ਕੋਟਕਪੂਰਾ, 2 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਕੁਲਤਾਰ ਸਿੰਘ ਸੰਧਵਾਂ ਜੀ ਦੀਆਂ ਹਦਾਇਤਾਂ ‘ਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਫਿਰੋਜ਼ਪੁਰ ਲਈ ਹੜ ਪੀੜਤਾਂ ਲਈ ਮੱਦਦ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਅੱਜ ਫਿਰ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਦੀ ਅਗਵਾਈ ਹੇਠ ਆੜਤੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਫਿਰੋਜ਼ਪੁਰ ਹੜ ਪੀੜਤ ਪਸ਼ੂਆਂ ਲਈ ਇੱਕ ਤੂੜੀ ਵਾਲਾ ਟਰਾਲਾ ਰਵਾਨਾ ਕੀਤਾ ਗਿਆ। ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਭਾਰੀਂ ਮੀਂਹ ਅਤੇ ਹਿਮਾਚਲ ਵਿੱਚ ਬੱਦਲਾਂ ਦੇ ਫੱਟਣ ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਜਿਆਦਾ ਵਧਣ ਕਾਰਨ ਫਿਰੋਜ਼ਪੁਰ ਦੇ ਸਤਲੁਜ ਲਾਗਲੇ ਪਿੰਡਾਂ ਵਿੱਚ ਆਏ ਹੜ੍ਹਾਂ ਕਾਰਨ ਕੁਝ ਦਿਨ ਪਹਿਲਾਂ ਵੀ ਸੁੱਕੇ ਰਾਸ਼ਨ, ਸਬਜ਼ੀਆਂ ਅਤੇ ਪਸ਼ੂਆਂ ਲਈ ਚਾਰੇ ਦੀ ਮਦਦ ਭੇਜੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿੱਚ ਸਾਨੂੰ ਸਭ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਿਲ ਦੀ ਘੜੀ ਵਿੱਚ ਆਪਸੀ ਭਾਈਚਾਰਾ ਦਿਖਾਉਂਦੇ ਹੋਏ ਵੱਧ ਤੋਂ ਵੱਧ ਮਦਦ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਅੱਗੇ ਹੋ ਕੇ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਅਮਨਦੀਪ ਸਿੰਘ ਬਾਬਾ, ਸੈਕਟਰੀ ਯੁਗਵੀਰ ਕੁਮਾਰ, ਸੀਨੀਅਰ “ਆਪ” ਆਗੂ ਮਨਜੀਤ ਸ਼ਰਮਾ, ਮੇਹਰ ਸਿੰਘ ਚੰਨੀ, ਆੜਤੀਆ ਰਾਜੀਵ ਕੁਮਾਰ, ਮਨਜਿੰਦਰ ਸਿੰਘ ਪੱਪੂ ਆਦਿ ਵੀ ਹਾਜ਼ਰ ਸਨ।