ਕੋਟਕਪੂਰਾ, 1 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੀਨੀਅਰ ਐੱਸ.ਸੀ. ਲੈਕਚਰਾਰਾਂ ਦੀ ਜ਼ਰੂਰੀ ਤੇ ਅਹਿਮ ਮੀਟਿੰਗ ਸਥਾਨਕ ਮਿਊਸਪਲ ਪਾਰਕ ਵਿਖੇ ਹੋਈ, ਜਿਸ ਵਿੱਚ ਮੌਜੂਦਾ ਲੈਕਚਰਾਰਾਂ ਅਤੇ ਰਿਟਾਇਰਡ ਲੈਕਚਰਾਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਲੈਕ. ਅਮਰ ਸਿੰਘ ਸੈਪਲਾਂ ਨੇ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮਾਸਟਰ ਕੇਡਰ ਅਤੇ ਲੈਕਚਰਾਰ ਕੇਡਰ ਦੀਆਂ ਗਲਤ ਸੀਨੀਅਰਤਾ ਸੂਚੀਆਂ ਰੱਦ ਕਰਕੇ ਨਵੇਂ ਸਿਰੇ ਤੋਂ 1978 ਦੇ ਸੇਵਾ ਨਿਯਾਂਮਾਂ ਅਨੁਸਾਰ ਬਣਾਉਣ ਦਾ ਫੈਸਲਾ ਦਿੱਤਾ ਗਿਆ ਸੀ। ਸਿੱਖਿਆ ਵਿਭਾਗ ਵੱਲੋਂ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਾਸਟਰ ਕੇਡਰ ਅਤੇ ਲੈਕਚਰਾਰ ਕੇਡਰ ਦੀ ਸੀਨੀਅਰਤਾ ਸੂਚੀ ਨੂੰ ਸੋਧਿਆ ਗਿਆ, 21-08-2025 ਨੂੰ ਜਾਰੀ ਕੀਤੀ ਲੈਕਚਰਾਰ ਕਾਡਰ ਦੀ ਪ੍ਰੋਵੀਜਨਲ ਸੀਨੀਆਰਤਾ ਸੂਚੀ ਨੂੰ ਘੋਖਣ ਉਪਰੰਤ ਪਤਾ ਲੱਗਿਆ ਕਿ ਪਿੱਛਲੇ ਸਾਲਾਂ ਵਿੱਚ ਮਾਸਟਰ ਕੇਡਰ ਦੀ ਗਲਤ ਸੀਨੀਅਰਤਾ ਦੇ ਅਧਾਰ ਤੇ ਪ੍ਰੋਮੋਟ ਕੀਤੇ ਲੈਕਚਰਾਰਾਂ ਵਿੱਚੋਂ ਕੁੱਝ ਲੈਕਚਰਾਰਾਂ ਨੂੰ ਬਣਦੇ ਸਮੇਂ ਤੋਂ ਪਹਿਲਾ ਤਰੱਕੀ ਦਿੱਤੀ ਗਈ ਹੈ। ਅਜਿਹੇ ਲੈਕਚਰਾਰ ਵਿਭਾਗ ਦੁਆਰਾ ਕੀਤੇ ਰਿਵਿਊ ਦੌਰਾਨ ਰਿਵਰਸ਼ਨ ਜ਼ੋਨ ਵਿੱਚ ਚਲੇ ਗਏ ਹਨ। ਬਹੁਤ ਸਾਰੇ ਅਜਿਹੇ ਲੈਕਚਰਾਰ ਵੀ ਹਨ, ਜਿੰਨਾ ਨੂੰ ਪਹਿਲਾਂ ਤਰੱਕੀ ਦਿੱਤੀ ਜਾਣੀ ਬਣਦੀ ਹੈ। ਇਸ ਲਈ ਵਿਭਾਗ ਨੂੰ ਚਾਹੀਦਾ ਹੈ ਕਿ ਰਿਵਰਸ਼ਨ ਜ਼ੋਨ ਵਾਲੇ ਪ੍ਰੋਮੋਟਡ ਲੈਕਚਰਾਰ ਨੂੰ ਰੀਵਰਟ ਕਰਕੇ 20-25 ਸਾਲ ਤੋਂ ਤਰੱਕੀਆਂ ਤੋਂ ਵਾਂਝੇ 1993, 1994, 1997 ਤੇ 