ਕੋਟਕਪੂਰਾ, 1 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਵੱਲੋਂ ਆਪਣੇ ਦਫਤਰ ਵਿਖੇ 2022 ਤੋਂ ਬਾਅਦ ਸਿਹਤ ਵਿਭਾਗ ਅਧੀਨ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਭਰਤੀ ਹੋਏ ਮੈਡੀਕਲ ਅਫਸਰ, ਸਟਾਫ ਨਰਸ, ਲੈਬਾਰਟਰੀ ਟੈਕਨੀਸ਼ੀਅਨ, ਅਪ੍ਰੇਸ਼ਨ ਥੀਏਟਰ ਸਹਾਇਕ, ਏ.ਐਨ.ਐਮ., ਅਪਥਾਲਮਿਕ ਅਫਸਰ, ਕਲਰਕ ਅਤੇ ਦਰਜਾ ਚਾਰ ਦੇ 83 ਸਟਾਫ ਮੈਂਬਰਾਂ ਨੂੰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਜਾਰੀ ਕੀਤੇ ਵਿਸ਼ੇਸ਼ ਪੱਤਰ ਤਕਸੀਮ ਕੀਤੇ ਗਏ। ਇਸ ਮੌਕੇ ਡਾ. ਚੰਦਰ ਸ਼ੇਖਰ ਨੇ ਇਕੱਤਰ ਹੋਏ ਸਿਹਤ ਸਟਾਫ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਅਪੀਲ ਕੀਤੀ ਕਿ ਸਿਹਤ ਵਿਭਾਗ ਅਧੀਨ ਮੁਹੱਈਆ ਸਿਹਤ ਸੇਵਾਵਾਂ ਸਹੂਲਤਾਂ ਅਤੇ ਭਲਾਈ ਸਕੀਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇ। ਸਿਹਤ ਵਿਭਾਗ ਵਿੱਚ ਇਹ ਸਿਰਫ ਨੌਕਰੀ ਹੀ ਨਹੀਂ ਨੌਕਰੀ ਦੇ ਨਾਲ-ਨਾਲ ਸਮਾਜ ਭਲਾਈ ਕਾਰਜਾਂ ਲਈ ਮਿਲਿਆ ਇੱਕ ਹੋਰ ਵੱਡਾ ਮੌਕਾ ਹੈ। ਉਨ੍ਹਾਂ ਮਨੁੱਖਤਾ ਦੀ ਸੇਵਾ ਲਈ ਸਾਰੇ ਸਿਹਤ ਸਟਾਫ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਿਹਤ ਸਟਾਫ ਮੈਂਬਰ ਨੂੰ ਕਿਸੇ ਵੀ ਕਿਸਮ ਦੀ ਨੌਕਰੀ ਦੌਰਾਨ ਸਮੱਸਿਆ ਜਾਂ ਪ੍ਰੇਸ਼ਾਨੀ ਸਾਹਮਣੇ ਆਉਂਦੀ ਹੈ ਤਾਂ ਉਹ ਬੇਝਿਜਕ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਿਵੇਕ ਰਾਜੌਰਾ, ਸੁਪਰਡੈਂਟ ਪੁਰਸ਼ੋਤਮ ਦਾਸ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ ਅਤੇ ਹੋਰ ਅਧਿਕਾਰੀ ਕਰਮਚਾਰੀ ਹਾਜਰ ਸਨ।