੂੰ ਨਿਆਂ ਦਿਵਾਉਣ ਅਤੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਨ ਵਿੱਚ ਵੀ ਅਗ੍ਰਣੀ ਭੂਮਿਕਾ ਨਿਭਾ ਰਹੀ ਹੈ। ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਨੇ ਦੱਸਿਆ ਕਿ ਇਹ ਮੋਬਾਇਲ ਬਰਾਮਦਗੀ ਮੁਹਿੰਮ ਫਰੀਦਕੋਟ ਜਿਲ੍ਹੇ ਅੰਦਰ ਸਥਿਤ ਥਾਣਾ ਸਾਈਬਰ ਕ੍ਰਾਈਮ, ਟੈਕਨੀਕਲ ਸੈੱਲ ਅਤੇ ਸਾਰੇ ਥਾਣਿਆਂ ਅੰਦਰ ਚਲਾਈ ਗਈ ਸੀ, ਜਿਸ ਨਾਲ ਕਿ ਐਨੀ ਵੱਡੀ ਮਾਤਰਾ ਵਿੱਚ ਮੋਬਾਇਲ ਵਾਪਿਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਉਹਨਾ ਦੱਸਿਆ ਕਿ ਇਸ ਤੋ ਪਹਿਲਾ ਵੀ ਫਰੀਦਕੋਟ ਪੁਲਿਸ ਵੱਲੋਂ ਪਿਛਲੇ 01 ਸਾਲ ਦੌਰਾਨ ਵੀ 55 ਲੱਖ ਦੀ ਲਗਭਗ ਕੀਮਤ ਦੇ 240 ਦੇ ਕਰੀਬ ਗੁੰਮ ਹੋਏ ਮੋਬਾਇਲ ਫੋਨ ਵਾਪਿਸ ਕਰਵਾਏ ਗਏ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਫਰੀਦਕੋਟ ਪੁਲਿਸ ਵੱਲੋਂ ਪਿਛਲੇ 01 ਸਾਲ ਦੌਰਾਨ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਅਲੱਗ-ਅਲੱਗ ਕੇਸਾ ਵਿੱਚ 01 ਕਰੋੜ 07 ਲੱਖ ਤੋ ਜਿਆਦਾ ਰੁਪਏ ਵਾਪਿਸ ਕਰਵਾਏ ਗਏ ਹਨ। ਇਸ ਤੋ ਇਲਾਵਾ ਹੋਰ 23 ਕੇਸਾਂ ਵਿੱਚ 06 ਲੱਖ ਰੁਪਏ ਵਾਪਸ ਕਰਵਾਉਣ ਸਬੰਧੀ ਮਾਮਲੇ ਅਦਾਲਤ ਵਿੱਚ ਚੱਲ ਰਹੇ ਹਨ। ਐਸ.ਐਸ.