2000 ਵਾਲੇ ਯੋਗ ਕਰਮਚਾਰੀਆਂ ਨੂੰ ਤਰੱਕੀਆਂ ਦੇ ਕੇ ਬਣਦਾ ਇਨਸਾਫ਼ ਦੇਵੇ ਪਰ ਕੁਝ ਪੱਖਪਾਤੀ ਮਾਨਸਿਕਤਾ ਵਾਲੇ ਤੇ ਪੂਰੀ ਜਾਣਕਾਰੀ ਨਾ ਰੱਖਣ ਵਾਲੇ ਲੋਕ ਇਸ ਸਹੀ ਬਣੀ ਸੀਨੀਅਰਤਾ ਸੂਚੀ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਕਰਨ ਵਾਲੇ ਲੋਕ 25 ਤੋਂ 30 ਸਾਲ ਦੀ ਬਤੌਰ ਲੈਕਚਰਾਰ ਸੇਵਾ ਕਰਨ ਵਾਲੇ ਸੀਨੀਅਰ ਲੈਕਚਰਾਰਾਂ ਨੂੰ ਪ੍ਰਿੰਸੀਪਲ ਦੀ ਤਰੱਕੀ ਤੋਂ ਵਾਂਝਾ ਕਰਨ ਦੀ ਕੋਝੀ ਚਾਲ ਚੱਲ ਰਹੇ ਹਨ। ਇਸ ਲਈ ਅਸੀਂ ਕੋਰਟ ਦੇ ਆਦੇਸ਼ਾਂ ਅਤੇ ਵਿਭਾਗੀ ਨਿਯਮਾਂ ਅਨੁਸਾਰ ਸਹੀ ਬਣੀ ਸੀਨੀਆਰਤਾ ਸੂਚੀ ਦਾ ਤਰਕਹੀਨ ਵਿਰੋਧ ਕਰਨ ਵਾਲੇ ਸਾਥੀਆਂ ਨੂੰ ਅਪੀਲ ਕਰਦੇ ਹਾਂ ਕਿ ਵਿਰੋਧ ਕਰਨ ਤੋਂ ਪਹਿਲਾਂ ਵਿਭਾਗੀ ਨਿਯਮਾਂ ਤੇ ਮਾਨਯੋਗ ਅਦਾਲਤੀ ਫੈਸਲਿਆਂ ਨੂੰ ਚੰਗੀ ਤਰ੍ਹਾਂ ਘੋਖ ਲੈਣ। ਅਸੀਂ ਸਾਰੇ ਸੀਨੀਅਰ ਲੈਕਚਰਾਰ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਤੋਂ ਮੰਗ ਕਰਦੇ ਹਾਂ ਕਿ ਪ੍ਰਾਪਤ ਸਹੀ ਤੇ ਯੋਗ ਇਤਰਾਜਾਂ ਨੂੰ ਦੂਰ ਕਰਨ ਉਪਰੰਤ ਜਲਦੀ ਲੈਕਚਰਾਰ ਕਾਡਰ ਦੀ ਸੀਨੀਅਰਤਾ ਸੂਚੀ ਨੂੰ ਅੰਤਿਮ ਰੂਪ ਦਿੱਤਾ ਜਾਵੇ। ਅਸੀਂ ਆਸ ਕਰਦੇ ਹਾਂ ਇਸ ਸਹੀ ਬਣੀ ਸੀਨੀਅਰਤਾ ਸੂਚੀ ਅਨੁਸਾਰ ਜ਼ਲਦੀ ਤਰੱਕੀਆਂ ਕਰ ਕੇ ਸਾਨੂੰ ਇਨਸਾਫ਼ ਦਿੱਤਾ ਜਾਵੇਗਾ। ਇਸ ਮੌਕੇ ਹਰਜੀਤ ਸਿੰਘ, ਰਾਜ ਕੁਮਾਰ ਟੋਨੀ, ਪਰਮਿੰਦਰ ਸਿੰਘ, ਰਜਿੰਦਰ ਸਿੰਘ, ਗੁਰਟੇਕ ਸਿੰਘ ਜਿਲਾ ਪ੍ਰਧਾਨ, ਤਰਸੇਮ ਸਿੰਘ ਜਨਰਲ ਸਕੱਤਰ, ਪਾਵਨ ਕੁਮਾਰ, ਬੇਅੰਤ ਸਿੰਘ, ਹਰਭਜਨ ਸਿੰਘ, ਰਵੀ ਕੁਮਾਰ ਜੈਤੋ, ਸੁਖਦੇਵ ਸਿੰਘ ਬਲਾਕ ਪ੍ਰਧਾਨ, ਗੁਰਮੀਤ ਸਿੰਘ ਲੈਕਚਰਰ, ਕੁਲਵਿੰਦਰ ਸਿੰਘ, ਜਗਜੀਵਨ ਸਿੰਘ ਆਦਿ ਵੀ ਹਾਜਰ ਸਨ।