ਮੋਹਾਲੀ, 1 ਸਤੰਬਰ, ( ਅੰਜੂ ਅਮਨਦੀਪ ਗਰੋਵਰ/ ਭਗਤ ਰਾਮ ਰੰਗਾੜਾ/ਵਰਲਡ ਪੰਜਾਬੀ ਟਾਈਮਜ਼)
ਕਵੀ ਮੰਚ (ਰਜਿ:) ਮੋਹਾਲੀ ਵੱਲੋਂ ਇੱਥੋਂ ਦੇ ਫੇਜ਼-6 (ਸੈਕਟਰ-56) ਦੇ ਆਰੀਆ ਸਮਾਜ ਮੰਦਿਰ ਵਿੱਚ ਮਾਸਿਕ ਸਾਹਿਤਕ ਇਕੱਤਰਤਾ ਕੀਤੀ ਗਈ ਜਿਸ ਦੀ ਪ੍ਰਧਾਨਗੀ ਭਗਤ ਰਾਮ ਰੰਗਾੜਾ, ਪ੍ਰਧਾਨ ਮੰਚ ਨੇ ਕੀਤੀ ਜਦੋਂ ਕਿ ਰਣਜੋਧ ਸਿੰਘ ਰਾਣਾ ਅਤੇ ਵਿਮਲਾ ਗੁਗਲਾਨੀ ਐਵਾਰਡੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਸ਼ੁਰੂ ਵਿੱਚ ਉਸਤਾਦ ਗ਼ਜ਼ਲਗੋ ਸਿਰੀ ਰਾਮ ਅਰਸ਼, ਕਲਾਕਾਰ ਜਸਵਿੰਦਰ ਭੱਲਾ, ਉੱਘੇ ਕਵੀ ਮਲਕੀਤ ਨਾਗਰਾ ਦੀ ਮਾਤਾ ਪਾਲ ਕੌਰ ਨਾਗਰਾ ਅਤੇ ਪੰਜਾਬ ਤੇ ਇਸਦੇ ਨਾਲ ਦੇ ਸੂਬਿਆਂ ਵਿੱਚ ਆਏ ਹੜ੍ਹ ਕਾਰਨ ਹੋਈਆਂ ਮੌਤਾਂ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ ਅਤੇ 2 ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਗੀਤਕਾਰ ਧਿਆਨ ਸਿੰਘ ਕਾਹਲੋਂ ਨੇ ਅਰਸ਼ ਜੀ ਦੀ ਯਾਦ ਵਿੱਚ ਗੀਤ ਸੁਣਾ ਕੇ ਉਨ੍ਹਾਂ ਨੂੰ ਯਾਦ ਕੀਤਾ। ਬਹਾਦਰ ਸਿੰਘ ਗੋਸਲ ਨੇ ਸ਼ਹੀਦ ਊਧਮ ਸਿੰਘ ਤੇ ਕਵਿਤਾ ਪੇਸ਼ ਕੀਤੀ ਜਦ ਕਿ ਮੰਗਲ ਗਿੱਲ ਸਾਹਿਬਚੰਦੀਆ ਨੇ ਗੀਤ ਪੇਸ਼ ਕੀਤਾ ਜਿਸ ਦੇ ਬੋਲ ਸਨ ‘ਜਿੰਦੇ ਸੋਹਣੀਏ ਸੁਨੱਖੀਏ’। ਦਲਬੀਰ ਸਿੰਘ ਸਰੋਆ ਨੇ ਗ਼ਜ਼ਲ ਪੇਸ਼ ਕੀਤੀ, ਜਦ ਕਿ ਅੰਸ਼ੂਕਰ ਮਹੇਸ਼ ਨੇ ‘ਮਾਂ ਦੇ ਦਾਜ ਇੱਕੋ ਇੱਕ ਨਿਸ਼ਾਨੀ ਜਿੰਦਾਬਾਦ ਹੈ’ ਪੇਸ਼ ਕੀਤੀ। ਪ੍ਰੋ. ਅਮਰਜੀਤ ਅਰਪਣ ਨੇ ਸਾਹਿਤ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਖੂਬਸੂਰਤ ਕਵਿਤਾ ‘ਹਯਾਤੀ ਦੇ ਪੈਂਡੇ ਚੱਲਦਿਆਂ ਮੁੜ-ਮੁੜ ਤੱਕੀਦਾ’ ਪੇਸ਼ ਕੀਤੀ ਜਦੋਂ ਕਿ ਪਰਤਾਪ ਪਾਰਸ ਨੇ ‘ਵਾਅਦੇ ਕਿਹੜੇ ਕੰਮ ਦੇ ਤੇ ਲਾਰੇ ਕਿਹੜੇ ਕੰਮ ਦੇ’ ਗੀਤ ਪੇਸ਼ ਕੀਤਾ। ਵਿਮਲਾ ਗੁਗਲਾਨੀ ਨੇ ਦੇਸ਼ ਦੀ ਮਹਿਮਾ ਤੇ ਅਤੇ ਰਣਜੋਧ ਰਾਣਾ ਨੇ ਆਪਣੀ ਰਚਨਾ ‘ਮੈਂ ਚੁੱਪ ਰਹਾਂ ਤਾਂਹੀ ਠੀਕ ਹੈ’ ਪੇਸ਼ ਕੀਤੀ। ਖੁਸ਼ੀ ਰਾਮ ਨਿਮਾਣਾ, ਜਗਤਾਰ ਸਿੰਘ ਜੋਗ ਨੇ ਸੁਰੀਲੀ ਆਵਾਜ਼ ਵਿੱਚ ਆਪਣੇ ਗੀਤ ਗਾ ਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਐਸ.ਕੇ. ਅਰੋੜਾ, ਦਰਸ਼ਨ ਸਿੰਘ ਕਾਕਾ, ਬਲਵਿੰਦਰ ਸਿੰਘ ਢਿੱਲੋਂ, ਚਰਨਜੀਤ ਸਿੰਘ ਕਲੇਰ, ਪਾਲ ਅਜਨਬੀ ਹੁਰਾਂ ਨੇ ਆਪਣੀਆ-ਆਪਣੀਆਂ ਰਚਨਾਵਾਂ ਸੁਣਾ ਕੇ ਤਾੜੀਆਂ ਬਟੋਰੀਆਂ। ਭਗਤ ਰਾਮ ਰੰਗਾੜਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਆਪਣੀ ਕਵਿਤਾ ਸੁਣਾਈ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਜਗਪਾਲ ਸਿੰਘ ਆਈ.ਏ.ਐਫ. (ਰਿਟਾ.) ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਟੇਜ਼ ਦਾ ਸੰਚਾਲਨ ਧਿਆਨ ਸਿੰਘ ਕਾਹਲੋਂ ਵੱਲੋਂ ਬਾਖੂਬੀ ਨਿਭਾਇਆ ਗਿਆ।