ਪੀ ਫਰੀਦਕੋਟ ਨੇ ਕਿਹਾ ਕਿ ਅੱਜ ਮੋਬਾਈਲ ਫੋਨ ਇਕ ਜ਼ਰੂਰਤ ਬਣ ਚੁੱਕਾ ਹੈ। ਲੋਕ ਆਪਣੇ ਨਿੱਜੀ ਡਾਟਾ, ਜਾਣਕਾਰੀ ਅਤੇ ਤਸਵੀਰਾਂ ਮੋਬਾਈਲ ਵਿਚ ਰੱਖਦੇ ਹਨ। ਮੋਬਾਇਲ ਗੁੰਮ ਹੋਣ ਨਾਲ ਵਿੱਤੀ ਨੁਕਸਾਨ ਤੋਂ ਇਲਾਵਾ, ਨਿੱਜੀ ਜਾਣਕਾਰੀ ਅਤੇ ਜਰੂਰੀ ਡਾਟਾ ਦੇ ਚੋਰੀ ਹੋਣ ਦਾ ਡਰ ਵੀ ਰਹਿੰਦਾ ਹੈ। ਉਹਨਾ ਕਿਹਾ ਕਿ “ਸਾਡਾ ਧਿਆਨ ਸਿਰਫ਼ ਵਿੱਤੀ ਬਰਾਮਦਗੀ ਉੱਤੇ ਹੀ ਨਹੀਂ, ਸਗੋਂ ਸੰਵੇਦਨਸ਼ੀਲ ਨਿੱਜੀ ਡਾਟਾ ਦੇ ਗਲਤ ਇਸਤੇਮਾਲ ਨੂੰ ਰੋਕਣ ‘ਤੇ ਵੀ ਹੈ। ਇਸ ਦੌਰਾਨ ਉਥੇ ਮੌਜੂਦ ਲਾਭਪਾਤਰੀਆਂ ਵਿੱਚੋਂ ਇੱਕ, ਨਵਨੀਤ ਕੌਰ ਨੇ ਕਿਹਾ ਕਿ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸਦਾ ਫੋਨ 15 ਦਿਨਾਂ ਵਿੱਚ ਹੀ ਟਰੇਸ ਹੋ ਜਾਵੇਗਾ। “ਮੈਂ ਆਪਣੇ ਡਾਟਾ ਅਤੇ ਇਸਦੇ ਗਲਤ ਤਰੀਕੇ ਨਾਲ ਵਰਤੇ ਜਾਣ ਨੂੰ ਲੈ ਕੇ ਚਿੰਤਿਤ ਸੀ। ਜਦੋਂ ਮੈਨੂੰ ਪੁਲਿਸ ਵੱਲੋਂ ਕਾਲ ਆਈ ਤਾਂ ਮੈਨੂੰ ਵਿਸ਼ਵਾਸ ਹੀ ਨਹੀਂ ਹੋਇਆ, ਉਸਨੇ ਕਿਹਾ। ਹਰਪ੍ਰੀਤ ਸਿੰਘ ਨੇ ਆਪਣੀ ਕਹਾਣੀ ਦੱਸਦੇ ਹੋਏ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਲਿਆ ਕੇ ਕਿਹਾ ਕਿ ‘ਉਸਦਾ ਭਰਾ, ਹਰਜੀਤ ਸਿੰਘ, ਜੋ ਕਿ ਸਪੈਸ਼ਲ ਉਲੰਪਿਕਸ-2023 ਵਿੱਚ ਗੋਲਡ ਮੈਡਲਿਸਟ ਹੈ, ਕੁਝ ਸਮਾ ਪਹਿਲਾਂ ਲੁਧਿਆਣਾ ਵਿੱਚ ਇੰਡੋਨੇਸ਼ੀਆ ਲਈ ਟਰਾਇਲ ਦੇ ਰਹਾ ਸੀ। ਪਰ ਦੁੱਖਦੀ ਗੱਲ ਇਹ ਸੀ ਕਿ ਉਸਦਾ ਮੋਬਾਈਲ ਫੋਨ ਗੁੰਮ ਹੋ ਗਿਆ ਸੀ, ਜਿਸ ਕਰਕੇ ਉਹ ਆਪਣੀ ਸਲੈਕਸ਼ਨ ਦੇ ਬਾਰੇ ਕੁਝ ਵੀ ਜਾਣ ਨਹੀਂ ਪਾਇਆ ਸੀ। ਕਈ ਦਿਨਾਂ ਤੱਕ ਉਸਦੀ ਰਾਤਾਂ ਬੇਕਰਾਰੀ ਵਿੱਚ ਕਟਦੀਆਂ ਰਹੀਆਂ, ਜਦੋਂ ਇਹ ਪਤਾ ਹੀ ਨਹੀਂ ਸੀ ਕਿ ਕੀ ਹੋਵੇਗਾ। ਇੱਕ ਦਿਨ ਜਦ ਫਰੀਦਕੋਟ ਪੁਲਿਸ ਵੱਲੋਂ ਇਹ ਖ਼ਬਰ ਆਈ ਕਿ ਉਸਦਾ ਮੋਬਾਈਲ ਫੋਨ ਵਾਪਸ ਮਿਲ ਗਿਆ ਹੈ। ਪਹਿਲਾਂ ਤਾਂ ਉਹ ਸੋਚ ਹੀ ਨਹੀਂ ਪਾਇਆ ਕਿ ਇਹ ਸੱਚ ਹੋ ਸਕਦਾ ਹੈ, ਪਰ ਜਦੋਂ ਫੋਨ ਵਾਪਸ ਮਿਲਿਆ, ਤਾਂ ਉਸਨੂੰ ਨਾ ਸਿਰਫ਼ ਆਪਣਾ ਮੋਬਾਈਲ ਮਿਲਿਆ, ਪਰ ਉਸਦੀ ਸਲੈਕਸ਼ਨ ਦੀ ਮੇਲ ਵੀ ਮਿਲ ਗਈ, ਜਿਸ ਨਾਲ ਉਸਦਾ ਮਨ ਖੁਸ਼ੀ ਨਾਲ ਭਰ ਗਿਆ। ਉਸਦਾ ਦਿਲ ਹਜ਼ਾਰਾਂ ਖੁਸ਼ੀਆਂ ਨਾਲ ਭਰ ਗਿਆ, ਜਿਵੇਂ ਉਹ ਦੇਖ ਰਿਹਾ ਸੀ ਕਿ ਜਿੰਦਗੀ ਨੇ ਉਹਨੂੰ ਦੁਬਾਰਾ ਜਿਉਂਦੇ ਹੋਏ ਸੱਚ ਮੁਚ ਜਿੱਤ ਦੀ ਰਾਹ ਦੇਖਾਈ। ਇਸੇ ਤਰ੍ਹਾ ਪਿੰਡ ਗੁਰੂ ਕੀ ਢਾਬ ਦੇ ਨਿਵਾਸੀ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਵਰਕਸ਼ਾਪ ਵਿੱਚ ਕੰਮ ਕਰਦਾ ਹੈ ਅਤੇ ਉਸਨੇ ਇਹ ਮੋਬਾਇਲ ਫੋਨ ਆਪਣੀ ਮਿਹਨਤ ਦੀ ਕਮਾਈ ਜੋੜ ਕੇ ਲਿਆ ਸੀ ਤੇ ਜਦ ਉਸਦਾ ਮੋਬਾਇਲ ਫੋਨ ਗੁੰਮ ਹੋ ਗਿਆ ਸੀ ਤਾਂ ਉਸਦੇ ਦਾ ਪੈਰਾ ਹੈਠੋ ਜਮੀਨ ਹੀ ਨਿਕਲ ਗਈ ਸੀ, ਪ੍ਰੰਤੂ ਜਦ ਉਸਨੂੰ ਫਰੀਦਕੋਟ ਪੁਲਿਸ ਵੱਲੋਂ ਮੋਬਾਇਲ ਸਬੰਧੀ ਕਾਲ ਆਈ ਤਾਂ ਉਸਦੀ ਖੁਸ਼ੀ ਤਾ ਕੋਈ ਠਿਕਾਣਾ ਹੀ ਨਹੀ ਸੀ। ਇਸ ਦੌਰਾਨ ਉੱਥੇ ਮੌਜੂਦ ਬੀ.ਐਸ.ਸੀ ਕਰ ਰਹੀ ਵਿਦਿਆਰਥਣ ਅਮਨਦੀਪ ਕੌਰ ਤਾ ਆਪਣਾ ਮੋਬਾਇਲ ਫੋਨ ਫੜ ਕੇ ਰੋ ਹੀ ਪਈ। ਉਸਨੇ ਦੱਸਿਆ ਕਿ ਇਹ ਉਸਦੇ ਪਰਿਵਾਰ ਵੱਲੋਂ ਦਿੱਤਾ ਗਿਆ ਅਹਿਮ ਤੋਹਫਾ ਸੀ, ਜਿਸ ਵਿੱਚ ਕਿ ਉਸਦੀ ਪੜਾਈ ਸਬੰਧੀ ਜਾਣਕਾਰੀ ਦੇ ਨਾਲ-ਨਾਲ ਨਿੱਜੀ ਡਾਟਾ ਵੀ ਮੌਜੂਦ ਸੀ। ਅਤੇ ਜਦ ਫਰੀਦਕੋਟ ਪੁਲਿਸ ਵੱਲੋ ਕਾਲ ਆਈ ਤਾਂ ਉਸਦੇ ਚਿਹਰੇ ਦੀ ਰੋਸ਼ਨੀ ਕਿਸੇ ਤੋਹਫੇ ਤੋ ਘੱਟ ਨਹੀ ਸੀ। ‘ਮੋਬਾਈਲ ਗਿਆ ਤਾਂ ਇੱਦਾ ਲੱਗਾ ਜਿਵੇਂ ਸਾਰਾ ਕੰਮ ਰੁਕ ਗਿਆ ਹੋਵੇ…’ ਇਹ ਸ਼ਬਦ ਹਨ ਪਿੰਡ ਕੰਮੇਆਣਾ ਦੇ ਸੁਖਮੰਦਰ ਸਿੰਘ ਦੇ, ਜੋ ਕਿ ਕੱਪੜੇ ਸਿਆਉਣ ਦਾ ਕੰਮ ਕਰਦਾ ਹੈ। ਉਹ ਦੱਸਦਾ ਹੈ ਕਿ ਇੱਕ ਮੇਲੇ ਵਿੱਚ ਭੀੜ ਦੇ ਦੌਰਾਨ ਉਸਦਾ ਮੋਬਾਇਲ ਫੋਨ ਗੁੰਮ ਹੋ ਗਿਆ। ‘ਉਸ ਵਿੱਚ ਉਸਦੇ ਗਾਹਕਾਂ ਦੇ ਨੰਬਰ, ਮਾਪ ਆਰਡਰਾਂ ਦੇ ਰਿਕਾਰਡ ਅਤੇ ਸਾਰੇ ਕੰਮਕਾਜ ਦੀ ਜਾਣਕਾਰੀ ਸੀ।’ ਮੋਬਾਇਲ ਦੇ ਬਿਨਾਂ ਕੰਮ ਕਰਨਾ ਔਖਾ ਹੋ ਗਿਆ। ਨਵੇਂ ਆਰਡਰ ਆਉਣੇ ਮੁਸ਼ਕਲ ਹੋ ਗਏ, ਪਰ ਜਦ ਫਰੀਦਕੋਟ ਸਾਈਬਰ ਥਾਣੇ ਵੱਲੋਂ ਕਾਲ ਆਈ ਕਿ ਫੋਨ ਮਿਲ ਗਿਆ ਹੈ, ਤਾਂ ਮੰਨੋ ਜਿਵੇਂ ਰੁਕਿਆ ਹੋਇਆ ਸਾਰਾ ਕੰਮਕਾਜ ਮੁੜ ਤਰੱਕੀ ਦੀ ਪਟਰੀ ’ਤੇ ਚਲ ਪਿਆ ਹੋਵੇ। ਇਸੇ ਤਰ੍ਹਾ ਉਥੇ ਮੌਜੂਦ ਕਈ ਹੋਰ ਨਾਗਰਿਕਾਂ ਨੇ ਵੀ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਪ੍ਰਗਟਾਈਆਂ ਅਤੇ ਪੁਲਿਸ ਵੱਲੋਂ ਉਨ੍ਹਾਂ ਦੀ ਸੰਪਤੀ ਅਤੇ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰਨ ਲਈ ਪ੍ਰਸ਼ੰਸਾ ਕੀਤੀ।